ਮੁੜ ਸ਼ਰੂ ਹੋਇਆ ਕੇਬਲ ਨੈੱਟਵਰਕ ਵਿਵਾਦ
ਖੇਤਰੀ ਪ੍ਰਤੀਨਧ
ਪਟਿਆਲਾ, 15 ਨਵੰਬਰ
ਪੰਜਾਬ ਭਰ ਵਿੱਚ ਫੈਲੇ ‘ਕੇਬਲ ਨੈਟਵਰਕ’ ਸਬੰਧੀ ਪਿਛਲੇ ਸਮੇਂ ਦੌਰਾਨ ਚੱਲਦਾ ਰਿਹਾ ਵਿਵਾਦ ਕੁਝ ਸਾਲ ਸ਼ਾਂਤ ਰਹਿਣ ਮਗਰੋਂ ਇੱਕ ਵਾਰ ਫੇਰ ਭਖਦਾ ਨਜ਼ਰ ਆ ਰਿਹਾ ਹੈ। ਇਸੇ ਵਿਵਾਦ ਦੌਰਾਨ ਲੜਾਈ ਝਗੜਿਆਂ ਦੇ ਹਵਾਲੇ ਨਾਲ ਇਸ ਕਾਰੋਬਾਰ ਨਾਲ ਜੁੜੇ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕਰਵਾਏ ਗਏ ਹਨ। ਹਾਲ ਹੀ ’ਚ ਹੋਏ ਦਰਜ ਹੋਏ ਇਰਾਦਾ ਕਤਲ ਦੇ ਇੱਕ ਕੇਸ ਵਿੱਚ ਅਕਾਲੀ ਦਲ ਬਾਦਲ ਵੱਲੋਂ ਹਾਲ ਹੀ ’ਚ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਥਾਪੇ ਗਏ ਅਮਿਤ ਰਾਠੀ ਸਮੇਤ ਫਾਸਟਵੇਅ ਨੈਟਵਰਕ ਦੇ ਡਾਇਰੈਕਟਰ ਵਿਕਾਸ ਪੁਰੀ ਸਮੇਤ ਕੁਝ ਹੋਰ ਅਹੁਦੇਦਾਰ ਵੀ ਸ਼ਾਮਲ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਥਾਣਾ ਸਿਵਲ ਲਾਈਨ ਵਿੱਚ ਇਹ ਕੇਸ ਗੁਰਸ਼ੇਰ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਹੈ। ਜਿਸ ਨੇ ਦੋਸ਼ ਲਾਏ ਹਨ ਕਿ ਕੁਝ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਤਰਕ ਹੈ ਕਿ ਉਹ ਕੇਬਲ ਨੈੱਟਵਰਕ ਦੇ ਕੰਮ ਤਹਿਤ ਅਪਰੇਟਰਾਂ ਨੂੰ ਇੱਕ ਨਵੀਂ ਕੰਪਨੀ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ, ਜਿਸ ਤੋਂ ਖਫ਼ਾ ਹੋ ਕੇ ਨੈੱਟਵਰਕ ਦਾ ਕਾਰੋਬਾਰ ਕਰ ਰਹੇ ਵਿਕਾਸ ਪੁਰੀ ਅਤੇ ਅਮਿਤ ਰਾਠੀ ਸਮੇਤ ਕੁਝ ਹੋਰ ਵਿਅਕਤੀਆਂ ਨੇ ਇਹ ਹਮਲਾ ਕਰਵਾਇਆ ਹੈ। ਕੁਝ ਦਿਨ ਪਹਿਲਾਂ ਵੀ ਕੇਬਲ ਨੈਟਵਰਕ ਸਬੰਧੀ ਵਿਵਾਦ/ਝਗੜੇ ਨੂੰ ਲੈ ਕੇ ਕੇਬਲ ਨੈਟਵਰਕ ਦਾ ਕੰਮ ਕਰਦੇ ਕੁਝ ਵਿਅਕਤੀਆਂ ਖਿਲਾਫ਼ ਵੀ ਇੱਕ ਪੁਲੀਸ ਕੇਸ ਦਰਜ ਹੋਇਆ ਹੈ।
ਦੂਜੇ ਪਾਸੇ ਅਕਾਲੀ ਆਗੂ ਅਮਿਤ ਰਾਠੀ ਨੇ ਇਸ ਕੇਸ ਨੂੰ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਅਕਾਲੀ ਦਲ ਦੀ ਪਟਿਆਲਾ ਇਕਾਈ ਦਾ ਪ੍ਰਧਾਨ ਬਣਿਆ ਅਜੇ ਹਫ਼ਤਾ ਹੀ ਹੋਇਆ ਹੈ, ਫਿਰ ਅਜਿਹੀ ਸੂਰਤ ’ਚ ਉਹ ਕਿਸੇ ’ਤੇ ਅਜਿਹਾ ਹਮਲਾ ਕਿਉਂ ਕਰਵਾਉਗੇ? ਵਿਕਾਸ ਪੁਰੀ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਦੇ ਕੁਝ ਵਿਅਕਤੀਆਂ ’ਤੇ ਉਨ੍ਹਾਂ ਦੀ ਅਧੀਨਗੀ ਵਾਲੇ ਕੇਬਲ ਨੈੱਟਵਰਕ ’ਤੇ ਜਬਰੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਰੰਜਿਸ਼ ਵਜੋਂ ਹੀ ਉਨ੍ਹਾਂ ’ਤੇ ਅਜਿਹੇ ਝੂਠੇ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਜੇਲ੍ਹ ਭਜਿਵਾਉਣ ਦੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਵਧੀਕੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਰੋਸ ਵਜੋਂ ਕੇਬਲ ਨੈਟਵਰਕ ਬੰਦ ਕਰ ਕੇ ਪੰਜਾਬ ਭਰ ਵਿੱਚ ਬਲੈਕਆਊਟ ਕਰ ਦਿੱਤਾ ਜਾਵੇਗਾ।