ਪੰਜਾਬ ਦੇ ਚਾਰ ਅਸੰਬਲੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ 13 ਨਵੰਬਰ ਨੂੰ
ਨਵੀਂ ਦਿੱਲੀ, 15 ਅਕਤੂਬਰ
Bye Elections: ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀ ਜ਼ਿਮਨੀ ਚੋਣ 13 ਨਵੰਬਰ ਨੂੰ ਹੋਵੇਗੀ। ਇਹ ਹਲਕੇ ਹਨ: ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ।
ਇਹ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਤੀਜਿਆਂ ਦਾ ਐਲਾਨ 23 ਨਵੰਬਰ ਨੂੰ ਕੀਤਾ ਜਾਵੇਗਾ, ਜਦੋਂ ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾਵਾਂ ਚੋਣਾਂ ਅਤੇ ਹੋਰ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਐਲਾਨੇ ਜਾਣਗੇ।
ਗ਼ੌਰਤਲਬ ਹੈ ਕਿ ਪੰਜਾਬ ਵਿਚ ਇਨ੍ਹਾਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ ਅਤੇ ਚੋਣਾਂ ਲੜਨ ਦੇ ਚਾਹਵਾਨਾਂ ਤੇ ਸਿਆਸੀ ਪਾਰਟੀਆਂ ਨੇ ਇਨ੍ਹਾਂ ਹਲਕਿਆਂ ਵਿਚ ਪਹਿਲਾਂ ਹੀ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ।
ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਖ਼ਾਲੀ ਕੀਤੀ ਗਈ ਕੇਰਲ ਦੀ ਵਾਇਨਾਡ ਸੰਸਦੀ ਸੀਟ ਅਤੇ ਨਾਲ ਹੀ ਮਹਾਰਾਸ਼ਟਰ ਦੀ ਨਾਂਦੇੜ ਸੰਸਦੀ ਸੀਟ ਅਤੇ ਪੰਜਾਬ ਦੇ ਚਾਰ ਅਸੰਬਲੀ ਹਲਕਿਆਂ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕੁੱਲ 48 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ।
ਵਾਇਨਾਡ ਲੋਕ ਸਭਾ ਅਤੇ ਪੰਜਾਬ ਦੇ ਚਾਰ ਸਣੇ 47 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ 13 ਨਵੰਬਰ ਨੂੰ ਹੋਣਗੀਆਂ, ਜਦੋਂਕਿ ਨਾਂਦੇੜ (ਮਹਾਰਾਸ਼ਟਰ) ਹਲਕੇ ਦੀ ਜ਼ਿਮਨੀ ਚੋਣ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਾਲੇ ਦਿਨ 20 ਨਵੰਬਰ ਨੂੰ ਹੋਵੇਗੀ ਅਤੇ ਉੱਤਰਾਖੰਡ ਦੇ ਇਕ ਵਿਧਾਨ ਸਭਾ ਹਲਕੇ ਕੇਦਾਰਨਾਥ ਦੀ ਜ਼ਿਮਨੀ ਚੋਣ 20 ਨਵੰਬਰ ਨੂੰ ਹੋਵੇਗੀ।
ਕੁੱਲ ਮਿਲਾ ਕੇ ਦੇਸ਼ ਦੇ 15 ਸੂਬਿਆਂ ਵਿਚ ਜ਼ਿਮਨੀ ਚੋਣਾਂ ਹੋਣਗੀਆਂ, ਜਿਨ੍ਹਾਂ ਵਿਚ ਦੋ ਸੰਸਦੀ ਹਲਕੇ ਵਾਇਨਾਡ (ਕੇਰਲ) ਤੇ ਨਾਂਦੇੜ (ਮਹਾਰਾਸ਼ਟਰ) ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਪੰਜਾਬ ਦੇ ਚਾਰ ਅਸੰਬਲੀ ਹਲਕਿਆਂ ਤੋਂ ਇਲਾਵਾ ਯੂਪੀ ਦੇ ਨੌਂ, ਰਾਜਸਥਾਨ ਦੇ ਸੱਤ, ਬੰਗਾਲ ਦੇ ਛੇ, ਅਸਾਮ ਦੇ ਪੰਜ ਤੇ ਬਿਹਾਰ ਦੇ ਵੀ ਚਾਰ ਵਿਧਾਨ ਸਭਾ ਹਲਕੇ ਸ਼ਾਮਲ ਹਨ। ਕਰਨਾਟਕ ਦੇ ਤਿੰਨ; ਕੇਰਲ, ਮੱਧ ਪ੍ਰਦੇਸ਼, ਸਿੱਕਮ ਦੇ ਦੋ-ਦੋ ਅਤੇ ਛੱਤੀਸਗੜ੍ਹ, ਗੁਜਰਾਤ, ਮੇਘਾਲਿਆ ਅਤੇ ਉੱਤਰਾਖੰਡ ਦੇ ਇਕ-ਇਕ ਵਿਧਾਨ ਸਭਾ ਹਲਕੇ ਲਈ ਜ਼ਿਮਨੀ ਚੋਣ ਹੋਵੇਗੀ। -ਪੀਟੀਆਈ
Schedule for Bye Elections to 48 ACs and 2 PCs across 15 States.
Details in images👇#Elections2024 #ECI pic.twitter.com/UfStKpkuId
— Election Commission of India (@ECISVEEP) October 15, 2024