ਪੁਸਤਕ ‘ਸਾਡੇ ਨਾਲ ਵੀ ਹੋਈ’ ਲੋਕ ਅਰਪਣ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 31 ਜੁਲਾਈ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਸ਼ੁਰੂਆਤੀ ਦੌਰ ਵਿਚ ਉੱਘੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਧਾਰਿਆ ਗਿਆ। ਸਮਾਗਮ ਦੇ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਮੁੱਖ ਮਹਿਮਾਨ ਕਹਾਣੀਕਾਰ ਦਲਜੀਤ ਸ਼ਾਹੀ, ਉਨ੍ਹਾਂ ਦੀ ਪਤਨੀ ਸਰਬਜੀਤ ਕੌਰ, ਜਸਬੀਰ ਝੱਜ, ਗੁਰਸੇਵਕ ਸਿੰਘ ਢਿੱਲੋਂ, ਰਜਿੰਦਰ ਕੌਰ ਪੰਨੂੰ ਨੇ ਸਾਂਝੇ ਤੌਰ ’ਤੇ ਕੀਤੀ। ਗੁਰਸੇਵਕ ਸਿੰਘ ਢਿੱਲੋਂ ਤੇ ਕਹਾਣੀਕਾਰ ਦਲਜੀਤ ਸ਼ਾਹੀ ਨੇ ਲੇਖਕ ਜਗਵੀਰ ਸਿੰਘ ਵਿੱਕੀ ਦੀ ਕਿਤਾਬ ਤੇ ਜੀਵਨ ਬਾਰੇ ਲੇਖਕਾਂ ਨਾਲ ਗੱਲਬਾਤ ਸਾਂਝੀ ਕੀਤੀ। ਇਸ ਸਮੇਂ ‘ਸਾਡੇ ਨਾਲ ਵੀ ਹੋਈ’ ਕਿਤਾਬ ਲੋਕ ਅਰਪਣ ਕੀਤੀ ਗਈ। ਲੇਖਕ ਜਗਵੀਰ ਸਿੰਘ ਵਿੱਕੀ ਨੇ ਆਖਿਆ ਕਿ ਸਾਹਿਤ ਸਭਾ ਵਿਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਭਾ ਵੱਲੋਂ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਤੇ ਲੇਖਕ ਜਗਵੀਰ ਸਿੰਘ ਵਿੱਕੀ ਨੂੰ ਸਨਮਾਨਿਤ ਕੀਤਾ ਗਿਆ। ਦੂਸਰੇ ਸ਼ੈਸ਼ਨ ’ਚ ਕਵੀ ਦਰਬਾਰ ਹੋਇਆ ਜਿਸਦੀ ਪ੍ਰਧਾਨਗੀ ਉੱਘੇ ਗਜ਼ਲਗੋ ਸਰਦਾਰ ਪੰਛੀ, ਸਾਹਿਤ ਸਭਾ ਰਾਮਪੁਰ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ, ਗੀਤਕਾਰ ਕਰਨੈਲ ਸਿਵੀਆ, ਜਗਮੋਹਨ ਸਿੰਘ ਕੰਗ ਟਮਕੌਦੀ, ਜਤਿੰਦਰ ਕੌਰ ਸੰਧੂ ਨੇ ਕੀਤੀ। ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ।
ਸਾਹਿਤ ਸਭਾ ਮਾਛੀਵਾੜਾ ਦੀ ਇਕੱਤਰਤਾ
ਮਾਛੀਵਾੜਾ (ਪੱਤਰ ਪ੍ਰੇਰਕ): ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਵਿੱਚ ਹੋਈ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਨਛੱਤਰ ਸਿੰਘ ਨੇ ਕਵਿਤਾ, ਕਸ਼ਮੀਰ ਸਿੰਘ ਨੇ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਬਾਰੇ ਗੀਤ, ਡਾ. ਅਮਰਜੀਤ ਸਹਿਗਲ ਨੇ ਕਵਿਤਾ, ਰਘਬੀਰ ਸਿੰਘ ਭਰਤ ਨੇ ਅਜਾਇਬ ਚਿੱਤਰਕਾਰ ਦੀ ਸਵੈ-ਜੀਵਨੀ ਦੇ ਕੁਝ ਅੰਸ਼ ਹਾਜ਼ਰ ਸਾਹਿਤਕਾਰਾਂ ਨਾਲ ਸਾਂਝੇ ਕੀਤੇ। ਸ਼ਾਇਰ ਨਿਰੰਜਨ ਸੂਖਮ ਨੇ ਗ਼ਜ਼ਲ , ਸ਼ਾਇਰ ਟੀ. ਲੋਚਨ ਨੇ ਗ਼ਜ਼ਲ, ਸ਼ਾਇਰ ਸ. ਨਸੀਮ ਨੇ ਗ਼ਜ਼ਲ ਸੁਣਾਈ। ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ’ਤੇ ਹਾਜ਼ਰ ਸਾਹਿਤਕਾਰਾਂ ਨੇ ਉਸਾਰੂ ਚਰਚਾ ਕੀਤੀ। ਸਾਹਿਤਕ ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ। ਅੰਤ ਵਿਚ ਪ੍ਰਧਾਨ ਟੀ. ਲੋਚਨ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।