ਪੁਸਤਕ ‘ਹਾਥੀ ਦਾ ਵਿਆਹ’ ਲੋਕ ਅਰਪਣ
ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਸਤੰਬਰ
ਇਥੇ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਚਰਚਿਤ ਸਾਇਰ ਧਾਮੀ ਗਿੱਲ ਦੀ ਬਾਲ ਕਵਿਤਾਵਾਂ ਦੀ ਪੁਸਤਕ ‘ਹਾਥੀ ਦਾ ਵਿਆਹ’ ਲੋਕ ਅਰਪਣ ਕੀਤੀ ਗਈ। ਜ਼ਿਲ੍ਹਾ ਭਾਸਾ ਅਫ਼ਸਰ ਤੇ ਗਜਲਗੋ ਡਾ. ਅਜੀਤ ਪਾਲ ਨੇ ਕਿਹਾ ਕਿ ਕਿਤਾਬ ਬੱਚਿਆਂ ਦੇ ਸੰਸਾਰ ਵੱਲ ਖੁੱਲ੍ਹਦੀ ਇੱਕ ਖੂਬਸੂਰਤ ਖਿੜਕੀ ਹੈ। ਕਹਾਣਕਾਰ ਗੁਰਮੀਤ ਕੜਿਆਲਵੀ ਨੇ ਧਾਮੀ ਦੀਆਂ ਕਵਿਤਾਵਾਂ ਵਿਚਲੀ ਮਸੂਮੀਅਤ ਦੀ ਪ੍ਰਸੰਸਾ ਕੀਤੀ। ਵਿਅੰਗਕਾਰ ਕੇਐੱਲ ਗਰਗ ਨੇ ਕਿਹਾ ਕਿ ਮੋਬਾਈਲਾਂ ਨਾਲ ਜੁੜੀ ਪੀੜ੍ਹੀ ਨੂੰ ਅਜਿਹਾ ਵਧੀਆ ਬਾਲ ਸਾਹਿਤ ਬਦਲ ਵਜੋਂ ਦੇ ਕੇ ਸਾਹਿਤ ਵਾਲੇ ਪਾਸੇ ਮੋੜਿਆ ਜਾ ਸਕਦਾ ਹੈ। ਚੰਗੇ ਬਾਲ ਪਾਠਕ ਹੀ ਨਹੀਂ ਚੰਗੇ ਬਾਲ ਲੇਖਕ ਵੀ ਪੈਦਾ ਕਰ ਸਕਦੇ ਹਾਂ। ਰਣਜੀਤ ਸਰਾਂਵਾਲੀ ਵੱਲੋਂ ਬਾਲ-ਪੁਸਤਕ ‘ਹਾਥੀ ਦਾ ਵਿਆਹ’ ਦੀ ਸੰਖੇਪ ਜਾਣਕਾਰੀ ਦਿੱਤੀ। ਗੁਰਪ੍ਰੀਤ ਧਰਮਕੋਟ ਨੇ ਧਾਮੀ ਦੀ ਕਵਿਤਾ ਨੂੰ ਬਾਲ ਮਨਾਂ ਦੇ ਅਹਿਸਾਸਾਂ ਦੇ ਹਾਣੀ ਦੱਸਿਆ। ਚਰਨਜੀਤ ਸਮਾਲਸਰ ਨੇ ਬਾਲ ਕਵਿਤਾਵਾਂ ਵਿਚਲੇ ਰਸ ਅਤੇ ਸੰਗੀਤਾਮਕਤਾ ਦੀ ਗੱਲ ਕੀਤੀ। ਲੇਖਕ ਧਾਮੀ ਗਿੱਲ ਨੇ ਕਿਹਾ ਕਿ ਇਹ ਕਿਤਾਬ ਹੱਸਦੇ ਖੇਡਦੇ ਬਚਪਨ ਦੀ ਝੋਲੀ ਪਾ ਕੇ ਤਸੱਲੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਤਾਬ ਦੇ ਚਿੱਤਰਕਾਰ ਅਨੁਦੀਪ ਢੁੱਡੀਕੇ ਦੀ ਤਾਰੀਫ ਕਰਦਿਆਂ ਕਿਹਾ ਕਿ ਅਨੁਦੀਪ ਬਗੈਰ ਇਸ ਕਿਤਾਬ ਬਾਰੇ ਸੋਚਣਾ ਮੁਸ਼ਕਿਲ ਸੀ।