For the best experience, open
https://m.punjabitribuneonline.com
on your mobile browser.
Advertisement

ਪਰਵਾਸੀਆਂ ਦੀਆਂ ਮੁਸ਼ਕਲਾਂ ’ਤੇ ਰੋਸ਼ਨੀ ਪਾਉਂਦੀ ਪੁਸਤਕ ‘ਸੱਚ ਦੀ ਸਰਦਲ’

07:16 AM Nov 20, 2024 IST
ਪਰਵਾਸੀਆਂ ਦੀਆਂ ਮੁਸ਼ਕਲਾਂ ’ਤੇ ਰੋਸ਼ਨੀ ਪਾਉਂਦੀ ਪੁਸਤਕ ‘ਸੱਚ ਦੀ ਸਰਦਲ’
ਢਾਹਾਂ ਪੁਰਸਕਾਰ ਜੇਤੂ ਸੁਰਿੰਦਰ ਨੀਰ ਦਾ ਸਨਮਾਨ ਕਰਦੇ ਹੋਏ ‘ਦਿਸ਼ਾ’ ਸੰਸਥਾ ਦੇ ਮੈਂਬਰ
Advertisement

ਬਰੈਂਪਟਨ:

Advertisement

ਬਰੈਂਪਟਨ ਵਿੱਚ ‘ਦਿਸ਼ਾ’ ਸੰਸਥਾ ਅਤੇ ‘ਹੈਟਸ-ਅੱਪ ਨਾਟਕ ਟੀਮ’ ਵੱਲੋਂ ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ’ਤੇ ਵਿਚਾਰ ਗੋਸ਼ਟੀ ਕੀਤੀ ਗਈ, ਉੱਥੇ ਹੀ ਹੀਰਾ ਰੰਧਾਵਾ ਦੀ ਨਾਟਕਾਂ ਬਾਰੇ ਅਨੁਵਾਦਿਤ ਪੁਸਤਕ ‘ਸੱਚ ਦੀ ਸਰਦਲ’ ਰਿਲੀਜ਼ ਕੀਤੀ ਗਈ।
ਵਿਚਾਰ ਗੋਸ਼ਟੀ ਦੌਰਾਨ ਪਹਿਲੇ ਬੁਲਾਰੇ ਡਾ. ਕੁਲਦੀਪ ਕੌਰ ਪਾਹਵਾ ਨੇ ‘ਲੇਖ ਨਹੀਂ ਜਾਣੇ ਨਾਲ’ ’ਤੇ ਆਪਣਾ ਪੇਪਰ ਪੜ੍ਹਦਿਆਂ ਬਲਜੀਤ ਰੰਧਾਵਾ ਅਤੇ ਉਸ ਦੀ ਲੇਖਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਸਤਕ ਵਿੱਚ ਕੈਨੇਡਾ ਦੇ ਸਮਾਜਿਕ ਜੀਵਨ ਅਤੇ ਇੱਥੇ ਆਉਣ ਵਾਲੇ ਨਵੇਂ ਇੰਮੀਗਰੈਂਟਾਂ ਦੀਆਂ ਮੁਸ਼ਕਲਾਂ ’ਤੇ ਰੋਸ਼ਨੀ ਪਾਈ ਗਈ ਹੈ। ਇਸ ਦੇ ਨਾਲ ਹੀ ਉਸ ਨੇ ਪੁਸਤਕ ਦੇ ਰੂਪਕ ਪੱਖ ਨੂੰ ਵੀ ਉਭਾਰਿਆ। ਡਾ. ਪਾਹਵਾ ਨੇ ਕਿਹਾ ਕਿ ਬਲਜੀਤ ਨੇ ਇਸ ਪੁਸਤਕ ਵਿੱਚ ਕੈਨੇਡਾ ਬਾਰੇ ਵਿਸਤ੍ਰਿਤ ਜਾਣਕਾਰੀ ਲੇਖਾਂ ਵਜੋਂ ਪੇਸ਼ ਕਰਨ ਦੇ ਨਾਲ ਹੀ ਪੀੜਤ ਲੜਕੀਆਂ ਵੱਲੋਂ ਆਪਣੀਆਂ ਮਾਵਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਨੂੰ ਗੀਤ ਦੇ ਰੂਪ ਵਿੱਚ ਵਧੀਆ ਢੰਗ ਨਾਲ ਸ਼ਾਮਲ ਕੀਤਾ ਹੈ।
ਪ੍ਰੋਗਰਾਮ ਦਾ ਸੰਚਾਲਨ ਡਾ. ਕੰਵਲਜੀਤ ਕੌਰ ਢਿੱਲੋਂ ਨੇ ਕੀਤਾ। ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਪੇਪਰ ਵਿੱਚ ਬਲਜੀਤ ਰੰਧਾਵਾ ਦੀ ਇਸ ਪੁਸਤਕ ਨੂੰ ‘ਕੈਨੇਡਾ ਦੇ ਸਮਾਜਿਕ ਜੀਵਨ ਦਾ ਦਰਪਣ’ ਕਰਾਰ ਦਿੰਦਿਆਂ ਕਿਹਾ ਕਿ ਜਿਵੇਂ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ, ਬਿਲਕੁਲ ਉਵੇਂ ਹੀ ਬਲਜੀਤ ਦੀ ਇਹ ਪੁਸਤਕ ਕੈਨੇਡਾ ਦੀਆਂ ਕੌੜੀਆਂ ਸੱਚਾਈਆਂ, ਲੋਕਾਂ ਦੀਆਂ ਦੁਸ਼ਵਾਰੀਆਂ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੂ-ਬ-ਹੂ ਪੇਸ਼ ਕਰਦੀ ਹੈ। ਪੁਸਤਕ ਵਿੱਚ ਸ਼ਾਮਲ 43 ਛੋਟੇ-ਛੋਟੇ ਆਰਟੀਕਲਾਂ ਦੇ ਨਾਲ ਹੀ ਉਸ ਦੀ ਹੱਡ-ਬੀਤੀ ਨੂੰ ਦਰਸਾਉਂਦਾ 14 ਪੰਨਿਆਂ ਦਾ ਇੱਕ ਵੱਡਾ ਆਰਟੀਕਲ ਵੀ ਸ਼ਾਮਲ ਹੈ, ਜਿਸ ਵਿੱਚ ਉਸ ਨੇ ਕੈਨੇਡਾ ਦੇ ਮੁਸ਼ਕਲ ਕੰਮਾਂ, ਇੱਥੋਂ ਦੇ ਕੰਮਾਂ ਦੀ ਅਨਿਸ਼ਚਿਤਤਾ, ਆਰਜ਼ੀ ਕੰਮ ਦੇਣ ਵਾਲੀਆਂ ਏਜੰਸੀਆਂ ਦੀ ਲੁੱਟ-ਖਸੁੱਟ ਅਤੇ ਭਾਰੇ ਸੇਫਟੀ-ਸੂਜ਼ ਪਾ ਕੇ ਕੰਮ ਕਰਨ ਨਾਲ ਨਾਜ਼ੁਕ ਮੁਟਿਆਰਾਂ ਦੇ ਪੈਰਾਂ ਵਿੱਚ ਪਏ ਛਾਲਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਸੁਰਜੀਤ ਕੌਰ ਨੇ ਆਪਣੇ ਪੇਪਰ ਵਿੱਚ ਦੱਸਿਆ ਕਿ ਬਲਜੀਤ ਰੰਧਾਵਾ ਦੀ ਕੈਨੇਡਾ ਬਾਰੇ ਵੱਡਮੁੱਲੀ ਜਾਣਕਾਰੀ ਨਾਲ ਭਰਪੂਰ ਇਸ ਪੁਸਤਕ ਵਿੱਚ ਉਸ ਵੱਲੋਂ ਕੈਨੇਡਾ ਦੇ ਸਮਾਜ, ਇੱਥੋਂ ਦੇ ਵਰਕ ਕਲਚਰ, ਵਾਤਾਵਰਨ, ਕੈਨੇਡਾ ਦੇ ਇਤਿਹਾਸਕ ਪਿਛੋਕੜ ਅਤੇ ਮੌਜੂਦਾ ਹਾਲਾਤ ਬਾਰੇ ਬਾਖ਼ੂਬੀ ਦਰਸਾਇਆ ਗਿਆ ਹੈ। ਉਸ ਨੇ ਕਿਹਾ ਕਿ ਇਹ ਪੁਸਤਕ ਉਸ ਦੇ ਜਜ਼ਬਾਤਾਂ ਦੀ ਸਹੀ ਤਰਜਮਾਨੀ ਕਰਦੀ ਹੈ। ਪੁਸਤਕ ਦੇ ਕਈ ਲੇਖ ਭਾਵੁਕਤਾ ਨਾਲ ਭਰਪੂਰ ਹਨ ਅਤੇ ਇਨ੍ਹਾਂ ਵਿੱਚ ਲੇਖਿਕਾ ਵੱਲੋਂ ਕਈ ਸੁਆਲ ਵੀ ਖੜ੍ਹੇ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਬਲਜੀਤ ਦੀ ਇਸ ਪੁਸਤਕ ਵਿਚਲੇ ਲੇਖਾਂ ’ਤੇ ਆਧਾਰਿਤ ਨਾਟਕ ‘ਪੈਰਾਂ ਨੂੰ ਕਰਾ ਦੇ ਝਾਂਜਰਾਂ’ (ਲੇਖਕ ਅਤੇ ਨਿਰਦੇਸ਼ਕ ਹੀਰਾ ਰੰਧਾਵਾ) ਦੀਆਂ ਪੇਸ਼ਕਾਰੀਆਂ ਕੈਨੇਡਾ ਅਤੇ ਪੰਜਾਬ ਦੀ ਬਹੁਤ ਸਾਰੀਆਂ ਥਾਵਾਂ ’ਤੇ ਹੋਈਆਂ ਹਨ ਜਦੋਂ ਕਿ ਇਸੇ ਕਿਤਾਬ ਦੇ ਲੇਖਾਂ ’ਤੇ ਆਧਾਰਿਤ ਨਾਟਕ ‘ਮਾਏ ਨੀਂ ਮੈਂ ਕੀਹਨੂੰ ਆਖਾਂ?’ (ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਮਕਨਾ) ਦੀਆਂ ਪੇਸ਼ਕਾਰੀਆਂ ਵੀ ਪੰਜਾਬ ਵਿੱਚ ਬਹੁਤ ਸਾਰੇ ਥਾਵਾਂ ’ਤੇ ਕੀਤੀਆਂ ਗਈਆਂ ਹਨ।
ਸਮਾਗਮ ਦੌਰਾਨ ਹੀਰਾ ਰੰਧਾਵਾ ਵੱਲੋਂ ਹਿੰਦੀ ਨਾਟਕਾਂ ਦੀ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਪੁਸਤਕ ‘ਸੱਚ ਦੀ ਸਰਦਲ ’ਤੇ’ ਲੋਕ-ਅਰਪਿਤ ਕੀਤੀ ਗਈ। ਇਸ ਪੁਸਤਕ ਵਿੱਚ ਤਿੰਨ ਨਾਟਕ ‘ਸੱਚ ਦੀ ਸਰਦਲ ’ਤੇ’, ‘ਜਨਤਾ ਪਾਗਲ ਹੋ ਗਈ’ ਅਤੇ ‘ਬਾਲ ਭਗਵਾਨ’ ਸ਼ਾਮਲ ਕੀਤੇ ਗਏ ਹਨ ਜੋ ਹਿੰਦੀ ਵਿੱਚ ਕ੍ਰਮਵਾਰ ‘ਚੌਰਾਹੇ ਪਰ’ (ਅੰਮ੍ਰਿਤ ਲਾਲ ਮਦਾਨ), ‘ਪਾਗਲ ਲੋਕ’ (ਸ਼ਿਵ ਰਾਮ) ਅਤੇ ‘ਬਾਲ ਭਗਵਾਨ’ (ਸਵਦੇਸ਼ ਦੀਪਕ) ਵੱਲੋਂ ਲਿਖੇ ਗਏ ਹਨ। ਹੀਰਾ ਰੰਧਾਵਾ ਨੇ ਬੁਲਾਰਿਆਂ ਅਤੇ ਸਰੋਤਿਆਂ ਦਾ ਬੜੇ ਭਾਵਪੂਰਤ ਸ਼ਬਦਾਂ ਵਿੱਚ ਧੰਨਵਾਦ ਕੀਤਾ। ਬਲਜੀਤ ਰੰਧਾਵਾ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਪੁਸਤਕ ਉੱਪਰ ਪੇਪਰ ਪੇਸ਼ ਕਰਨ ਵਾਲੇ ਬੁਲਾਰਿਆਂ ਅਤੇ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਜੰਮੂ ਤੋਂ ਆਈ ਲੇਖਿਕਾ ਸੁਰਿੰਦਰ ਨੀਰ ਜਿਸ ਨੂੰ ਇਸ ਸਾਲ ਦਾ ‘ਢਾਹਾਂ ਪੁਰਸਕਾਰ’ ਦਿੱਤਾ ਗਿਆ ਹੈ, ਉਸ ਨੂੰ ‘ਦਿਸ਼ਾ’ ਦੀਆਂ ਮੈਂਬਰ ਬੀਬੀਆਂ ਵੱਲੋਂ ਸਨਮਾਨ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਲਈ ਉਸ ਨੇ ‘ਦਿਸ਼ਾ’ ਦੀਆਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਨਾਵਲ ‘ਸੇਫਟੀ ਕਿੱਟ’ ਜਿਸ ਨੂੰ ਇਸ ਸਾਲ ਅੰਤਰਰਾਸ਼ਟਰੀ ‘ਢਾਹਾਂ ਪੁਰਸਕਾਰ’ ਨਾਲ ਨਿਵਾਜਿਆ ਗਿਆ ਹੈ, ਬਾਰੇ ਵੀ ਸੰਖੇਪ ਵਿਚਾਰ ਪੇਸ਼ ਕੀਤੇ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਵਰਿਆਮ ਸਿੰਘ ਸੰਧੂ ਨੇ ਬਲਜੀਤ ਰੰਧਾਵਾ ਨੂੰ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਜਿਸ ਦਾ ਮੁੱਖ-ਬੰਦ ਉਨ੍ਹਾਂ ਵੱਲੋਂ ਹੀ ਲਿਖਿਆ ਗਿਆ ਹੈ, ਦੀ ਹਾਰਦਿਕ ਵਧਾਈ ਦਿੱਤੀ। ਉਸ ਨੇ ਹੀਰਾ ਰੰਧਾਵਾ ਨੂੰ ਹਿੰਦੀ ਨਾਟਕਾਂ ਦੀ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਪੁਸਤਕ ‘ਸੱਚ ਦੀ ਸਰਦਲ ’ਤੇ’ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਹੀਰਾ ਰੰਧਾਵਾ ਜਿੱਥੇ ਨਾਟਕ ਦੇ ਖੇਤਰ ਵਿੱਚ ਬਾਖ਼ੂਬੀ ਕੰਮ ਕਰ ਰਿਹਾ ਹੈ, ਉੱਥੇ ਬਲਜੀਤ ਨੇ ਇਹ ਵਾਰਤਕ ਪੁਸਤਕ ਲਿਖ ਕੇ ਪੰਜਾਬੀ ਵਾਰਤਕ ਸਾਹਿਤ ਵਿੱਚ ਆਪਣਾ ਵਧੀਆ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਉਸ ਕੋਲੋਂ ਹੋਰ ਵੀ ਵਧੀਆ ਲਿਖੇ ਜਾਣ ਦੀ ਆਸ ਹੈ।
ਸਮਾਗਮ ਵਿੱਚ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਲਹਿੰਦੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਜ਼ਰੂਰੀ ਵਿਸ਼ੇ ਵਜੋਂ ਪੜ੍ਹਾਏ ਜਾਣ ਬਾਰੇ ਅਸੈਂਬਲੀ ਵਿੱਚ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲੇ ਦੀ ਪ੍ਰਸ਼ੰਸਾ, ਇਜ਼ਰਾਈਲ-ਫ਼ਲਸਤੀਨ ਜੰਗ ਵਿੱਚ ਹੋ ਰਹੇ ‘ਜਨ-ਸੰਘਾਰ’ ਵਿਰੁੱਧ ਆਵਾਜ਼ ਉਠਾਉਣ ਅਤੇ ਬਰੈਂਪਟਨ ਵਿੱਚ ਦੋ ਵਿਰੋਧੀ ਗਰੁੱਪਾਂ ਵਿਚਕਾਰ ਹੋਈਆਂ ਹਿੰਸਕ ਝੜਪਾਂ ਦੀ ਨਿਖੇਧੀ ਕਰਨ ਬਾਰੇ ਤਿੰਨ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰੀਨ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਰਛਪਾਲ ਕੌਰ ਗਿੱਲ, ਬਲਤੇਜ ਅਤੇ ਕਰਮਜੀਤ ਗਿੱਲ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪਰਮਜੀਤ ਦਿਓਲ ਵੱਲੋਂ ‘ਦਿਸ਼ਾ’ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
ਖ਼ਬਰ ਸਰੋਤ: ਦਿਸ਼ਾ ਸੰਸਥਾ

Advertisement

Advertisement
Author Image

joginder kumar

View all posts

Advertisement