ਸਿਟੀ ਬਿਊਟੀਫੁੱਲ ਨੂੰ ਮੰਗਤੇ ਮੁਕਤ ਕਰਨ ਦੀ ਮੁਹਿੰਮ ਬੇਸਿੱਟਾ
ਆਤਿਸ਼ ਗੁਪਤਾ
ਚੰਡੀਗੜ੍ਹ, 6 ਨਵੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਮੰਗਤੇ ਮੁਕਤ ਕਰਨ ਲਈ ਚਲਾਈ ਮੁਹਿੰਮ ਅੱਜ ਖ਼ਤਮ ਹੋ ਗਈ ਹੈ, ਪਰ ਇਹ ਮੁਹਿੰਮ ਕਾਰਗਰ ਸਾਬਤ ਨਹੀਂ ਹੋਈ ਹੈ। ਪ੍ਰਸ਼ਾਸਨ ਦੇ ਮੁਹਿੰਮ ਨੂੰ ਸਮਾਪਤ ਕਰਨ ਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ ’ਤੇ ਮੁੜ ਤੋਂ ਮੰਗਤੇ ਪਰਤ ਆਏ ਹਨ। ਇਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਹਾਲੇ ਵੀ ਰਾਹਗੀਰਾਂ ਤੋਂ ਭੀਖ ਮੰਗੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦੇ ਸੈਕਟਰ-35 ਲਾਈਟ ਪੁਆਇੰਟ, ਪੀਜੀਆਈ ਦੇ ਨਜ਼ਦੀਕ ਲਾਈਟ ਪੁਆਇੰਟ ਸਣੇ ਮੱਧ ਮਾਰਗ ’ਤੇ ਵੱਖ-ਵੱਖ ਚੌਕਾਂ ’ਤੇ ਮੰਗਤੇ ਭੀਖ ਮੰਗਦੇ ਦਿਖਾਈ ਦਿੱਤੇ। ਇਸ ਤੋਂ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੀਆਂ ਮੁੱਖ ਸੜਕਾਂ ’ਤੇ ਵੀ ਮੰਗਤੇ ਭੀਖ ਮੰਗ ਰਹੇ ਸਨ ਜਾਂ ਕੁਝ ਵਸਤੂਆਂ ਵੇਚਣ ਦੇ ਨਾਮ ’ਤੇ ਲੋਕਾਂ ਤੋਂ ਭੀਖ ਮੰਗ ਰਹੇ ਸਨ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸਮਾਗਮ ਕੀਤੇ ਸਨ। ਇਸ ਦੌਰਾਨ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਾਂ ਵਿੱਚ ਮੰੰਗਤਿਆਂ ਨੂੰ ਭੀਖ ਨਾ ਦੇ ਕੇ ਸ਼ਹਿਰ ਵਿੱਚ ‘ਨੇਕੀ ਦੀ ਦੀਵਾਰ’ ’ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਤੋਂ ਮੰਗਤਿਆਂ ਨੂੰ ਹਟਾਇਆ ਜਾ ਸਕੇ। ਇਸ ਤੋਂ ਇਲਾਵਾ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਕਈ ਥਾਵਾਂ ’ਤੇ ਭੀਖ ਮੰਗਣ ਵਾਲਿਆਂ ਵਿਰੁੱਧ ਪੁਲੀਸ ਕੇਸ ਵੀ ਦਰਜ ਕੀਤੇ ਸਨ ਪਰ ਅੱਜ ‘ਭਿਖਾਰੀ ਮੁਕਤ ਸਿਟੀ’ ਮੁਹਿੰਮ ਦੀ ਸਮਾਪਤੀ ਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ ’ਤੇ ਮੁੜ ਤੋਂ ਮੰਗਤੇ ਪਹੁੰਚ ਗਏ ਹਨ। ਇਸ ਬਾਰੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ।