ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਮ ਨੇਤਰਾਂ ਦਾ ਨਮਨ

07:35 AM Dec 22, 2024 IST
ਠੰਢਾ ਬੁਰਜ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੈਦ ਰਹੇ।

 

Advertisement

ਅਵਤਾਰ ਸਿੰਘ

ਹਮਲਾਵਰਾਂ ਦਾ ਵਿਰੋਧ ਸਾਡੀ ਪਰੰਪਰਾ ਹੈ। ਮੈਗਸਥਨੀਜ਼ ਦੀ ਕਿਤਾਬ ‘ਇੰਡੀਕਾ’ ਵਿੱਚ ਲਿਖਿਆ ਹੈ ਕਿ ਜਦ ਇੱਥੇ ਸਿਕੰਦਰ ਆਇਆ ਤਾਂ ਸਾਧੂਆਂ ਦੇ ਇੱਕ ਟੋਲੇ ਨੇ ਉਸ ਦਾ ਰਾਹ ਰੋਕਿਆ। ਪਤਾ ਲੱਗਿਆ ਕਿ ਇਨ੍ਹਾਂ ਸਾਧੂਆਂ ਦਾ ਗੁਰੂ ਤਕਸ਼ਿਲਾ ਦੇ ਜੰਗਲ ਵਿੱਚ ਰਹਿੰਦਾ ਹੈ। ਸਿਕੰਦਰ ਨੇ ਉਸ ਨੂੰ ਮਿਲਣ ਲਈ ਸੁਨੇਹਾ ਭੇਜਿਆ ਤੇ ਉਸ ਨੂੰ ਮੌਤ ਦੇ ਡਰਾਵੇ ਦੇ ਨਾਲ ਧਨ ਦੌਲਤ ਦਾ ਲਾਲਚ ਵੀ ਦਿੱਤਾ। ਪਰ ਉਹ ਸਾਧੂ ਨਾ ਤਾਂ ਡਰਿਆ ਤੇ ਨਾ ਹੀ ਲਾਲਚ ਵਿੱਚ ਆਇਆ। ਸਿਕੰਦਰ ਆਪ ਉਸ ਕੋਲ ਗਿਆ ਤਾਂ ਉਸ ਨੇ ਸਿਕੰਦਰ ਨੂੰ ਸਪੱਸ਼ਟ ਆਖਿਆ ਕਿ ਉਹ ਸਾਧੂ ਹੈ ਤੇ ਧਨ ਦੌਲਤ ਦੀ ਉਸ ਨੂੰ ਕੋਈ ਲੋੜ ਨਹੀਂ। ਜੋ ਕੁਝ ਵੀ ਉਸ ਨੂੰ ਚਾਹੀਦਾ ਹੈ, ਕੁਦਰਤ ਨੇ ਸਭ ਕੁਝ ਦਿੱਤਾ ਹੋਇਆ ਹੈ। ਉਹ ਉਸ ਦੀ ਜਾਨ ਲੈ ਸਕਦਾ ਹੈ, ਆਤਮਾ ਨਹੀਂ ਤੇ ਆਤਮਿਕ ਪੱਧਰ ’ਤੇ ਜਿਊਣਾ ਹੀ ਮਨੁੱਖ ਦੀ ਪਛਾਣ ਹੈ।
ਜਦੋਂ ਮੁਗ਼ਲ ਧਾੜਵੀ ਬਾਬਰ ਨੇ ਹਿੰਦੋਸਤਾਨ ’ਤੇ ਹਮਲਾ ਕੀਤਾ ਤਾਂ ਸੈਦਪੁਰ ਵਿੱਚ ਉਸ ਦੀ ਮੁਲਾਕਾਤ ਫ਼ਕੀਰ ਗੁਰੂ ਨਾਨਕ ਨਾਲ ਹੋਈ। ਪਾਤਸ਼ਾਹ ਨੇ ਉਸ ਨੂੰ ‘ਜਾਬਰ’ ਆਖਿਆ ਤੇ ਉਸ ਦੇ ਧਾੜਵੀ ਟੋਲੇ ਨੂੰ ‘ਪਾਪ ਕੀ ਜੰਞ’ ਦੱਸਿਆ। ਬਾਬਰ ਨੇ ਇਸ ਮੁਲਾਕਾਤ ਤੋਂ ਜ਼ਰੂਰ ਅੰਦਾਜ਼ਾ ਲਗਾਇਆ ਹੋਵੇਗਾ ਕਿ ਇੱਥੇ ਉਸ ਦੇ ਮਨਸੂਬਿਆਂ ਨੂੰ ਕੋਈ ਟੱਕਰ ਦੇ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਬਾਬਰੀ ਮਨਸੂਬਿਆਂ ਨੂੰ ਨਾਕਾਮ ਕਰਨ ਹਿੱਤ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਲਹਿਰ ਦਾ ਆਗਾਜ਼ ਕੀਤਾ। ਪੰਜਵੇਂ ਅਤੇ ਨੌਵੇਂ ਪਾਤਸ਼ਾਹ ਨੇ ਇਸ ਲਹਿਰ ਲਈ ਸ਼ਹਾਦਤ ਦੇ ਦਿੱਤੀ। ਦਸਵੇਂ ਪਾਤਸ਼ਾਹ ਨੇ ਇਸ ਲਹਿਰ ਲਈ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਧਰਮਯੁੱਧ ਦਾ ਐਲਾਨ ਕਰ ਦਿੱਤਾ। ਹਕੂਮਤ ਦੀ ਅੱਖ ਰੜਕੀ ਤੇ ਸ੍ਰੀ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਹੋ ਗਈ। ਹਾਲਾਤ ਦੀ ਤੰਗੀ ਨੂੰ ਦੇਖ ਕੇ ਕੁਝ ਸਿੰਘ ਬੇਦਾਵਾ ਦੇ ਗਏ ਤਾਂ ਪਾਤਸ਼ਾਹ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਦਿੱਤਾ।
ਚੜ੍ਹੀ ਹੋਈ ਸਰਸਾ ਨਦੀ ਦੇ ਕਿਨਾਰੇ ਘਮਸਾਣ ਦੀ ਜੰਗ ਹੋਈ ਤੇ ਪਰਿਵਾਰ ਵਿਛੋੜਾ ਹੋ ਗਿਆ। ਪਾਤਸ਼ਾਹ ਦੇ ਚਾਰ ਬੱਚੇ ਸਨ। ਵੱਡੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਤਾਂ ਨਾਲ ਸਨ ਪਰ ਇਸ ਹਫ਼ੜਾ-ਦਫ਼ੜੀ ਵਿੱਚ ਛੋਟੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਅਤੇ ਬਿਰਧ ਮਾਤਾ ਗੁਜਰੀ ਜੀ ਦਾ ਕੁਝ ਪਤਾ ਨਾ ਰਿਹਾ। ਪਾਤਸ਼ਾਹ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਜਾ ਪੁੱਜੇ। ਫਿਰ ਘਮਸਾਣ ਦੀ ਜੰਗ ਹੋਈ। ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਦੇ ਮੈਦਾਨ ਵਿੱਚ ਤੋਰਿਆ। ਅੱਖਾਂ ਦੇ ਸਾਹਮਣੇ ਸਿੱਖਾਂ ਸਮੇਤ ਦੋਵੇਂ ਪੁੱਤਰ ਸ਼ਹੀਦ ਹੋ ਗਏ।
ਤੜਕੇ ਦੇ ਘੁੱਪ ਹਨੇਰੇ ਵਿੱਚ ਪਾਤਸ਼ਾਹ ਚਮਕੌਰ ਦੀ ਗੜ੍ਹੀ ਵਿੱਚੋਂ ਨੰਗੇ ਪੈਰੀਂ ਨਿਕਲੇ। ਕਈ ਦਿਨਾਂ ਦੇ ਥੱਕੇ ਹੋਏ, ਭੁੱਖਣਭਾਣੇ, ਮੁਸ਼ਕਿਲਾਂ ਤੇ ਉਨੀਂਦਰਾ ਝਾਗਦੇ ਰਾਏਕੋਟ ਪੁੱਜੇ। ਆਪਣੇ ਸਿੱਖ ਰਾਏ ਕੱਲੇ ਨੂੰ ਬਜ਼ੁਰਗ ਮਾਤਾ ਤੇ ਛੋਟੇ ਲਾਲਾਂ ਦੀ ਖ਼ਬਰ ਲਿਆਉਣ ਲਈ ਆਖਿਆ ਤਾਂ ਉਸ ਨੇ ਉਸੇ ਵੇਲੇ ਆਪਣੇ ਨੌਕਰ ਨੂਰੇ ਮਾਹੀ ਨੂੰ ਭੇਜ ਦਿੱਤਾ।
ਉਹ ਹਾਲੇ ਨਿਕਲਿਆ ਹੀ ਸੀ ਕਿ ਪਾਤਸ਼ਾਹ ਬਿਹਬਲ ਹੋ ਗਏ ਤੇ ਵਾਰ ਵਾਰ ਕਹਿਣ ਲੱਗੇ, ‘‘ਨੂਰੇ ਮਾਹੀ ਦਾ ਪਤਾ ਕਰੋ। ਕਿਸੇ ਰੁੱਖ ’ਤੇ ਚੜ੍ਹ ਕੇ ਦੇਖੋ, ਕਿਤੇ ਨੂਰਾ ਮਾਹੀ ਆਉਂਦਾ ਹੋਵੇ।’’ ਪਾਤਸ਼ਾਹ ਦੇ ਦਿਲ ਵਿੱਚ ਬੱਚਿਆਂ ਦਾ ਪਿਆਰ, ਪਰਿਵਾਰ ਵਿਛੋੜੇ ਦਾ ਦੁੱਖ। ਨੂਰਾ ਮਾਹੀ ਮਸਾਂ ਆਇਆ। ਕਹਿਣ ਸੁਣਨ ਲਈ ਕੋਈ ਗੱਲ ਨਹੀਂ ਸੀ। ਉਤਰਿਆ ਹੋਇਆ ਚਿਹਰਾ ਤੇ ਰੋ ਰੋ ਲਾਲ ਹੋਈਆਂ ਅੱਖਾਂ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ। ਪਾਤਸ਼ਾਹ ਗੰਭੀਰ ਮੁਦਰਾ ਵਿੱਚ ਬਿਰਾਜ ਗਏ ਤੇ ਆਪਣੇ ਅਣਿਆਲੇ ਤੀਰ ਦੀ ਨੋਕ ਨਾਲ ਸਹਿਵਨ ਹੀ ਕਾਹੀ ਦੇ ਬੂਟੇ ਦੀ ਜੜ੍ਹ ਕਰੋਲਣ ਲੱਗੇ।
ਨੂਰੇ ਮਾਹੀ ਨੇ ਹਟਕੋਰੇ ਭਰਦੇ ਹੋਏ ਦੱਸਿਆ ਕਿ ਛੋਟੇ ਲਾਲ ਤੇ ਮਾਤਾ ਗੁਜਰੀ ਜੀ ਸਰਸਾ ਨਦੀ ਨਾ ਪਾਰ ਕਰ ਸਕੇ ਤਾਂ ਛਿਪ ਛਿਪਾ ਕੇ ਸਰਸਾ ਦੇ ਕਿਨਾਰੇ ਤੁਰਦੇ ਗਏ। ਅਖੀਰ ਸਰਸਾ ਨਦੀ ਸਤਿਲੁਜ ਵਿੱਚ ਜਾ ਮਿਲੀ ਤਾਂ ਉਸ ਤਿਕੋਣ ’ਤੇ ਇੱਕ ਝੁੱਗੀ ਨਜ਼ਰ ਆਈ, ਜਿਸ ਵਿੱਚ ਕੁੰਮੇ ਮਾਸ਼ਕੀ ਨਾਂ ਦਾ ਮਲਾਹ ਰਹਿੰਦਾ ਸੀ। ਮਾਤਾ ਜੀ ਛੋਟੇ ਬੱਚਿਆਂ ਸਮੇਤ ਇੱਥੇ ਰੁਕ ਗਏ। ਕੁੰਮੇ ਮਾਸ਼ਕੀ ਨੇ ਮਾਤਾ ਜੀ ਤੇ ਬੱਚਿਆਂ ਨੂੰ ਪਿੰਡੋਂ ਰੋਟੀ ਮੰਗਵਾ ਕੇ ਛਕਾਈ। ਖੌਲ਼ਦੇ ਸਤਿਲੁਜ ਤੇ ਚੜ੍ਹੀ ਹੋਈ ਸਰਸਾ ਦੇ ਕਿਨਾਰੇ ਕੁੰਮੇ ਮਾਸ਼ਕੀ ਦੀ ਝੁੱਗੀ ਅੰਦਰ ਮਾਤਾ ਜੀ ਨੇ ਬੱਚਿਆਂ ਨੂੰ ਸੁਲਾ ਦਿੱਤਾ ਤੇ ਵਿਸ਼ਰਾਮ ਕੀਤਾ। ਕੁੰਮਾ ਮਾਸ਼ਕੀ ਰਾਤ ਭਰ ਬਾਹਰ ਪਹਿਰੇ ’ਤੇ ਰਿਹਾ।
ਸਵੇਰ ਹੋਈ ਤਾਂ ਕੁੰਮੇ ਨੇ ਬੇੜੀ ਰਾਹੀਂ ਸਰਸਾ ਪਾਰ ਕਰਵਾ ਦਿੱਤੀ। ਅੱਗੇ ਗਏ ਤਾਂ ਮਾਤਾ ਜੀ ਬੱਚਿਆਂ ਸਮੇਤ ਇੱਕ ਰੁੱਖ ਹੇਠ ਬੈਠ ਗਏ। ਰਾਹਗੀਰ ਨੇ ਪੁੱਛਿਆ ਕਿ ਉਹ ‘ਇੱਥੇ ਕਿਉਂ ਬੈਠੇ ਹਨ’ ਤਾਂ ਮਾਤਾ ਜੀ ਨੇ ਸਹਿਵਨ ਹੀ ਕਿਹਾ ‘ਐਵੇਂ ਹੀ’। ਕਹਿਣ ਨੂੰ ਬੇਸ਼ੱਕ ਉਹ ਇੱਥੇ ‘ਐਵੇਂ ਹੀ’ ਬੈਠੇ ਸਨ, ਪਰ ਇਸ ‘ਐਵੇਂ ਹੀ’ ਵਿੱਚ ਕਿਸੇ ਅਕਹਿ ਤੇ ਅਸਹਿ ਪੀੜਾ ਦਾ ਸੰਕੇਤ ਸੀ।
ਪਤਾ ਨਹੀਂ ਮਾਤਾ ਜੀ ਬੱਚਿਆਂ ਨੂੰ ਲੈ ਕੇ ਇੱਥੋਂ ਗੰਗੂ ਦੇ ਪਿੰਡ ਕਿਵੇਂ ਚਲੇ ਗਏ। ਗੰਗੂ ਨੇ ਖ਼ੂਬ ਸੇਵਾ ਕੀਤੀ ਤੇ ਖਾਣਾ ਖੁਆ ਕੇ ਸੁਲਾ ਦਿੱਤਾ। ਕਈ ਦਿਨ ਦੇ ਥੱਕੇ ਹਾਰੇ ਮਾਤਾ ਜੀ ਤੇ ਬੱਚੇ ਘੂਕ ਸੌਂ ਗਏ। ਗੰਗੂ ਦੇ ਮਨ ਵਿੱਚ ਬੇਈਮਾਨੀ ਆਈ ਤੇ ਮਾਤਾ ਜੀ ਦੇ ਸਾਮਾਨ ਵਿੱਚੋਂ ਉਹਨੇ ਮੋਹਰਾਂ ਦੀ ਥੈਲੀ ਚੁਰਾ ਲਈ। ਸਵੇਰ ਹੋਣ ’ਤੇ ਮਾਤਾ ਜੀ ਨੇ ਪੁੱਛਿਆ ਤਾਂ ਉਹ ਅਵਾ-ਤਵਾ ਬੋਲਣ ਲੱਗ ਪਿਆ। ਝਿੜਕਿਆ ਤਾਂ ਉਹ ਅੱਗ ਬਗੂਲਾ ਹੋ ਕੇ ਪਿੰਡ ਦੇ ਚੌਧਰੀ ਕੋਲ ਚਲਾ ਗਿਆ ਤੇ ਉਸ ਨੂੰ ਮਾਤਾ ਜੀ ਤੇ ਬੱਚਿਆਂ ਦੀ ਸੂਹ ਦੇ ਦਿੱਤੀ। ਫਿਰ ਗੰਗੂ ਤੇ ਚੌਧਰੀ ਵੱਡੇ ਇਨਾਮ ਦੇ ਲਾਲਚ ਵਿੱਚ ਮੋਰਿੰਡੇ ਦੇ ਥਾਣੇਦਾਰ ਕੋਲ ਚਲੇ ਗਏ।
ਥਾਣੇਦਾਰ ਨੇ ਉਸੇ ਵਕਤ ਸਿਪਾਹੀ ਨਾਲ ਲਏ ਤੇ ਸਾਹਿਬਜ਼ਾਦਿਆਂ ਸਮੇਤ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਕੇ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖ਼ਾਂ ਦੇ ਪੇਸ਼ ਕਰ ਦਿੱਤਾ। ਸੂਬੇ ਨੇ ਮਾਤਾ ਜੀ ਤੇ ਛੋਟੇ ਬੱਚਿਆਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਤੁਰੰਤ ਨਜ਼ਰਬੰਦ ਕਰ ਦਿੱਤਾ। ਅਗਲੇ ਦਿਨ ਕਚਹਿਰੀ ਵਿੱਚ ਪੇਸ਼ ਕਰਨ ਲਈ ਸੂਬੇ ਨੇ ਬੱਚਿਆਂ ਨੂੰ ਲਿਆਉਣ ਲਈ ਸਿਪਾਹੀ ਭੇਜ ਦਿੱਤੇ। ਮਾਤਾ ਜੀ ਲਈ ਆਪਣੇ ਪੁੱਤਰ ਦੇ ਬੋਟ ਜਿਹੇ ਬੱਚਿਆਂ ਨੂੰ ਸਿਪਾਹੀਆਂ ਦੇ ਸਪੁਰਦ ਕਰਨ ਵਾਲੀ ਇਹ ਅਤਿਅੰਤ ਦੁਖਦਾਇਕ ਘੜੀ ਸੀ। ਕਹਿੰਦੇ ਹਨ ਦੋਵੇਂ ਬੱਚਿਆਂ ਨੇ ਸੂਬੇ ਦੀ ਕਚਹਿਰੀ ਵਿੱਚ ਦਾਖ਼ਲ ਹੋਣ ਸਮੇਂ ਨਿੱਕੇ ਦਰਵਾਜ਼ੇ ਵਿੱਚੋਂ ਪਹਿਲਾਂ ਆਪਣੇ ਕਦਮ ਅੰਦਰ ਰੱਖੇ ਤੇ ਗੱਜ ਕੇ ਫ਼ਤਿਹ ਬੁਲਾਈ। ਕਚਹਿਰੀ ਵਿੱਚ ਚੁੱਪ ਪੱਸਰ ਗਈ।
