ਚੰਡੀਗੜ੍ਹ ਜਾ ਰਹੀ ਬੱਸ ਦਰੱਖਤ ਵਿੱਚ ਵੱਜੀ
ਪੱਤਰ ਪ੍ਰੇਰਕ
ਪਠਾਨਕੋਟ, 30 ਅਗਸਤ
ਪਠਾਨਕੋਟ-ਚੰਬਾ ਮੁੱਖ ਮਾਰਗ ’ਤੇ ਪਿੰਡ ਬੁੰਗਲ ਵਿੱਚ ਬੀਤੀ ਰਾਤ ਚੰਡੀਗੜ੍ਹ ਜਾ ਰਹੀ ਇੱਕ ਬੱਸ ਡਰਾਈਵਰ ਕੋਲੋਂ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਵਾਰੀਆਂ ਵਾਲ-ਵਾਲ ਬਚ ਗਈਆਂ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਡਰਾਈਵਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਚੰਬਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ। ਰਾਤ ਕਰੀਬ 12.30 ਵਜੇ ਜਦੋਂ ਬੱਸ ਬੁੰਗਲ ਅੱਡੇ ਕੋਲ ਪੁੱਜੀ ਤਾਂ ਸੜਕ ਦੇ ਦੂਜੇ ਪਾਸੇ ਆਵਾਰਾ ਪਸ਼ੂ ਬੈਠੇ ਸਨ। ਇਸ ਦੌਰਾਨ ਸਾਹਮਣਿਓਂ ਇੱਕ ਤੇਜ਼ ਰਫ਼ਤਾਰ ਵਾਹਨ ਪਸ਼ੂਆਂ ਨੂੰ ਬਚਾਉਂਦਾ ਬੱਸ ਦੇ ਸਾਹਮਣੇ ਆ ਗਿਆ। ਤੇਜ਼ ਰਫਤਾਰ ਵਾਹਨ ਤੋਂ ਬੱਸ ਨੂੰ ਬਚਾਉਣ ਲਈ ਜਿਉਂ ਹੀ ਬੱਸ ਮੋੜੀ ਤਾਂ ਬੱਸ ਚਿੱਕੜ ਕਾਰਨ ਫਿਸਲ ਗਈ ਅਤੇ ਦਰਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਸਵਾਰੀਆਂ ਵਾਲ-ਵਾਲ ਬਚ ਗਈਆਂ। ਬਾਅਦ ਵਿੱਚ ਸਾਰੀਆਂ ਸਵਾਰੀਆਂ ਨੂੰ ਬੱਸ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਦੂਸਰੀ ਬੱਸ ਰਾਹੀਂ ਪਠਾਨਕੋਟ ਭੇਜਿਆ ਗਿਆ।
ਦੋ ਸੜਕ ਹਾਦਸਿਆਂ ਵਿੱਚ ਤਿੰਨ ਹਲਾਕ
ਤਾਰਨ ਤਾਰਨ (ਗੁਰਬਖਸ਼ਪੁਰੀ): ਇੱਥੇ ਬੀਤੀ ਰਾਤ ਪਏ ਮੀਂਹ ਦੌਰਾਨ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ| ਜਾਣਕਾਰੀ ਅਨੁਸਾਰ ਤਰਨ ਤਾਰਨ-ਦਿਆਲਪੁਰ ਸੜਕ ’ਤੇ ਸ਼ਾਹਬਾਜ਼ਪੁਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਸਾਹਮਣਿਓਂ ਆਉਂਦੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੂਸਰੇ ਮੋਟਰਸਾਈਕਲ ’ਤੇ ਸਵਾਰ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ| ਮ੍ਰਿਤਕਾਂ ਦੀ ਸ਼ਨਾਖਤ ਘੁਰਕਵਿੰਡ ਦੇ ਵਾਸੀ ਮਨਜੀਤ ਸਿੰਘ (45) ਅਤੇ ਸੁਖਦੇਵ ਸਿੰਘ (55) ਵਜੋਂ ਹੋਈ ਹੈ| ਜ਼ਖਮੀਆਂ ਵਿੱਚ ਸੋਨਾ ਸਿੰਘ ਪੁੱਤਰ ਸੂਬਾ ਸਿੰਘ, ਸੋਨਾ ਸਿੰਘ ਪੁੱਤਰ ਵੱਸਣ ਸਿੰਘ ਅਤੇ ਲਖਵਿੰਦਰ ਸਿੰਘ ਸ਼ਾਮਲ ਹਨ। ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਬੰਧੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਖਿਲਾਫ਼ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਭਿਖੀਵਿੰਡ ਦੀ ਬਲੇਰ ਰੋਡ ’ਤੇ ਬੀਤੀ ਸ਼ਾਮ ਇਕ ਮੋਟਰਸਾਈਕਲ ਚਾਲਕ ਨੂੰ ਪਿੱਛੋਂ ਆਈ ਇਕ ਸੈਂਟਰੋ ਕਾਰ ਨੇ ਕੁਚਲ ਦਿੱਤਾ| ਮ੍ਰਿਤਕ ਦੀ ਪਛਾਣ ਜੁਗਰਾਜ ਸਿੰਘ (19) ਪੁੱਤਰ ਗੁਰਵੇਲ ਸਿੰਘ ਵਾਸੀ ਵਾੜਾ ਤੇਲੀਆਂ ਵਜੋਂ ਹੋਈ ਹੈ| ਉਹ ਮੋਟਰਸਾਈਕਲ ’ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਨੂੰ ਪਿੱਛੋਂ ਆਉਂਦੀ ਕਾਰ ਨੇ ਫੇਟ ਮਾਰ ਦਿੱਤੀ| ਜੁਗਰਾਜ ਸਿੰਘ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਹ ਥੋੜੇ ਚਿਰ ਬਾਅਦ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ।