ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਖੀ ਦੀ ਝੱਲ

06:25 AM Jul 20, 2024 IST

ਸੁਰਿੰਦਰ ਸਿੰਘ ਨੇਕੀ

Advertisement

ਹੁਣ ਜਦੋਂ ਦੀ ਆਪਣੇ ਬਚਪਨ ਬਾਰੇ ਸੋਚੀਦਾ ਹੈ ਤਾਂ ਬਚਪਨ ਦਾ ਬੀਤਿਆ ਸਮਾਂ ਅੱਖਾਂ ਅੱਗੇ ਆਣ ਖਲੋਂਦਾ ਏ। ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਨੂੰ ਬੱਚਿਆਂ ਨੂੰ ਨਾਨਕੇ ਘਰ ਜਾਣ ਦਾ ਬਹੁਤ ਚਾਅ ਹੁੰਦਾ ਸੀ। ਅਸੀਂ ਕਈ ਦਿਨ ਪਹਿਲਾਂ ਹੀ ਸੋਚਣ ਲੱਗ ਪੈਂਦੇ, ਪਈ ਇਸ ਵਾਰੀ ਜਦੋਂ ਛੁੱਟੀਆਂ ਹੋਣਗੀਆਂ, ਅਸੀਂ ਨਾਨਕੇ ਘਰ ਜਾ ਕੇ ਮਜ਼ੇ ਕਰਾਂਗੇ। ਸਾਡੇ ਕਈ ਸਾਥੀ ਖ਼ੁਸ਼ੀ ਵਿੱਚ ਆ ਕੇ ਆਖਿਆ ਕਰਦੇ ਸਨ: ਨਾਨਕੇ ਘਰ ਜਾਵਾਂਗੇ, ਮੋਟੇ ਹੋ ਕੇ ਆਵਾਂਗੇ।
ਸੱਚਮੁੱਚ ਨਾਨਕੇ ਜਾਣ ਦਾ ਵੱਖਰਾ ਹੀ ਚਾਅ ਹੁੰਦਾ ਸੀ; ਉਹ ਇਸ ਕਰ ਕੇ ਕਿ ਨਾਨਕੇ ਘਰ ਆਪਣੇ ਘਰ ਵਾਂਗ ਕਿਸੇ ਦਾ ਬਹੁਤਾ ਡਰ ਨਹੀਂ ਸੀ ਹੁੰਦਾ। ਨਾਨਾ ਨਾਨੀ, ਮਾਮਾ ਮਾਮੀ ਸਾਰੇ ਪਿਆਰ ਕਰਦੇ ਤੇ ਸਾਡੀਆਂ ਨਿੱਕੀਆਂ-ਨਿੱਕੀਆਂ ਫਰਮਾਇਸ਼ਾਂ ਪੂਰੀਆਂ ਕਰਦੇ। ਮੀਂਹ ਵਰ੍ਹਦਾ ਤੇ ਅਸੀਂ ਨੰਗ-ਧੜੰਗੇ ਹੋ ਕੇ ਗਲੀਆਂ ਵਿੱਚ ਘੁੰਮਦੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਤਾਰਦੇ। ਘਰ ਦੇ ਨੇੜੇ ਟੋਭੇ ’ਤੇ ਜਾ ਕੇ ਸਾਫ ਪਾਣੀ ਵਿੱਚ ਨਹਾਉਂਦੇ, ਮੱਝਾਂ ਦੀਆਂ ਪੂਛਾਂ ਫੜ ਕੇ ਟੋਭੇ ’ਚ ਤਾਰੀਆਂ ਲਾਉਂਦੇ। ਖੂਬ ਮਜ਼ੇ ਕਰਦੇ। ਉਹ ਉਮਰ ਬੇਫਿ਼ਕਰੀ ਵਾਲੀ ਸੀ।