ਦੀਵਾਨ ਸੁੱਚਾ ਨੰਦ ਨੇ ਚੁੱਪ ਤੋੜੀ ਤੇ ਬੱਚਿਆਂ ਨੂੰ ਕਹਿਣ ਲੱਗਾ, ‘‘ਤੁਹਾਡੇ ਪਿਤਾ, ਵੱਡੇ ਭਾਈ ਤੇ ਸਾਰੇ ਸਿੱਖ ਮਾਰੇ ਗਏ ਹਨ। ਹੁਣ ਤੁਹਾਡੇ ਲਈ ਇਹੀ ਰਾਹ ਬਚਿਆ ਹੈ ਕਿ ਸਿਰ ਝੁਕਾਉ ਤੇ ਇਸਲਾਮ ਕਬੂਲ ਕਰੋ।’’ ਬੱਚਿਆਂ ਨੇ ਬੜੀ ਦਲੇਰੀ ਨਾਲ ਨਾਂਹ ਕਰ ਦਿੱਤੀ। ਉਨ੍ਹਾਂ ਨੂੰ ਦਾਦੀ ਮਾਂ ਤੋਂ ਸੁਣੀ ਆਪਣੇ ਦਾਦਾ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦੀ ਸਾਖੀ ਯਾਦ ਆਈ। ਆਪਣੇ ਦਾਦਾ- ਗੁਰੂ ਦੇ ਦਾਦਾ, ਪੰਚਮ ਪਾਤਸ਼ਾਹ ਦੀ ਸ਼ਹਾਦਤ ਦੀ ਸਾਖੀ ਯਾਦ ਆਈ ਕਿ “ਪੂਰਨ ਪੁਰਖ ਨਹੀ ਡੋਲਾਨੇ।।”
ਵਜ਼ੀਰ ਖ਼ਾਂ ਨੇ ਖ਼ੁਦ ਆਖਿਆ ਕਿ ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਉਨ੍ਹਾਂ ਨੂੰ ਜਗੀਰਾਂ ਤੇ ਸਹੂਲਤਾਂ ਨਾਲ ਮਾਲੋ-ਮਾਲ ਕਰ ਦਿੱਤਾ ਜਾਵੇਗਾ। ਬੱਚਿਆਂ ਨੇ ਫਿਰ ਇਨਕਾਰ ਕਰ ਦਿੱਤਾ ਤਾਂ ਵਜ਼ੀਰ ਖ਼ਾਂ ਨੇ ਉਨ੍ਹਾਂ ਨੂੰ ਮੁੜ ਠੰਢੇ ਬੁਰਜ ਵਿੱਚ ਭੇਜ ਦਿੱਤਾ। ਡਰਾਉਣ ਧਮਕਾਉਣ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਦੇਖਿਆ, ਪਰ ਉਹ ਬਿਲਕੁਲ ਅਡੋਲ ਰਹੇ। ਕੋਈ ਵੀ ਧਮਕੀ ਤੇ ਕੋਈ ਵੀ ਲਾਲਚ ਪਾਤਸ਼ਾਹ ਦੇ ਬੱਚਿਆਂ ਨੂੰ ਡੁਲਾ ਨਾ ਸਕਿਆ।
ਅਗਲੇ ਦਿਨ ਫਿਰ ਉਨ੍ਹਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਂ ਵੰਨ-ਸੁਵੰਨੇ ਲਾਲਚ ਦੇਣ ਲੱਗਾ, ਪਰ ਬੱਚਿਆਂ ਨੇ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖ਼ਾਂ ਗੁੱਸੇ ਵਿੱਚ ਭੜਕ ਉੱਠਿਆ ਤੇ ਸਖ਼ਤ ਸਜ਼ਾਵਾਂ ਦੀ ਸਿਫ਼ਾਰਿਸ਼ ਕਰਨ ਲੱਗਾ।
ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਬੱਚਿਆਂ ਦੀ ਵਕਾਲਤ ਕਰਦਿਆਂ ਆਖਿਆ ਕਿ ਬੱਚਿਆਂ ਨੂੰ ਪਿਤਾ ਦੇ ਕੀਤੇ ਦੀ ਸਜ਼ਾ ਦੇਣੀ ਇਸਲਾਮ ਨਹੀਂ ਹੈ। ਉਸ ਨੇ ਬੱਚਿਆਂ ਨੂੰ ਰਿਹਾਅ ਕਰਨ ਦੀ ਸਿਫ਼ਾਰਿਸ਼ ਕੀਤੀ ਤਾਂ ਸੂਬੇ ਦੇ ਪੇਸ਼ਕਾਰ ਸੁੱਚਾ ਨੰਦ ਨੇ ਬਲ਼ਦੀ ’ਤੇ ਤੇਲ ਪਾ ਦਿੱਤਾ, ਅਖੇ ਜੰਮਦੀਆਂ ਸੂਲ਼ਾਂ ਦੇ ਮੂੰਹ ਤਿੱਖੇ ਹੁੰਦੇ ਹਨ ਤੇ ਸੱਪ ਦੇ ਬੱਚੇ ਵੀ ਜ਼ਹਿਰੀ ਹੁੰਦੇ ਹਨ।
ਸੁੱਚਾ ਨੰਦ ਦੀ ਗੱਲ ਜਚ ਗਈ ਤਾਂ ਸੂਬੇ ਨੇ ਕਾਜ਼ੀ ਦੀ ਸਿਫ਼ਾਰਿਸ਼ ’ਤੇ ਬੱਚਿਆਂ ਨੂੰ ਜਿਊਂਦਿਆਂ ਹੀ ਕੰਧਾਂ ਵਿੱਚ ਚਿਣ ਦੇਣ ਦਾ ਹੁਕਮ ਸੁਣਾ ਦਿੱਤਾ। ਅਤਿ ਅਤੇ ਕਹਿਰ ਦਾ ਹੁਕਮ ਸੁਣਦਿਆਂ ਅੰਬਰ ਵਿੱਚ ਕੰਪਨ ਮਹਿਸੂਸ ਹੋਇਆ, ਧਰਤੀ ਨੇ ਪਾਟ ਜਾਣਾ ਚਾਹਿਆ ਤੇ ਕੋਈ ਅਣਕਿਹਾ ਕਹਿਰ ਵਰਤਣ ਦੇ ਖਦਸ਼ੇ ਜ਼ਾਹਿਰ ਹੋਣ ਲੱਗੇ। ਸੂਬੇ ਦੇ ਹੁਕਮ ਦੀ ਤਾਮੀਲ ਹੋਈ; ਬੱਚਿਆਂ ਨੂੰ ਨੀਂਹਾਂ ਵਿੱਚ ਖੜ੍ਹੇ ਕਰ ਕੇ ਚਿਣਾਈ ਸ਼ੁਰੂ ਕਰ ਦਿੱਤੀ ਗਈ। ਹਿੱਕ ਤੱਕ ਕੰਧ ਆਈ ਤਾਂ ਬੱਚਿਆਂ ਨੂੰ ਫਿਰ ਇਸਲਾਮ ਕਬੂਲ ਕਰਨ ਲਈ ਆਖਿਆ ਗਿਆ। ਨਿੱਕੇ ਨਿੱਕੇ ਬਾਲ ਬਿਲਕੁਲ ਅਡੋਲ ਰਹੇ। ਕੁਦਰਤ ਦੀ ਕਰਨੀ ਕਿ ਕੱਚੀ ਚਿਣਾਈ ਡਿੱਗ ਪਈ ਤੇ ਬੱਚੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਮੁੜ ਠੰਢੇ ਬੁਰਜ ਵਿੱਚ ਲਿਜਾਇਆ ਗਿਆ ਤਾਂ ਹੋਸ਼ ਪਰਤ ਆਈ। ਤੀਜੀ ਵਾਰ ਫਿਰ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਫਿਰ ਮੌਤ ਅਤੇ ਇਸਲਾਮ ਵਿੱਚੋਂ ਇੱਕ ਦੀ ਚੋਣ ਕਰਨ ਲਈ ਆਖਿਆ ਗਿਆ। ਬੱਚੇ ਫਿਰ ਅਡਿੱਗ ਅਤੇ ਅਡੋਲ ਰਹੇ। ਵਜ਼ੀਰ ਖ਼ਾਂ ਦੇ ਹੁਕਮ ਨਾਲ ਜੱਲਾਦ ਨੇ ਤਲਵਾਰ ਨਾਲ ਪਹਿਲਾਂ ਵੱਡੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨੂੰ ਤੇ ਫਿਰ ਛੋਟੇ ਫ਼ਤਿਹ ਸਿੰਘ ਨੂੰ ਸ਼ਹੀਦ ਕਰ ਦਿੱਤਾ।
