For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ ਨਗਰ ਨਿਗਮ ਦੀ ਬਜਟ ਮੀਟਿੰਗ ਗੈਰ-ਕਾਨੂੰਨੀ ਕਰਾਰ

06:33 AM Mar 08, 2024 IST
ਭਾਜਪਾ ਵੱਲੋਂ ਨਗਰ ਨਿਗਮ ਦੀ ਬਜਟ ਮੀਟਿੰਗ ਗੈਰ ਕਾਨੂੰਨੀ ਕਰਾਰ
ਕਮਿਸ਼ਨਰ ਆਨੰਦਿਤਾ ਮਿੱਤਰਾ ਨੂੰ ਸ਼ਿਕਾਇਤ ਪੱਤਰ ਸੌਂਪਦੇ ਹੋਏ ਭਾਜਪਾ ਕੌਂਸਲਰ।
Advertisement

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਵੱਲੋਂ 6-7 ਮਾਰਚ ਨੂੰ ਬੁਲਾਈ ਗਈ ਬਜਟ ਮੀਟਿੰਗ ਦੀ ਕਾਰਵਾਈ ਨੂੰ ਗੈਰ-ਕਾਨੂੰਨੀ ਅਤੇ ਪੂਰੀ ਤਰ੍ਹਾਂ ਅਰਥਹੀਣ ਅਤੇ ਬੇਕਾਰ ਕਰਾਰ ਦਿੰਦਿਆਂ ਇਸ ਦੀ ਤਿਆਰੀ ਲਈ ਖਾਣੇ, ਨਾਸ਼ਤੇ, ਵੀਡੀਓਗ੍ਰਾਫੀ ਆਦਿ ’ਤੇ ਖਰਚੇ ਗਏ ਲੱਖਾਂ ਰੁਪਏ ਦੀ ਨਿਖੇਧੀ ਕੀਤੀ। ਭਾਜਪਾ ਕੌਂਸਲਰਾਂ ਨੇ ਮੇਅਰ ਕੁਲਦੀਪ ਕੁਮਾਰ ਤੋਂ ਖਰਚੇ ਦੀ ਵਸੂਲੀ ਦੀ ਮੰਗ ਕਰਦਿਆਂ ਨਗਰ ਨਿਗਮ ਐਕਟ ਦੀ ਧਾਰਾ 416 ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਕੈਲਾਸ਼ ਚੰਦ ਜੈਨ ਨੇ ਦੱਸਿਆ ਕਿ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਮਿਤ ਜਿੰਦਲ ਅਤੇ ਹੁਕਮ ਚੰਦ ਦੀ ਅਗਵਾਈ ਹੇਠ ਸਮੂਹ ਭਾਜਪਾ ਕੌਂਸਲਰਾਂ ਦਾ ਵਫ਼ਦ ਸਕੱਤਰ ਸਰਕਾਰ, ਸਥਾਨਕ ਸਰਕਾਰਾਂ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਮਿਲਿਆ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਕਮਿਸ਼ਨਰ ਆਨੰਦਿਤਾ ਮਿਤਰਾ ਨੂੰ ਲਿਖਤੀ ਸ਼ਿਕਾਇਤ ਸੌਂਪੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੇਅਰ ਕੁਲਦੀਪ ਕੁਮਾਰ ਵੱਲੋਂ 6 ਫਰਵਰੀ ਨੂੰ ਨਿਗਮ ਹਾਊਸ ਵਿੱਚ ਬੁਲਾਈ ਗਈ ਬਜਟ ਮੀਟਿੰਗ ਗੈਰ-ਕਾਨੂੰਨੀ ਅਤੇ ਅਰਥਹੀਣ ਹੈ ਕਿਉਂਕਿ ਬਜਟ ਸਭ ਤੋਂ ਪਹਿਲਾਂ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ(ਐੱਫਐਂਡਸੀਸੀ) ਅੱਗੇ ਰੱਖਿਆ ਜਾਂਦਾ ਹੈ। ਇਸ ਲਈ ਐੱਫਐਂਡਸੀਸੀ ਦੀ ਮੀਟਿੰਗ ਵਿੱਚ ਪੇਸ਼ ਕੀਤੇ ਬਿਨਾ ਸਦਨ ਵਿੱਚ ਬਜਟ ’ਤੇ ਚਰਚਾ ਕਰਨੀ ਗੈਰ-ਕਾਨੂੰਨੀ ਅਤੇ ਪੂਰੀ ਤਰ੍ਹਾਂ ਅਰਥਹੀਣ ਹੈ। ਉਨ੍ਹਾਂ ਸ਼ਿਕਾਇਤ ਵਿੱਚ ਦੱਸਿਆ ਕਿ ਰੱਦ ਹੋਣ ਦੇ ਬਾਵਜੂਦ ਕੀਤੀ ਗਈ ਮੀਟਿੰਗ ਵਿੱਚ ਬਕਾਇਦਾ ਬਜਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤਰ੍ਹਾਂ 6 ਅਤੇ 7 ਮਾਰਚ ਦੀ ਮੀਟਿੰਗ ਗੈਰ-ਕਾਨੂੰਨੀ ਅਤੇ ਬੇਕਾਰ ਹੈ ਅਤੇ ਇਨ੍ਹਾਂ ਮੀਟਿੰਗਾਂ ਦੀ ਕਾਰਵਾਈ ਵੀ ਧਾਰਾ 405, 406, 422 ਅਤੇ 423 ਤਹਿਤ ਜ਼ੀਰੋ ਮਾਨਤਾ ਬਣਦੀ ਹੈ। ਭਾਜਪਾ ਕੌਂਸਲਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਨਿਗਮ ਸਕੱਤਰ ਵੱਲੋਂ ਅਜਿਹਾ ਕਰਨ ਤੋਂ ਇਨਕਾਰ ਕਰਨ ਦੇ ਬਾਵਜੂਦ ਇਹ ਗੈਰ-ਕਾਨੂੰਨੀ ਮੀਟਿੰਗ ਕਰਵਾਈ ਗਈ ਅਤੇ ਉਸ ਮੀਟਿੰਗ ਦੀ ਤਿਆਰੀ ਲਈ ਦੁਪਹਿਰ ਦੇ ਖਾਣੇ, ਨਾਸ਼ਤੇ, ਵੀਡੀਓਗ੍ਰਾਫੀ ਆਦਿ ’ਤੇ ਖਰਚ ਕੀਤੇ ਗਏ ਲੱਖਾਂ ਰੁਪਏ ਵੀ ਨਿਗਮ ਦੀ ਧਾਰਾ 416 ਤਹਿਤ ਮੇਅਰ ਕੁਲਦੀਪ ਕੁਮਾਰ ਤੋਂ ਵਸੂਲੇ ਜਾਣ। ਭਾਜਪਾ ਕੌਂਸਲਰਾਂ ਦਾ ਇਹ ਵੀ ਦੋਸ਼ ਹੈ ਕਿ ਮੇਅਰ ਕੁਲਦੀਪ ਕੁਮਾਰ ‘ਆਪ’ ਅਤੇ ਕਾਂਗਰਸੀ ਕੌਂਸਲਰ ਖੁਦ ਨੂੰ ਕਾਨੂੰਨ ਤੋਂ ਉਪਰ ਸਮਝਦੇ ਹਨ ਅਤੇ ਭਵਿੱਖ ਵਿੱਚ ਵੀ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਸਕਦੇ ਹਨ, ਅਜਿਹਾ ਕਰਨ ਤੋਂ ਰੋਕਣ ਦੀ ਲੋੜ ਹੈ ਅਤੇ ਇਸ ਲਈ ਇਨ੍ਹਾਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×