ਆਪਣੀ ਹੀ ਰਿਵਾਲਵਰ ’ਚੋਂ ਚੱਲੀ ਗੋਲੀ ਕਾਰਨ ਜ਼ਖ਼ਮੀ ਹੋਇਆ ਵਪਾਰੀ
ਪੱਤਰ ਪ੍ਰੇਰਕ
ਜਗਰਾਉਂ, 17 ਸਤੰਬਰ
ਇੱਥੋਂ ਦੇ ਇੱਕ ਕਰਿਆਨਾ ਵਪਾਰੀ ਦੇ ਰਿਵਾਲਵਰ ’ਚੋਂ ਚੱਲੀ ਗੋਲੀ ਉਸ ਦੇ ਆਪਣੇ ਹੀ ਗਿੱਟੇ ’ਚ ਲੱਗ ਗਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ’ਚ ਹਫੜਾ-ਦਫੜੀ ਮੱਚ ਗਈ। ਗੋਲੀ ਲੱਗਣ ਨਾਲ ਜ਼ਖਮੀ ਹੋਏ ਵਪਾਰੀ ਮਨੋਜ ਕੁਮਾਰ ਤੋਂ ਕੁਝ ਸਮਾਂ ਪਹਿਲਾਂ ਨਾਮੀ ਗੈਂਗਸਟਰ ਅਰਸ਼ ਡਾਲਾ ਦੇ ਨਾਮ ’ਤੇ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਮੰਗੀ ਰਕਮ ਨਾ ਦੇਣ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ।ਇਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਵਪਾਰੀ ਮਨੋਜ ਕੁਮਾਰ ਜੋ ਕਿ ‘ਸੰਤ ਰਾਮ ਵਿਜੈ ਕੁਮਾਰ’ ਨਾਮ ’ਤੇ ਨਹਿਰੂ ਮਾਰਕੀਟ ਜਗਰਾਉਂ ’ਚ ਕਰਿਆਨੇ ਦਾ ਥੋਕ ਵਪਾਰ ਕਰਦਾ ਹੈ, ਨੂੰ ਇੱਕ ਰਿਵਾਲਵਰ ਦਾ ਲਾਇਸੰਸ ਜਾਰੀ ਕੀਤਾ ਅਤੇ ਇੱਕ ਗੰਨਮੈਨ ਵੀ ਦਿੱਤਾ ਹੋਇਆ ਸੀ। ਵਾਪਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਨੋਜ ਕੁਮਾਰ ਅਤੇ ਏ.ਐਸ.ਆਈ. ਰਾਜਧੀਮ ਨੇ ਦੱਸਿਆ ਕਿ ਮਨੋਜ ਕੁਮਾਰ ਘਰੋਂ ਦੁਕਾਨ ’ਤੇ ਜਾ ਰਿਹਾ ਸੀ ਰਸਤੇ’ਚ ਉਸ ਕੋਲੋਂ ਰਿਵਾਲਵਰ ਹੇਠਾਂ ਡਿੱਗ ਗਿਆ ਅਤੇ ਉਸ ਵਿੱਚੋਂ ਗੋਲੀ ਚੱਲ ਗਈ, ਗੋਲੀ ਮਨੋਜ ਦੇ ਗਿੱਟੇ ‘ਚ ਲੱਗੀ। ਉਸ ਨੂੰ ਸਥਾਨਕ ਨਿੱਜੀ ਹਸਪਤਾਲ’ਚ ਭਰਤੀ ਕਰਵਾਇਆ ਗਿਆ। ਡਾਕਟਰ ਨੇ ਮਨੋਜ ਦੇ ਗਿੱਟੇ ’ਚੋਂ ਗੋਲੀ ਕੱਢ ਦਿੱਤੀ ਹੈ, ਹੁਣ ਉਸ ਦੀ ਹਾਲਤ ਠੀਕ ਹੈ।