ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ ਚੈੱਕ ਸੌਂਪੇ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 4 ਨਵੰਬਰ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਥਾਨਕ ਵਿਧਾਨ ਸਭਾ ਹਲਕੇ ਅਧੀਨ ਆਉਂਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਸੌਂਪੇ। ਇਸ ਮੌਕੇ ਪਿੰਡ ਬਿਗੜਵਾਲ, ਭਰੂਰ, ਸ਼ੇਰੋਂ, ਚੋਵਾਸ, ਘਾਸੀਵਾਲਾ, ਜਗਤਪੁਰਾ, ਸਿੰਘਪੁਰਾ, ਸ਼ਾਹਪੁਰਾ ਸ਼ਾਹਪੁਰ ਕਲਾਂ ਆਦਿ ਦੇ ਸਰਪੰਚ ਤੇ ਪੰਚ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਇਹ ਅਪੀਲ ਕਰਦੇ ਹਨ ਕਿ ਉਹ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਕੀਤੀਆਂ ਜਾਣ ਵਾਲੀਆਂ ਗਰਾਂਟਾਂ ਦੇ ਸਦਉਪਯੋਗ ਨੂੰ ਯਕੀਨੀ ਬਣਾਉਣ। ਅਮਨ ਅਰੋੜਾ ਨੇ ਕਿਹਾ ਕਿ ਅੱਜ ਸੰਕੇਤਕ ਸ਼ੁਰੂਆਤ ਕੀਤੀ ਗਈ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਨਵੀਆਂ ਬਣੀਆਂ ਪੰਚਾਇਤਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਸਮਰਪਣ ਭਾਵਨਾ, ਇਮਾਨਦਾਰੀ ਅਤੇ ਬਾਖੂਬੀ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਸਹੁੰ ਚੁੱਕ ਸਮਾਗਮ ਹਾਲੇ ਹੋਣਾ ਹੈ ਪਰ ਵਿਕਾਸ ਕਾਰਜਾਂ ਲਈ ਗਰਾਂਟ ਦੇਣ ਦਾ ਮਕਸਦ ਇਹ ਹੈ ਕਿ ਗ੍ਰਾਮ ਪੰਚਾਇਤਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧੇਰੇ ਮਜ਼ਬੂਤ ਕੀਤਾ ਜਾਵੇ ਤਾਂ ਜੋ ਸਾਰੇ ਹੀ ਪੰਚ ਅਤੇ ਸਰਪੰਚ, ਇੱਕ ਵਧੀਆ ਟੀਮ ਵਜੋਂ ਕੰਮ ਕਰਦੇ ਹੋਏ ਪਿੰਡ ਨੂੰ ਹਰ ਪੱਖੋਂ ਸਰਵੋਤਮ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਪਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਪੰਜਾਬ ਵੀ ਹਾਜ਼ਰ ਸਨ।