ਪਰਵਾਸ ਦੇ ਸਰੋਕਾਰ ਦਰਸਾਉਂਦੀ ਕਿਤਾਬ ‘ਚੁੱਪ ਦਾ ਮਰਮ ਪਛਾਣੀਏ’
‘ਚੁੱਪ ਦਾ ਮਰਮ ਪਛਾਣੀਏ’ ਮੇਰੀ ਪਹਿਲੀ ਵਾਰਤਕ ਦੀ ਪੁਸਤਕ ਹੈ। ਇਸ ਤੋਂ ਪਹਿਲਾਂ ਕਵਿਤਾ ਦੀਆਂ ਅੱਠ ਕਿਤਾਬਾਂ ਛਪ ਚੁੱਕੀਆਂ ਹਨ। ਵਾਰਤਕ ਦੀ ਇਸ ਪੁਸਤਕ ਵਿੱਚ ਜਿੱਥੇ ਬਚਪਨ ਦਾ ਸੰਘਰਸ਼, ਅਧਿਆਪਨ ਕਾਰਜ ਕਰਦਿਆਂ ਦੇ ਕੁਝ ਤਜਰਬੇ ਅਤੇ ਕੁਝ ਸਮਾਜਕ ਵਿਸ਼ੇ ਸ਼ਾਮਲ ਹਨ, ਉੱਥੇ ਕੈਨੇਡਾ ਵੱਸਦੇ ਆਪਣੇ ਪੁੱਤਰ ਕੋਲ ਬਰੈਂਪਟਨ ਜਾਣ ਦਾ ਮੌਕਾ ਮਿਲਣ ਕਰਕੇ ਉੱਥੇ ਪਰਵਾਸ ਹੰਢਾ ਰਹੇ ਲੋਕਾਂ ਦੇ ਜੀਵਨ ਬਿਰਤਾਂਤ ਨਾਲ ਸਬੰਧਤ ਵਿਸ਼ੇ ਵੀ ਸ਼ਾਮਲ ਹਨ।
ਸਾਲ 2018 ਵਿੱਚ ਮੈਂ ਪਹਿਲੀ ਵਾਰ ਕੈਨੇਡਾ ਗਿਆ ਸਾਂ। ਕੈਨੇਡਾ ਮੇਰੇ ਲਈ ਹੋਰਨਾਂ ਪੰਜਾਬੀਆਂ ਵਾਂਗ ਇੱਕ ਸੁਪਨਾ ਸੀ। ਇਹੋ ਸੁਪਨਾ ਅੱਖਾਂ ’ਚ ਸਮਾਈ ਮੈਂ ਜਦ ਪਹਿਲੀ ਵਾਰ ਟੋਰਾਂਟੋ ਦੇ ਏਅਰਪੋਰਟ ’ਤੇ ਉਤਰਿਆ ਤਾਂ ਇਸ ਸ਼ਹਿਰ ਨੇ ਮੈਨੂੰ ਹੈਰਾਨ ਕੀਤਾ ਸੀ। ਰਾਤ ਦੇ ਹਨੇਰੇ ਵਿੱਚ ਸੜਕਾਂ ’ਤੇ ਟਰੈਫਿਕ ਦੀਆਂ ਲਾਈਟਾਂ ਦਾ ਵਗਦਾ ਹੜ੍ਹ ਤੁਹਾਨੂੰ ਆਚੰਭਿਤ ਕਰਦਾ ਹੈ। ਪੈਦਲ ਚੱਲਣ ਵਾਲਿਆਂ ਲਈ ਵੱਖਰਾ ਵਾਕਵੇਅ ਅਤੇ ਟਰੈਫਿਕ ਦੇ ਨਿਯਮਾਂ ਦਾ ਪਾਲਣ ਕਰਨਾ, ਦਫ਼ਤਰਾਂ, ਦੁਕਾਨਾਂ ਤੇ ਹੋਰ ਜਨਤਕ ਥਾਵਾਂ ’ਤੇ ਲਾਈਨ ’ਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਨ ਸਮੇਤ ਹੋਰ ਬਹੁਤ ਕੁਝ ਸਿਸਟਮ ਦਾ ਹਿੱਸਾ ਤੁਹਾਨੂੰ ਚੰਗਾ ਲੱਗਦਾ ਹੈ। ਆਰੰਭਿਕ ਵਰ੍ਹਿਆਂ ਦੌਰਾਨ ਇਹ ਸਭ ਚੰਗਾ ਲੱਗਦਾ ਤੁਹਾਡੀ ਲਿਖਤ ਦਾ ਹਿੱਸਾ ਬਣਦਾ ਹੈ। ਮੈਂ ਵੀ ਪਹਿਲੀ ਗੇੜੀ ਦੌਰਾਨ ਅਜਿਹੇ ਹੀ ਅਨੁਭਵ ਲਿਖੇ ਜੋ ਪੰਜਾਬ ਦੀਆਂ ਅਖ਼ਬਾਰਾਂ ਵਿੱਚ ਛਪਦੇ ਵੀ ਰਹੇ।
