ਕੈਬਨਿਟ ਮੰਤਰੀ ਵੱਲੋਂ 14 ਕਰੋੜ ਰੁਪਏ ਦੇ ਸੜਕੀ ਪ੍ਰਾਜੈੱਕਟਾਂ ਦੀ ਸ਼ੁਰੂਆਤ
10:48 AM Oct 08, 2023 IST
ਹਤਿੰਦਰ ਮਹਿਤਾ
ਜਲੰਧਰ, 7 ਅਕਤੂਬਰ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਬਲਕਾਰ ਸਿੰਘ ਵਲੋਂ ਅੱਜ ਜਲੰਧਰ ਸ਼ਹਿਰ ਵਿਖੇ ਨਗਰ ਨਿਗਮ ਦੀ ਹੱਦ ਅੰਦਰ 14.10 ਕਰੋੜ ਰੁਪਏ ਦੀ ਲਾਗਤ ਵਾਲੇ 2 ਸੜਕੀ ਪ੍ਰਾਜੈੱਕਟਾਂ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਵਿਚ ਡਾ. ਅੰਬੇਡਕਰ ਚੌਂਕ ਤੋਂ ਲੈ ਕੇ ਟੀ.ਵੀ ਟਾਵਰ ਤੱਕ (ਜਲੰਧਰ ਨਗਰ ਨਿਗਮ ਦੇ ਅਧਿਕਾਰ ਖੇਤਰ ਤੱਕ) ਦੀ ਸੜਕ ਹੈ ਜਿਸ ਦੀ ਲੰਬਾਈ 5.5 ਕਿਲੋਮੀਟਰ ਹੈ ਤੇ ਇਸ ’ਤੇ 10.50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ 1.5 ਕਿਲੋਮੀਟਰ ਲੰਬੀ ਕੂਲ ਰੋਡ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ ਗਈ, ਜਿਸ ਉੱਪਰ 3.6 ਕਰੋੜ ਰੁਪਏ ਖਰਚ ਹੋਣਗੇ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਸ਼ੀਤਲ ਅੰਗੁਰਾਲ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਅੰਦਰ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਨ ਤੋਂ ਇਲਾਵਾ ਸ਼ਹਿਰਾਂ ਅੰਦਰ ਸਾਫ-ਸਫਾਈ, ਸੀਵਰੇਜ ਵਿਵਸਥਾ ਵਿਚ ਸੁਧਾਰ ਅਤੇ ਸੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
Advertisement
Advertisement