ਸਰਹਿੰਦ ਦੇ ਸ਼ਾਹੂਕਾਰ ਟੋਡਰ ਮੱਲ ਨੂੰ ਪਤਾ ਲੱਗਾ ਤਾਂ ਉਹ ਸਾਰੇ ਕੰਮ ਛੱਡ ਕੇ ਵਾਹੋਦਾਹੀ ਭੱਜਾ ਆਇਆ ਕਿ ਤਾਵਾਨ ਦੇ ਕੇ ਗੁਰੂ ਕੇ ਲਾਲਾਂ ਨੂੰ ਛੁਡਵਾ ਲਵੇ ਪਰ ਉਹਦੇ ਪੁੱਜਣ ਤੋਂ ਪਹਿਲਾਂ ਹੀ ਭਾਣਾ ਵਰਤ ਚੁੱਕਾ ਸੀ। ਉਹਨੇ ਉਸੇ ਵਕਤ ਠੰਢੇ ਬੁਰਜ ਵਿੱਚ ਜਾ ਕੇ ਮਾਤਾ ਜੀ ਨੂੰ ਕਹਿਰ ਭਰੇ ਸਦਮੇ ਦੀ ਖ਼ਬਰ ਦਿੱਤੀ ਤਾਂ ਸੁਣਦੇ ਸਾਰ ਮਾਤਾ ਜੀ ਅਡੋਲ ਸਮਾਧੀ ਵਿੱਚ ਲੀਨ ਹੋ ਗਏ ਤੇ ਉਸੇ ਵਕਤ ਪ੍ਰਾਣ ਤਿਆਗ ਦਿੱਤੇ। ਟੋਡਰ ਮੱਲ ਨੇ ਮਹਿੰਗੇ ਮੁੱਲ ਜ਼ਮੀਨ ਖ਼ਰੀਦ ਕੇ ਮਾਤਾ ਜੀ ਤੇ ਬੱਚਿਆਂ ਦਾ ਸਸਕਾਰ ਕਰ ਦਿੱਤਾ। ਸਾਰੇ ਪਾਸੇ ਹਾਹਾਕਾਰ ਮਚ ਗਈ।
ਸੂਬੇ ਨੂੰ ਪਤਾ ਲੱਗਾ ਕਿ ਮੋਤੀ ਮਹਿਰਾ ਮਾਤਾ ਜੀ ਤੇ ਬੱਚਿਆਂ ਨੂੰ ਠੰਢੇ ਬੁਰਜ ਵਿੱਚ ਗਰਮ ਦੁੱਧ ਛਕਾਉਂਦਾ ਰਿਹਾ ਹੈ ਤਾਂ ਉਹਨੇ ਮੋਤੀ ਮਹਿਰੇ ਦੇ ਮਾਂ ਬਾਪ, ਪਤਨੀ ਤੇ ਨਿੱਕੇ ਬੱਚੇ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਜਿਸ ਵਕਤ ਨੂਰਾ ਮਾਹੀ ਮਾਤਾ ਜੀ ਤੇ ਗੁਰੂ ਕੇ ਲਾਲਾਂ ਦੀ ਸ਼ਹਾਦਤ ਦੀ ਵੀਰਗਾਥਾ ਸੁਣਾ ਰਿਹਾ ਸੀ ਤਾਂ ਪਾਤਸ਼ਾਹ ਦੇ ਨੇਤਰ ਨਮ ਹੋ ਗਏ ਤੇ ਦਿਲ ਵਾਲੇ ਪਾਸੇ ਖੱਬੀ ਅੱਖ ਵਿੱਚ ਹੰਝੂ ਨਜ਼ਰ ਆਉਣ ਲੱਗਾ। ਬੋਟ ਜਿਹੇ ਬਾਲਾਂ ਦੀ ਵੀਰਗਾਥਾ, ਤਰੇਲ਼ ਤੁਪਕੇ ਦੀ ਤਰ੍ਹਾਂ ਪਾਤਸ਼ਾਹ ਦੇ ਨੇਤਰਾਂ ਵਿੱਚ ਪਲ ਦੋ ਪਲ ਪ੍ਰਗਟ ਹੋਈ ਤੇ ਇਤਿਹਾਸ ਦਾ ਹਿੱਸਾ ਹੋ ਗਈ। ਅਕੱਥ ਇਤਿਹਾਸ ਅੱਖਰਾਂ ਵਿੱਚ ਨਹੀਂ, ਅੱਥਰੂਆਂ ਵਿੱਚ ਹੀ ਲਿਖੇ ਜਾ ਸਕਦੇ ਹਨ। ਕਿਹੜੀ ਕਲਮ ਹੈ, ਜੋ ਪਾਤਸ਼ਾਹ ਦੇ ਅਣਵਗੇ ਅੱਥਰੂ ਦੀ ਦਾਸਤਾਂ ਲਿਖ ਸਕੇ ਜਾਂ ਉਸ ਅੱਥਰੂ ਦਾ ਕਰਜ਼ ਅਤੇ ਦਰਦ ਬਿਆਨ ਕਰ ਸਕੇ!
ਉਧਰ ਗਾਥਾ ਸਮਾਪਤ ਹੋਈ ਤੇ ਇਧਰ ਕਾਹੀ ਦਾ ਬੂਟਾ ਪੁੱਟਿਆ ਗਿਆ। ਪਾਤਸ਼ਾਹ ਏਨੇ ਚੁੱਪ ਅਤੇ ਗੰਭੀਰ ਸਨ ਜਿੰਨਾ ਕੋਈ ਆਪਣੀ ਮਾਤਾ ਤੇ ਨਿਕੜੇ ਲਾਲਾਂ ਦੀ ਵੀਰਗਾਥਾ ਸੁਣ ਕੇ ਹੋ ਸਕਦਾ ਹੈ। ਸਹਿਵਨ ਹੀ ਪਾਤਸ਼ਾਹ ਕਹਿਣ ਲੱਗੇ, ‘‘ਜਿਵੇਂ ਇਹ ਕਾਹੀ ਦਾ ਬੂਟਾ ਪੁੱਟਿਆ ਗਿਆ, ਇਸੇ ਤਰ੍ਹਾਂ ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ ਹੈ।’’ ਅਤਿ ਵਿੱਚ ਅੰਤ ਦਾ ਸੰਕੇਤ ਹੁੰਦਾ ਹੈ; ਔਰੰਗਜ਼ੇਬ ਦੀ ਅਤਿ ਵਿੱਚ ਮੁਗ਼ਲ ਸਾਮਰਾਜ ਦਾ ਅੰਤ ਪ੍ਰਤੱਖ ਸੀ। ਅਜਿਹੇ ਸੰਕੇਤ ਅਤੇ ਸੰਦੇਸ਼ ਦੇ ਕੇ ਪਾਤਸ਼ਾਹ ਨੇ ਰਾਏ ਕੱਲੇ ਨੂੰ ਕਿਰਪਾਨ ਬਖ਼ਸ਼ ਦਿੱਤੀ ਤੇ ਆਪ ਅੱਗੇ ਚਾਲੇ ਪਾ ਦਿੱਤੇ।
ਪਾਤਸ਼ਾਹ ਨੇ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਲਿਖਿਆ। ਜਿਵੇਂ ਕਾਇਨਾਤ ਨੇ ਕੁੱਲ ਅੰਬਰ ’ਤੇ ਜ਼ਫ਼ਰਨਾਮਾ ਲਿਖ ਦਿੱਤਾ ਹੋਵੇ। ਇਸ ਵਿੱਚ ਮੁਗ਼ਲ ਵੰਸ਼ ਦੀ ਸਭ ਤੋਂ ਸਖ਼ਤ, ਕੁਰੱਖ਼ਤ ਤੇ ਵਿਸ਼ਾਲ ਸਲਤਨਤ ਦੇ ਮਾਲਕ ਔਰੰਗਜ਼ੇਬ ਦੀ ਹਕੂਮਤ ਦੇ ਅੰਤ ਵੱਲ ਸੰਕੇਤ ਕੀਤਾ ਗਿਆ ਸੀ। ਅਖੀਰ ਉਹ ਦਿਨ ਆਇਆ ਕਿ ਮੁਗ਼ਲ ਸਲਤਨਤ ਖ਼ਤਮ ਹੋ ਗਈ। ਮੁਗ਼ਲ ਹਕੂਮਤ ਦੇ ਤਾਬੂਤ ਵਿੱਚ ਪਹਿਲਾ ਕਿੱਲ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਆਖ ਕੇ ਗੱਡ ਦਿੱਤਾ ਸੀ ਤੇ ਆਖ਼ਰੀ ਕਿੱਲ, ਦਸਮ ਪਾਤਸ਼ਾਹ ਦੇ ਨਿੱਕੇ ਬੱਚਿਆਂ ਦੇ ਹਿੱਸੇ ਆਇਆ ਤੇ ਮੁਗ਼ਲ ਸਲਤਨਤ ਸਮਾਪਤ ਹੋ ਗਈ। ਦਸਮੇਸ਼ ਪਿਤਾ ਦੇ ਲਾਲਾਂ ਨੇ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਲਈ ਸ਼ਹਾਦਤ ਦੇ ਦਿੱਤੀ। ਸਭ ਤੋਂ ਵੱਡਾ ਧਰਮ ਵੀ ਇਹੀ ਹੈ। ਆਉ, ਅੱਜ ਪਾਤਸ਼ਾਹ ਦੇ ਲਾਲਾਂ ਦੇ ਮਹਾਨ ਬਲੀਦਾਨ ਨੂੰ ਯਾਦ ਕਰੀਏ ਤੇ ਨਮ ਨੇਤਰਾਂ ਨਾਲ ਨਮਨ ਕਰੀਏ।
ਸੰਪਰਕ: 94175-18384

Advertisement

Advertisement