ਸੜਕ ਕੰਢੇ ਜਾ ਰਹੇ ਰਾਹਗੀਰਾਂ ’ਤੇ ਬੱਸ ਚੜ੍ਹੀ, ਇਕ ਹਲਾਕ
ਸ਼ਗਨ ਕਟਾਰੀਆ
ਜੈਤੋ, 24 ਜੂਨ
ਇੱਥੇ ਬਠਿੰਡਾ ਤੋਂ ਜੈਤੋ ਆ ਰਹੀ ਨਿਊ ਦੀਪ ਬੱਸ ਕੰਪਨੀ ਦੀ ਇੱਕ ਬੱਸ ਅੱਜ ਸ਼ਾਮ ਇਥੇ ਬਾਜਾ ਚੌਕ ਲਾਗੇ ਟਰੱਕ ਯੂਨੀਅਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ‘ਚ ਸੜਕ ‘ਤੇ ਜਾ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਕੁਝ ਰਾਹਗੀਰਾਂ ਅਤੇ ਬੱਸ ਮੁਸਾਫ਼ਿਰਾਂ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ।
ਸਥਾਨਕ ਲੋਕਾਂ ਅਨੁਸਾਰ ਤੇਜ਼ ਰਫ਼ਤਾਰ ਬੱਸ ਖੱਬੇ ਹੱਥ ਸੜਕ ਤੋਂ ਉੱਤਰ ਕੇ ਫੁਟਪਾਥ ‘ਤੇ ਚਲੀ ਗਈ ਅਤੇ ਸੜਕ ਕਿਨਾਰੇ ਜਾ ਰਹੇ ਵਿਅਕਤੀਆਂ ਨੂੰ ਦਰੜਦੀ ਹੋਈ ਕੁਝ ਕੁ ਦੂਰੀ ‘ਤੇ ਬਿਜਲੀ ਟਰਾਂਸਫਾਰਮਰ ਦੇ ਖੰਭਿਆਂ ਨਾਲ ਟਕਰਾਉਣ ਬਾਅਦ ਰੁਕ ਗਈ। ਇਸ ਘਟਨਾ ‘ਚ ਬਿਜਲੀ ਦੇ ਦੋਵੇਂ ਖੰਭੇ ਟੁੱਟ ਕੇ ਬੱਸ ਉੱਪਰ ਅਤੇ ਟਰਾਂਸਫਾਰਮਰ ਜ਼ਮੀਨ ‘ਤੇ ਡਿੱਗ ਪਿਆ। ਹਾਦਸਾ ਇੰਨਾ ਖ਼ੌਫ਼ਨਾਕ ਸੀ ਕਿ ਆਸ-ਪਾਸ ਦੇ ਵਪਾਰਕ ਕੇਂਦਰਾਂ ਦੇ ਸੰਚਾਲਕ ਅਤੇ ਹੋਰ ਲੋਕ ਵੇਖ ਕੇ ਇਕਦਮ ਭਮੱਤਰ ਗਏ। ਜਾਣਕਾਰੀ ਮੁਤਾਬਿਕ ਬੱਸ ਨੰਬਰ ਪੀਬੀ 04 ਏ ਬੀ 7578 ਦੇ ਤੇਜ਼ ਰਫ਼ਤਾਰ ਹੋਣ ਕਾਰਨ ਡਰਾੲਵੀਰ ਗੱਡੀ ਦਾ ਸੰਤੁਲਨ ਨਾ ਸੰਭਾਲ ਸਕਿਆ। ਇਹ ਵੀ ਦੱਸਿਆ ਗਿਆ ਹੈ ਕਿ ਅੱਗੋਂ ਗ਼ਲਤ ਦਿਸ਼ਾ ‘ਤੇ ਆ ਰਹੇ ਟਾਟਾ ਏਸ ਵਾਹਨ ਨੂੰ ਬੱਸ ਡਰਾਈਵਰ ਵੱਲੋਂ ਬਚਾਉਣ ਦੇ ਯਤਨ ਵਜੋਂ ਬੱਸ ਹਾਦਸਾਗ੍ਰਸਤ ਹੋਈ। ਮੁੱਢਲੇ ਵੇਰਵਿਆਂ ਅਨੁਸਾਰ ਇਸ ਹਾਦਸੇ ‘ਚ ਨੇੜਲੇ ਪਿੰਡ ਦਬੜ੍ਹੀਖਾਨਾ ਦੇ ਲਛਮਣ ਸਿੰਘ (62) ਪੁੱਤਰ ਮੱਘਰ ਸਿੰਘ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿੱਚ ਬਾਲਮੀਕ ਕਲੋਨੀ ਜੈਤੋ ਦੇ ਵਸਨੀਕ ਗੁਰਮੇਜ ਸਿੰਘ ਉਰਫ ਗੇਜਾ (55) ਪੁੱਤਰ ਕਰਮ ਸਿੰਘ, ਜੈਤੋ ਦੇ ਹੀ ਮੋਨੂੰ (40) ਪੁੱਤਰ ਬਿਹਾਰੀ ਲਾਲ, ਛੱਜਘਾੜਾ ਬਸਤੀ ਜੈਤੋ ਦੇ ਰਿੰਕੂ (35) ਪੁੱਤਰ ਮਾਲ੍ਹਟਾ ਰਾਮ ਅਤੇ ਥਰਮਲ ਕਾਲੋਨੀ ਬਠਿੰਡਾ ਦੇ ਸੁਨੀਲ ਕੁਮਾਰ (35) ਪੁੱਤਰ ਭੁੱਲਰ ਸਿੰਘ ਸ਼ਾਮਿਲ ਹਨ। ਸੁਨੀਲ ਕੁਮਾਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਬੱਸ ਵਿੱਚ ਸਫ਼ਰ ਕਰ ਰਿਹਾ ਸੀ।
ਹਾਦਸੇ ਤੋਂ ਤੁਰੰਤ ਬਾਅਦ ਸਮਾਜਿਕ ਸੰਗਠਨਾਂ ਦੇ ਵਾਲੰਟੀਅਰਾਂ ਵੱਲੋਂ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਇਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਇਲਾਜ ਲਈ ਪਹੁੰਚਾਇਆ ਗਿਆ। ਜ਼ਖਮੀਆਂ ਵਿੱਚੋਂ ਗੁਰਮੇਜ ਸਿੰਘ ਅਤੇ ਮੋਨੂੰ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਦੋਵਾਂ ਨੂੰ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਸੜਕ ਹਾਦਸੇ ਵਿੱਚ ਹਲਾਕ; ਕੇਸ ਦਰਜ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸੜਕ ਹਾਦਸੇ ‘ਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ‘ਚ ਮ੍ਰਿਤਕ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਦਰਸ਼ਨ ਸਿੰਘ ਸਾਈਕਲ ‘ਤੇ ਇਕ ਸਕੂਲ ‘ਚ ਰਾਤ ਸਮੇਂ ਦੀ ਚੌਕੀਦਾਰੀ ਕਰਨ ਲਈ ਜਾ ਰਿਹਾ ਸੀ ਤਾਂ ਰਾਹ ‘ਚ ਇਕ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੇ ਪਿਤਾ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਮਗਰੋਂ ਲੋਕਾਂ ਦੀ ਸਹਾਇਤਾ ਨਾਲ ਦਰਸ਼ਨ ਸਿੰਘ ਨੂੰ ਸਿਰਸਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।