ਦੁਪਹਿਰ ਦੀ ਰੋਟੀ ਖਾ ਕੇ ਅਸੀਂ ਪੁਰਾਣੇ ਘਰੋਂ ਆਪੋ-ਆਪਣਾ ਛੋਟਾ ਜਿਹਾ ਮੰਜਾ ਚੁੱਕਦੇ ਤੇ ਹਵੇਲੀ ਰੁੱਖਾਂ ਹੇਠ ਦੁਪਹਿਰ ਕੱਟਣ ਚੱਲ ਪੈਂਦੇ। ਮਾਮੀਆਂ ਨਾਲ ਹੀ ਸਾਨੂੰ ਸਰ੍ਹਾਣਾ ਤੇ ਪੱਖੀ ਫੜਾ ਦਿੰਦੀਆਂ। ਉਸ ਸਮੇਂ ਅਜੇ ਤੱਕ ਪਿੰਡਾਂ ਵਿੱਚ ਬਿਜਲੀ ਨਹੀਂ ਸੀ ਆਈ। ਹਵੇਲੀ ਦੇ ਨਾਲ ਹੀ ਨਾਨਕਿਆਂ ਦਾ ਛੋਟਾ ਜਿਹਾ ਅੰਬਾਂ ਦਾ ਬਾਗ ਸੀ। ਅਸੀਂ ਆਪੋ-ਆਪਣੇ ਮੰਜੇ ’ਤੇ ਲੇਟ ਕੇ ਦੁਪਹਿਰ ਕੱਟਦੇ। ਕਦੀ-ਕਦੀ ਪੱਖੀ ਦੀ ਝੱਲ ਵੀ ਮਾਰ ਲੈਂਦੇ। ਨਾਲ ਦੀ ਨਾਲ ਗੱਲਾਂ ਵੀ ਕਰੀ ਜਾਂਦੇ। ਸਾਡੇ ਗੁਆਂਢ ਵਿੱਚੋਂ ਕੁਝ ਹੋਰ ਬੱਚੇ ਵੀ ਉੱਥੇ ਆ ਜਾਂਦੇ।
ਅੰਬਾਂ ਤੋਂ ਪੱਕੇ ਅੰਬ ਹੇਠਾਂ ਡਿੱਗਦੇ। ਅਸੀਂ ਅੰਬ ਚੁੱਕ-ਚੁੱਕ ਕੇ ਵੱਡੀ ਬਾਲਟੀ ਵਿੱਚ ਪਾਈ ਜਾਂਦੇ। ਬਾਲਟੀ ਵਿੱਚ ਠੰਢਾ ਪਾਣੀ ਪਿਆ ਹੁੰਦਾ। ਸ਼ਾਮ ਨੂੰ ਉਹ ਪੱਕੇ ਅੰਬਾਂ ਦੀ ਬਾਲਟੀ ਘਰ ਪਹੁੰਚ ਜਾਂਦੀ। ਰਾਤ ਦੀ ਰੋਟੀ ਖਾਣ ਸਮੇਂ ਅਸੀਂ ਰੋਟੀ ਦੇ ਨਾਲ ਠੰਢੇ ਤੇ ਮਿੱਠੇ ਰਸ ਨਾਲ ਭਰੇ ਅੰਬ ਚੂਪਦੇ। ਬੱਸ ਰੂਹ ਤ੍ਰਿਪਤ ਹੋ ਜਾਂਦੀ। ਕਈ ਵਾਰੀ ਮਾਮੀਆਂ ਕੱਚੇ ਅੰਬਾਂ ਦੀ ਚਟਣੀ ਰੋਟੀ ਨਾਲ ਖਾਣ ਨੂੰ ਦਿੰਦੀਆਂ। ਚਟਣੀ ਨਾਲ ਰੋਟੀ ਖਾਣ ਦਾ ਵੱਖਰਾ ਹੀ ਆਨੰਦ ਹੁੰਦਾ।
