For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਾਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ

06:46 AM Feb 21, 2024 IST
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਾਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 20 ਫਰਵਰੀ
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 4 ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਿਸ ਬਾਰੇ ਤਿਆਰੀ ਵਿੱਢ ਦਿੱਤੀ ਗਈ ਹੈ। ਇਹ ਸੈਸ਼ਨ ਹਫਤੇ ਦੇ ਕਰੀਬ ਚੱਲ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਸੈਸ਼ਨ ਬੁਲਾਉਣ ਨੂੰ ਅੱਜ ਹਰੀ ਝੰਡੀ ਦੇ ਦਿੱਤੀ ਹੈ। ਸੂਬਾ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਵਿੱਤੀ ਵਰ੍ਹੇ 2024-25 ਦਾ ਮੁਕੰਮਲ ਬਜਟ ਪੇਸ਼ ਕਰਨ ਦਾ ਫ਼ੈਸਲਾ ਲਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜ ਮਾਰਚ ਨੂੰ ਬਜਟ ਪੇਸ਼ ਕਰ ਸਕਦੇ ਹਨ।
ਪੰਜਾਬ ਸਰਕਾਰ ਨੇ 22 ਫਰਵਰੀ ਨੂੰ ਸਵੇਰੇ 11 ਵਜੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਹੈ ਜਿਸ ਵਿਚ ਬਜਟ ਸੈਸ਼ਨ ਬੁਲਾਏ ਜਾਣ ’ਤੇ ਮੋਹਰ ਲੱਗੇਗੀ। ਸੈਸ਼ਨ ਦੀ ਤਰੀਕ ਵੀ ਮੀਟਿੰਗ ਵਿਚ ਤੈਅ ਹੋਵੇਗੀ। ਮੀਟਿੰਗ ਵਿੱਚ ਕਿਸਾਨੀ ਸੰਘਰਸ਼ ਬਾਰੇ ਵੀ ਵਿਚਾਰ-ਚਰਚਾ ਹੋ ਸਕਦੀ ਹੈ। ਸੂਤਰਾਂ ਅਨੁਸਾਰ ਬਜਟ ਸੈਸ਼ਨ ਚਾਰ ਮਾਰਚ ਤੋਂ ਸ਼ੁਰੂ ਹੋ ਕੇ 15 ਮਾਰਚ ਤੱਕ ਚੱਲ ਸਕਦਾ ਹੈ। ਹਰਿਆਣਾ ਦਾ ਬਜਟ ਸੈਸ਼ਨ ਵੀ ਅੱਜ ਹੀ ਸ਼ੁਰੂ ਹੋਇਆ ਹੈ ਜੋ ਹਫਤਾ ਭਰ ਚੱਲੇਗਾ। ਅਗਾਮੀ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ 8 ਮਾਰਚ ਦੇ ਨੇੜੇ ਲੱਗ ਸਕਦਾ ਹੈ।
ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਬਜਟ ਸੈਸ਼ਨ ਵਿਚ ਪੰਜਾਬ ਸਰਕਾਰ ਨਵੇਂ ਐਲਾਨ ਕਰ ਸਕਦੀ ਹੈ। ਬੇਸ਼ੱਕ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਹੈ ਪਰ ਹਾਲੇ ਇਹ ਪ੍ਰਵਾਨ ਨਹੀਂ ਹੋਇਆ। ਬਜਟ ਸੈਸ਼ਨ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਐਤਕੀਂ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਰਿਸ਼ਤੇ ਵੀ ਬਿਹਤਰ ਹੋਏ ਹਨ ਜਿਸ ਕਰਕੇ ਪਿਛਲੇ ਬਜਟ ਸੈਸ਼ਨ ਤੋਂ ਅਲੱਗ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ।

Advertisement

ਬਜਟ ਸੈਸ਼ਨ ’ਤੇ ਰਹੇਗਾ ਕਿਸਾਨ ਅੰਦੋਲਨ ਦਾ ਪਰਛਾਵਾਂ

ਬਜਟ ਸੈਸ਼ਨ ਵਾਲੇ ਦਿਨਾਂ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਘਰ ਸਮਾਜਿਕ ਰੁਝੇਵਾਂ ਵੀ ਹੈ ਜਿਸ ਨੂੰ ਦੇਖਦੇ ਹੋਏ ਬਜਟ ਸੈਸ਼ਨ ਦੀਆਂ ਤਾਰੀਕਾਂ ਵਿਚ ਫੇਰ-ਬਦਲ ਵੀ ਹੋ ਸਕਦਾ ਹੈ। ਐਤਕੀਂ ਬਜਟ ਸੈਸ਼ਨ ’ਤੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਪਰਛਾਵਾਂ ਵੀ ਰਹੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਦੀ ਮੀਟਿੰਗ ਵਿਚ ਕਿਸਾਨੀ ਘੋਲ ਨੂੰ ਲੈ ਕੇ ਵੀ ਵਿਚਾਰ-ਚਰਚਾ ਹੋ ਸਕਦੀ ਹੈ। ਪੰਜਾਬ ਕੈਬਨਿਟ ਦੀ 22 ਫਰਵਰੀ ਦੀ ਮੀਟਿੰਗ ਵਿਚ ਬਜਟ ਸੈਸ਼ਨ ਬੁਲਾਏ ਜਾਣ ਦੇ ਫ਼ੈਸਲੇ ਤੋਂ ਇਲਾਵਾ ਹੋਰ ਕਈ ਏਜੰਡੇ ਲਿਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਅਗਾਮੀ ਲੋਕ ਸਭਾ ਚੋਣਾਂ ਦੀ ਨਜ਼ਰ ਤੋਂ ਕਈ ਫ਼ੈਸਲੇ ਲਏ ਜਾ ਸਕਦੇ ਹਨ।

Advertisement

Advertisement
Author Image

joginder kumar

View all posts

Advertisement