ਬਸਪਾ-ਇਨੈਲੋ ਗੱਠਜੋੜ ਨੇ ਖੇੜਾ ਨੂੰ ਜਗਾਧਰੀ ਤੋਂ ਉਮੀਦਵਾਰ ਬਣਾਇਆ
ਪੱਤਰ ਪ੍ਰੇਰਕ
ਯਮੁਨਾਨਗਰ, 4 ਸਤੰਬਰ
ਬਹੁਜਨ ਸਮਾਜ ਪਾਰਟੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਗੱਠਜੋੜ ਨੇ ਜਗਾਧਰੀ ਵਿਧਾਨ ਸਭਾ ਤੋਂ ਦਰਸ਼ਨ ਖੇੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਗਾਧਰੀ ਵਿਧਾਨ ਸਭਾ ’ਤੇ ਬਸਪਾ ਦੀ ਦਾਅਵੇਦਾਰੀ ਹਮੇਸ਼ਾ ਹੀ ਮਜ਼ਬੂਤ ਰਹੀ ਹੈ। ਇਸੇ ਕਾਰਨ ਪਹਿਲਾਂ ਵੀ ਇਸ ਸੀਟ ਤੋਂ ਬਸਪਾ ਦਾ ਵਿਧਾਇਕ ਅਤੇ ਮੰਤਰੀ ਵੀ ਰਹਿ ਚੁੱਕਿਆ ਹੈ। ਇਸ ਲਈ ਇਹ ਸੀਟ ਬਹੁਜਨ ਸਮਾਜ ਪਾਰਟੀ ਦੇ ਖਾਤੇ ਵਿੱਚ ਆ ਗਈ ਹੈ ਅਤੇ ਇਸ ਸੀਟ ਤੋਂ ਬਹੁਜਨ ਸਮਾਜ ਪਾਰਟੀ ਨੇ ਦਰਸ਼ਨ ਲਾਲ ਖੇੜਾ ਨੂੰ ਆਪਣਾ ਉਮੀਦਵਾਰ ਬਣਾਇਆ ਹ। ਪਾਰਟੀ ਹਾਈਕਮਾਂਡ ਦੇ ਹੁਕਮਾਂ ’ਤੇ ਬਹੁਜਨ ਸਮਾਜ ਪਾਰਟੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਬੈਨੀਵਾਲ ਨੇ ਦਰਸ਼ਨ ਖੇੜਾ ਨੂੰ ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਸਰਟੀਫਿਕੇਟ ਸੌਂਪਿਆ।
ਜ਼ਿਕਰਯੋਗ ਹੈ ਕਿ 27 ਅਗਸਤ ਨੂੰ ਬਹੁਜਨ ਸਮਾਜ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿੱਚ ਦਰਸ਼ਨ ਖੇੜਾ ਸਣੇ 4 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਦਰਸ਼ਨ ਖੇੜਾ ਨੇ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ, ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਕੇਂਦਰੀ ਇੰਚਾਰਜ ਰਣਧੀਰ ਬੈਨੀਵਾਲ, ਸੂਬਾ ਪ੍ਰਧਾਨ ਧਰਮਪਾਲ ਤਿਗਰਾ ਅਤੇ ਸੂਬਾਈ ਅਧਿਕਾਰੀਆਂ ਤੇ ਜ਼ਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਬਾ ਸਕੱਤਰ ਵਿਸ਼ਾਲ ਗੁੱਜਰ, ਜ਼ਿਲ੍ਹਾ ਪ੍ਰਧਾਨ ਰਾਹੁਲ, ਰਾਮੇਸ਼ਵਰ, ਗੰਗਾਰਾਮ ਆਦਿ ਹਾਜ਼ਰ ਸਨ।