ਅੰਬਾਂ ਦੇ ਬਾਗ ਦੇ ਨਾਲ ਹੀ ਪਿੱਪਲ ਦਾ ਵੱਡਾ ਰੁੱਖ ਹੋਇਆ ਕਰਦਾ ਸੀ। ਰੁੱਖ ਹੇਠਾਂ ਲੱਕੜ ਦਾ ਵੱਡਾ ਤਖ਼ਤਪੋਸ਼ ਪਿਆ ਹੁੰਦਾ। ਉਸ ਉਪਰ ਬੈਠ ਕੇ ਪਿੰਡ ਦੇ ਬਾਬੇ ਤਾਸ਼ ਦੀ ਬਾਜ਼ੀ ਲਾਉਂਦੇ। ਮੀਂਹ ਵਾਲੇ ਦਿਨ ਅੰਬਾਂ ਦੇ ਬਾਗ ਤੇ ਕਾਲੀਆਂ ਘਟਾਵਾਂ ਆਉਂਦੀਆਂ, ਬਾਗ ਵਿੱਚ ਮੋਰ ਬੋਲਦੇ ਤੇ ਨਾਲ ਹੀ ਆਪਣੇ ਸੁੰਦਰ ਖੰਭ ਖਿਲਾਰ ਕੇ ਪੈਲ ਪਾਉਂਦੇ ਤੇ ਖੁਸ਼ੀ ਮਨਾਉਂਦੇ। ਖੇਤਾਂ ਵਿੱਚ ਲਾਲ ਰੰਗ ਦੀਆਂ ਚੀਜ਼ ਵਹੁਟੀਆਂ ਨਿੱਕਲ ਆਉਂਦੀਆਂ। ਉਨ੍ਹਾਂ ਨੂੰ ਦੇਖ ਕੇ ਅਸੀਂ ਖੁਸ਼ ਹੁੰਦੇ। ਟੋਭਿਆਂ ਵਿੱਚ ਡੱਡੂ ਬੋਲਦੇ।
ਪਿੰਡ ਦਾ ਇਹ ਦ੍ਰਿਸ਼ ਲੌਢੇ ਵੇਲੇ ਤੱਕ ਜਾਰੀ ਰਹਿੰਦਾ। ਫਿਰ ਵਿੱਚੋਂ-ਵਿੱਚੋਂ ਲੋਕ ਉੱਠ ਕੇ ਆਪਣੇ ਕੰਮਾਂ ਕਾਰਾਂ ’ਤੇ ਜਾਣ ਲੱਗਦੇ। ਕੁਝ ਕਿਸਾਨ ਪਸ਼ੂਆਂ ਨੂੰ ਪੱਠੇ ਪਾਉਣ ਦੇ ਆਹਰ ਲੱਗ ਜਾਂਦੇ। ਪਿੰਡ ਦੀਆਂ ਸੁਆਣੀਆ ਰਾਤ ਦੀ ਰੋਟੀ ਦੇ ਆਹਰ ਵਿੱਚ ਲੱਗ ਜਾਂਦੀਆਂ। ਸ਼ਾਮ ਨੂੰ ਪਿੰਡ ਦੀ ਭੱਠੀ ’ਤੇ ਦਾਣੇ ਭੁਨਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ। ਤਾਜ਼ੀ ਮੱਕੀ ਦੇ ਦਾਣੇ ਚੱਬਣ ਨੂੰ ਬੜੇ ਸੁਆਦੀ ਲੱਗਦੇ। ਛੋਲਿਆਂ ਦੇ ਦਾਣੇ ਚੱਬਣ ਦਾ ਆਪਣਾ ਹੀ ਮਜ਼ਾ ਹੁੰਦਾ। ਸਿਆਣੀਆਂ ਬੀਬੀਆਂ ਆਖਦੀਆਂ ਸਨ: ਦਾਣੇ ਚੱਬਣ ਨਾਲ ਦੰਦ ਹੋਰ ਮਜ਼ਬੂਤ ਹੋ ਜਾਂਦੇ ਹਨ। ... ਤੇ ਉਸ ਸਮੇਂ ਡੂੰਘੀ ਸ਼ਾਮ ਢਲ ਰਹੀ ਹੁੰਦੀ, ਸੂਰਜ ਲਹਿੰਦੇ ਪਾਸੇ ਛਿਪਣ ਦੀ ਤਿਆਰੀ ਕਰ ਰਿਹਾ ਹੁੰਦਾ ਜਦੋਂ ਅਸੀਂ ਆਪੋ-ਆਪਣਾ ਮੰਜਾ, ਸਰ੍ਹਾਣਾ ਤੇ ਪੱਖੀ ਚੁੱਕਦੇ ਅਤੇ ਵਾਪਸ ਘਰ ਵੱਲ ਚੱਲ ਪੈਂਦੇ।
ਸੰਪਰਕ: 98552-35424

Advertisement
Advertisement
Advertisement