ਵਿਦਿਆਰਥੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਖੇਤ ਵਿੱਚ ਪਲਟੀ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 17 ਜੁਲਾਈ
ਪਿੰਡ ਮਸੀਤਾਂ ਨੇੜਲੀ ਕੱਚੀ ਲਿੰਕ ਸੜਕ ’ਤੇ ਅੱਜ ਮੈਰੀਲੈਂਡ ਸੀਨੀਅਰ ਸੈਕੰਡਰੀ ਸਕੂਲ ਪਿੰਡ ਡੱਬਵਾਲੀ ਦੀ ਬੱਸ ਬੇਕਾਬੂ ਹੋ ਕੇ ਪੰਜ ਫੁੱਟ ਡੂੰਘੇ ਖੇਤ ਵਿੱਚ ਜਾ ਡਿੱਗੀ ਤੇ ਇਸ ਬੱਸ ’ਚ ਸਵਾਰ 15 ਵਿਦਿਆਰਥੀਆਂ ਵਿੱਚੋਂ ਅਠਵੀਂ ਜਮਾਤ ਦੇ ਗੁਰਦੀਪ ਦੀ ਬਾਂਹ ਤੇ ਪ੍ਰਭਜੋਤ ਦੀ ਕੂਹਣੀ ਦੀ ਹੱਡੀ ਟੁੱਟ ਗਈ ਹੈ, ਜਦਕਿ ਹੋਰਨਾਂ ਬੱਚਿਆਂ ਨੂੰ ਵੀ ਮਾਮੂਲੀ ਸੱਟਾਂ ਆਈਆਂ ਹਨ। ਜ਼ਖ਼ਮੀ ਵਿਦਿਆਰਥੀ ਗੁਰਦੀਪ ਦੇ ਤਾਇਆ ਨਿਰਮਲ ਯਾਦਵ ਨੇ ਦੋਸ਼ ਲਾਇਆ ਕਿ ਬੱਸ ਵਿੱਚ ਹੈਲਪਰ ਵੀ ਮੌਜੂਦ ਨਹੀਂ ਸੀ। ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਸਹੀ ਢੰਗ ਨਾਲ ਬੱਸ ਨਾ ਚਲਾਉਣ ਕਰਕੇ ਉਕਤ ਡਰਾਈਵਰ ਨੂੰ ਪਹਿਲਾਂ ਵੀ ਕੰਮ ਤੋਂ ਹਟਾਇਆ ਗਿਆ ਸੀ, ਪਰ ਸਕੂਲ ਪ੍ਰਬੰਧਕਾਂ ਨੇ ਇਸ ਨੂੰ ਮੁੜ ਕੰਮ ’ਤੇ ਰੱਖ ਲਿਆ ਹੈ। ਸੂਚਨਾ ਮਿਲਣ ’ਤੇ ਸੀਨੀਅਰ ਜਜਪਾ ਆਗੂ ਸਰਬਜੀਤ ਸਿੰਘ ਮਸੀਤਾਂ ਨੇ ਹਸਪਤਾਲ ਪਹੁੰਚ ਕੇ ਬੱਚਿਆਂ ਦਾ ਹਾਲ ਪੁੱਛਿਆ। ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਗਣੇਸ਼ ਆਨੰਦ ਨੇ ਦੋਸ਼ ਲਾਇਆ ਕਿ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚਿਆ ਤਾਂ ਮਾਪਿਆਂ ਨੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਚੂਲੇ ’ਤੇ ਸੱਟ ਵੱਜੀ ਹੈ। ਸਕੂਲ ਸਕੱਤਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਸਿਰਸਾ ਰੈੱਫਰ ਕਰ ਦਿੱਤਾ ਗਿਆ। ਮਾਪਿਆਂ ਨੇ ਕੁੱਟਮਾਰ ਦੇ ਦੋਸ਼ ਨਕਾਰਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਹਸਪਤਾਲ ਚਲੇ ਗਏ ਸਨ। ਪਿੱਛੋਂ ਕੀ ਹੋਇਆ, ਇਸ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ। ਸਿਟੀ ਥਾਣਾ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਜ਼ਖ਼ਮੀ ਵਿਦਿਆਰਥੀ ਦੇ ਮਾਪੇ ਜਸਵਿੰਦਰ ਸਿੰਘ ਦੇ ਬਿਆਨ ’ਤੇ ਬੱਸ ਚਾਲਕ ਅੰਗਰੇਜ਼ ਸਿੰਘ ਖ਼ਿਲਾਫ਼ ਲਾਪ੍ਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ।