ਪੁਸਤਕ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਭਾਗ-2’ ਲੋਕ ਅਰਪਣ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਨਵੰਬਰ
ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ, ਇਆਲੀ ਕਲਾਂ ਵਿੱਚ ਹੋਏ ਇੱਕ ਸਮਾਗਮ ਦੌਰਾਨ ਅੱਜ ਭਾਈ ਗੁਰਜੰਟ ਸਿੰਘ ਵੱਲੋਂ ਕੀਤੀ ਖੋਜ ’ਤੇ ਭਾਈ ਸੁਖਜੀਤ ਸਿੰਘ ਵੱਲੋਂ ਕਲਮਬੱਧ ਕੀਤੀ ਪੁਸਤਕ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਭਾਗ-2’ ਰਿਲੀਜ਼ ਕੀਤੀ ਗਈ। ਇਸ ਮੌਕੇ ਭਾਈ ਗੁਰਜੰਟ ਸਿੰਘ ਨੇ ਦੱਸਿਆ ਕਿ ਸਿੱਖ ਨਸਲਕੁਸ਼ੀ 1984 ਬਾਰੇ ਜਾਣਕਾਰੀ ਪੱਖੋਂ ਦਿੱਲੀ, ਬੋਕਾਰੋ ਅਤੇ ਕਾਨਪੁਰ ਚਰਚਾ ’ਚ ਰਹੇ ਹਨ ਪਰ ਇਹ ਵਰਤਾਰਾ ਸਿਰਫ਼ ਇੱਥੋਂ ਤੱਕ ਸੀਮਿਤ ਨਹੀਂ ਸੀ। ਉਨ੍ਹਾਂ ਬਹੁਤ ਸਾਰੀਆਂ ਥਾਵਾਂ ’ਤੇ ਸਿੱਖ ਗੁਰੂ ਅਦਬ ਨੂੰ ਮੁੱਖ ਰੱਖਦਿਆਂ ਸ਼ਹੀਦ ਹੋਏ ਸਿੱਖਾਂ ਦੇ ਕਿੱਸੇ ਵੀ ਸਾਂਝੇ ਕੀਤੇ। ਇਸ ਮੌਕੇ ਭਾਈ ਸੁਖਜੀਤ ਸਿੰਘ ਨੇ ਦੱਸਿਆ ਕਿ ਕਿਤਾਬ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ’ ਦਾ ਪਹਿਲਾ ਭਾਗ 2022 ’ਚ ਜਾਰੀ ਹੋਇਆ ਸੀ ਜਿਸ ਵਿੱਚ 6 ਰਾਜਾਂ ’ਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਖੋਜ ਕਾਰਜ ਨੂੰ ਪਾਠਕਾਂ ਅੱਗੇ ਰੱਖਿਆ ਗਿਆ ਸੀ। ਦੂਜੇ ਭਾਗ ’ਚ 5 ਹੋਰ ਰਾਜਾਂ ਮਣੀਪੁਰ, ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਬਿਹਾਰ ਦੀਆਂ ਘਟਨਾਵਾਂ ਦਾ ਵੇਰਵਾ ਦਰਜ ਕੀਤਾ ਗਿਆ ਹੈ। ਡਾ. ਸਿਕੰਦਰ ਸਿੰਘ ਨੇ ਬਿਪਰ ਸੁਭਾਅ, ਹਮਲਿਆਂ ਦੀ ਵਿਉਂਤਬੰਦੀ ਤੇ ਵਿਆਪਕਤਾ ਸਾਹਮਣੇ ਰੱਖੀ।