ਕੈਬਨਿਟ ਮੰਤਰੀ ਨੇ ਲੋਕਾਂ ਦੀ ਸਮੱਸਿਆਵਾਂ ਸੁਣੀਆਂ
ਰਤਨ ਸਿੰਘ ਢਿੱਲੋਂ
ਅੰਬਾਲਾ, 2 ਦਸੰਬਰ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿੱਚ ਅੰਬਾਲਾ ਛਾਉਣੀ ਵਿਧਾਨ ਸਭਾ ਹਲਕੇ ਦੇ ਸੈਂਕੜੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸ਼ਿਕਾਇਤਾਂ ’ਤੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਸਮੱਸਿਆਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਜਨਤਾ ਕੈਂਪ ਵਿੱਚ ਜ਼ਿਆਦਾਤਰ ਸ਼ਿਕਾਇਤਾਂ ਪੈਨਸ਼ਨ ਅਤੇ ਬਿਜਲੀ ਵਿਭਾਗ ਨਾਲ ਸਬੰਧਿਤ ਸਨ ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਪੈਨਸ਼ਨ ਅਧਿਕਾਰੀ ਨੂੰ ਤਾੜਨਾ ਕੀਤੀ ਤੇ ਬਜ਼ੁਰਗਾਂ ਦੀ ਪੈਨਸ਼ਨ ਤੁਰੰਤ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ। ਹਾਊਸਿੰਗ ਬੋਰਡ ਇਲਾਕੇ ਵਿੱਚ ਹੋਈ ਚੋਰੀ ਦੇ ਇੱਕ ਮਾਮਲੇ ’ਚ ਐੱਸਐੱਚਓ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਚੌਕੀ ਇੰਚਾਰਜ ਨੂੰ ਬਦਲਣ ਦੀਆਂ ਹਦਾਇਤਾਂ ਦਿੱਤੀਆਂ। ਇਕ ਸ਼ਿਕਾਇਤਕਰਤਾ ਨੇ ਟਰਾਂਸਪੋਰਟ ਮੰਤਰੀ ਨੂੰ ਦੱਸਿਆ ਕਿ ਉਸ ਦੀ ਲੜਕੀ ਮੁਲਾਣਾ ਕਾਲਜ ਵਿੱਚ ਪੜ੍ਹਦੀ ਹੈ। ਕਾਲਜ ਦੀਆਂ ਵਿਦਿਆਰਥਣਾਂ ਬੱਸਾਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਇਸ ਲਈ ਉਨ੍ਹਾਂ ਲਈ ਵੱਖਰੀ ਬੱਸ ਚਲਾਈ ਜਾਵੇ। ਇਸ ’ਤੇ ਮੰਤਰੀ ਨੇ ਮੌਕੇ ’ਤੇ ਮੌਜੂਦ ਰੋਡਵੇਜ਼ ਦੇ ਜੀਐਮ ਨੂੰ ਰੋਜ਼ਾਨਾ ਅੰਬਾਲਾ ਤੋਂ ਮੁਲਾਣਾ ਤੱਕ ਵਿਸ਼ੇਸ਼ ਗੁਲਾਬੀ ਬੱਸ ਚਲਾਉਣ ਦੀ ਹਦਾਇਤ ਕੀਤੀ ਜਿਸ ਵਿਚ ਸਿਰਫ਼ ਵਿਦਿਆਰਥਣਾਂ ਨੂੰ ਹੀ ਬੈਠਣ ਦੀ ਇਜ਼ਾਜਤ ਹੋਵੇਗੀ।