ਛਾਪੇ ਦੌਰਾਨ ਇਮਾਰਤ ਤੋਂ ਛਾਲ ਮਾਰਨ ਵਾਲੇ ਵਪਾਰੀ ਦੀ ਮੌਤ
ਮਹਿੰਦਰ ਸਿੰਘ ਰੱਤੀਆਂ/ਹਰਦੀਪ ਸਿੰਘ
ਮੋਗਾ/ ਧਰਮਕੋਟ, 2 ਨਵੰਬਰ
ਧਰਮਕੋਟ ਦੇ ਮੋਗਾ ਰੋਡ ਸਥਿਤ ਹੋਟਲ ’ਚ ਦੀਵਾਲੀ ਵਾਲੀ ਰਾਤ ਜੂਆ ਅੱਡੇ ਉੱਤੇ ਪੁਲੀਸ ਦੇ ਛਾਪੇ ਮੌਕੇ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੇ ਵਪਾਰੀ ਦੀ ਬੀਤੀ ਰਾਤ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੰਸਰਾਜ ਮੰਗਲਾ ਵਾਸੀ ਮੋਗਾ ਵਜੋਂ ਹੋਈ ਹੈ। ਉਹ ਚੌਲਾਂ ਦਾ ਵਪਾਰੀ ਸੀ। ਧਰਮਕੋਟ ਥਾਣੇ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜੂਏ ਦੇ ਕੇਸ ਵਿੱਚ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਸ ਦੇ ਇਮਾਰਤ ਦੀ ਛੱਤ ਤੋਂ ਛਾਲ ਮਾਰਨ ਦੀ ਪੁਸ਼ਟੀ ਕਰਦਿਆਂ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਠੀਕ-ਠਾਕ ਘਰ ਚਲਾ ਗਿਆ ਸੀ ਪਰ ਦੇਰ ਰਾਤ ਕਿਸੇ ਹੋਰ ਤਕਲੀਫ਼ ਮਗਰੋਂ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਇਸ ਮਾਮਲੇ ਵਿਚ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦਾ ਅਤੇ ਪੋਸਟ ਮਾਰਟਮ ਦੀ ਕਾਰਵਾਈ ਕੀਤੀ ਗਈ ਹੈ। ਪੁਲੀਸ ਨੂੰ ਧਰਮਕੋਟ ਦੇ ਮੋਗਾ ਰੋਡ ਸਥਿਤ ਹੋਟਲ ’ਚ ਸੈਂਕੜੇ ਲੋਕਾਂ ਦੇ ਜੂਆ ਖੇਡਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ’ਤੇ ਪੁਲੀਸ ਵੱਲੋਂ ਹੋਟਲ ’ਤੇ ਮਾਰੇ ਛਾਪੇ ਦੌਰਾਨ ਭਗਦੜ ਮੱਚ ਗਈ। ਪੁਲੀਸ ਤੋਂ ਬਚਣ ਲਈ ਚੌਲ ਵਪਾਰੀ ਨੇ ਇਸ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਹ ਘਰ ਆ ਗਿਆ ਤੇ ਰਾਤ ਸਮੇਂ ਤਬੀਅਤ ਵਿਗੜਨ ਮਗਰੋਂ ਇਲਾਜ ਦੌਰਾਨ ਨਿੱਜੀ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ। ਪੁਲੀਸ ਨੇ ਛਾਪੇ ਦੌਰਾਨ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ। ਕੁਝ ਲੋਕਾਂ ਨੂੰ ਪੁੱਛ-ਪੜਤਾਲ ਕਰਕੇ ਛੱਡ ਦਿੱਤਾ ਗਿਆ ਅਤੇ ਛੇ ਖ਼ਿਲਾਫ਼ ਜੂਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।