ਦੂਜੀ ਫੇਰੀ ਵੇਲੇ ਮੈਂ ਸਹਿਜ ਸਾਂ। ਸਹਿਜ ਹੋਇਆਂ ਹੀ ਸੁਹਜ ਨਾਲ ਯਥਾਰਥਿਕ ਸੰਵਾਦ ਰਚਾਉਣਾ ਸੰਭਵ ਹੁੰਦਾ ਹੈ। ਇਨ੍ਹਾਂ ਦੋ ਫੇਰੀਆਂ ਦੌਰਾਨ ਮੈਂ ਜਾਣਿਆਂ ਕਿ ਬਰੈਂਪਟਨ ਨਵਾਂ ਆਬਾਦ ਹੋ ਰਿਹਾ ਪੰਜਾਬ ਹੈ। ਦਰਜਨ ਤੋਂ ਵੱਧ ਹਫ਼ਤਾਵਾਰੀ ਪੰਜਾਬੀ ਅਖ਼ਬਾਰ ਇੱਥੇ ਛਪਦੇ ਹਨ। ਇੰਨੀਆਂ ਕੁ ਹੀ ਪੰਜਾਬੀ ਸਾਹਿਤ ਸਭਾਵਾਂ ਸਰਗਰਮ ਹਨ। ਇਨ੍ਹਾਂ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਜਾਣ ਦਾ ਅਰਥ ਸਾਹਿਤ ਨਾਲ ਜੁੜਨਾ ਵੀ ਹੁੰਦਾ ਤੇ ਬਹੁਤ ਸਾਰੇ ਦੋਸਤਾਂ ਨੂੰ ਮਿਲਣ ਦਾ ਮੌਕਾ ਬਣਨਾ ਵੀ। ਇਨ੍ਹਾਂ ਸਾਹਿਤ ਸਭਾਵਾਂ ਦੇ ਸਮਾਗਮਾਂ ’ਚ ਸ਼ਾਮਲ ਹੋਣ ਨਾਲ ਲਿਖਣ ਲਈ ਕਈ ਨਵੇਂ ਵਿਸ਼ੇ ਵੀ ਮਿਲਦੇ ਹਨ। ਇੰਝ ਪਰਵਾਸ ਦੇ ਸਰੋਕਾਰਾਂ ਬਾਰੇ ਹੋਰ ਲਿਖਤਾਂ ਹੋਂਦ ਵਿੱਚ ਆਉਂਦੀਆਂ ਰਹੀਆਂ। ਇਨ੍ਹਾਂ ਸਾਹਿਤ ਸਭਾਵਾਂ ਦੀ ਕਾਰਜਸ਼ੈਲੀ ਨੂੰ ਨੇੜਿਉਂ ਵੇਖਿਆਂ ਪਤਾ ਲੱਗਿਆ ਕਿ ਪੰਜਾਬ ਵਿੱਚ ਸਰਗਰਮ ਸਾਹਿਤ ਸਭਾਵਾਂ ਵਾਲੀਆਂ ਧੜੇਬੰਦੀਆਂ ਤੇ ਹੋਰ ਵਿਗਾੜ ਇੱਥੇ ਵੀ ਵੇਖਣ ਨੂੰ ਮਿਲਦੇ ਹਨ।
ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਨਾਂ ’ਤੇ ਹੁੰਦੇ ਕੁਝ ਸਮਾਗਮਾਂ ਵਿੱਚ ਪ੍ਰਬੰਧਕਾਂ ਦੇ ਗੁਣਗਾਨ ਸੁਣਦਿਆਂ ਵਿਅਕਤੀ ਦੇ ਨਿੱਜ ਤੱਕ ਸੁੰਗੜਦਾ ਵਿਸ਼ਵ ਵੇਖਿਆ। ਭਾਸ਼ਾ, ਸਾਹਿਤ ਤੇ ਪਰਵਾਸ ਨਾਲ ਜੁੜੇ ਸਰੋਕਾਰਾਂ ਦਾ ਆਲਮੀ ਦ੍ਰਿਸ਼ਟੀਕੋਣ ਕਿਸੇ ਵੀ ਬੁਲਾਰੇ ਦੇ ਭਾਸ਼ਣ ਵਿੱਚ ਸੁਣਨ ਨੂੰ ਨਹੀਂ ਮਿਲਿਆ। ਵਿਸ਼ਵ ਕਾਨਫਰੰਸਾਂ ਦੇ ਨਾਂ ਹੇਠ ਰਚਾਏ ਜਾਂਦੇ ਇਹ ਕੌਤਕ ਮੇਰੇ ਲਈ ਹੈਰਾਨੀ ਵਾਲੇ ਵਰਤਾਰੇ ਸਨ ਜਿਨ੍ਹਾਂ ਬਾਰੇ ਆਪਣੀ ਸੂਝ ਸਮਝ ਅਨੁਸਾਰ ਮੈਂ ਲਿਖਿਆ। ਸਕੂਲਾਂ ਤੀਕ ਪਹੁੰਚਿਆ ਡਰੱਗਜ਼ ਦਾ ਕਾਰੋਬਾਰ, ਬੁਲਿੰਗ, ਕਾਰਾਂ ਚੋਰੀ ਹੋਣ ਦੀਆਂ ਵਾਰਦਾਤਾਂ, ਤੁਹਾਡੇ ਨਾਂ ’ਤੇ ਕਿਸੇ ਅਣਜਾਣ ਵੱਲੋਂ ਬੈਂਕ ਲੋਨ ਕਢਵਾ ਲੈਣ ਸਮੇਤ ਬਹੁਤ ਸਾਰੇ ਵਿਗਾੜ ਹਨ ਜੋ ਇਹ ਸੰਕੇਤ ਦਿੰਦੇ ਹਨ ਕਿ ਹਰ ਸਿਸਟਮ ਵਿੱਚ ਕਮਜ਼ੋਰੀਆਂ ਹੁੰਦੀਆਂ ਹਨ। ਇਹ ਸਭ ਵੀ ਇੱਕ ਫ਼ਿਕਰ ਵਾਂਗ ਮੇਰੇ ਕੋਲ ਆਏ ਜਿਨ੍ਹਾਂ ਬਾਰੇ ਮੈਂ ਲਿਖਿਆ ਤੇ ਪਾਠਕਾਂ ਨੇ ਪਸੰਦ ਵੀ ਕੀਤਾ। ਪਸੰਦ ਕਰਨ ਤੋਂ ਭਾਵ ਇਹ ਲਿਆ ਜਾ ਸਕਦਾ ਹੈ ਕਿ ਇਹ ਫ਼ਿਕਰ ਉਨ੍ਹਾਂ ਦੇ ਵੀ ਹਨ, ਸਾਡੇ ਸਭ ਦੇ ਹਨ।
ਕੁਝ ਲੋਕ ਦਹਾਕਿਆਂ ਤੋਂ ਇੱਥੇ ਪਰਵਾਸ ਹੰਢਾ ਰਹੇ ਹਨ। ਉਨ੍ਹਾਂ ਦਾ ਰਹਿਣ-ਸਹਿਣ ਤੇ ਸਮੱਸਿਆਵਾਂ ਵੱਖਰੀਆਂ ਹਨ ਪਰ ਜਿਹੜੇ ਮਾਪੇ ਇੱਥੇ ਆਪਣੇ ਪੀ.ਆਰ. ਹੋ ਗਏ ਬੱਚਿਆਂ ਕੋਲ ਰਹਿਣ ਆਉਂਦੇ ਹਨ, ਉਨ੍ਹਾਂ ਦਾ ਇੱਥੇ ਮਨ ਨਹੀਂ ਲੱਗਦਾ। ਜ਼ਿੰਦਗੀ ਦੇ ਛੇ ਦਹਾਕੇ ਉਨ੍ਹਾਂ ਨੇ ਜਿਸ ਭੋਇੰ ’ਤੇ ਬਿਤਾਏ ਹੁੰਦੇ ਹਨ, ਜਿਸ ਸਮਾਜ ਅਤੇ ਸਿਸਟਮ ਦਾ ਹਿੱਸਾ ਬਣ ਕੇ ਉਹ ਰਹੇ ਹੁੰਦੇ ਹਨ, ਉਨ੍ਹਾਂ ਨੂੰ ਭੁਲਾ ਕੇ ਇਸ ਨਵੀਂ ਧਰਤੀ ’ਤੇ ਆ ਕੇ ਵੱਸਣਾ ਸੌਖਾ ਨਹੀਂ ਹੁੰਦਾ। ਕੈਨੇਡਾ ਉਨ੍ਹਾਂ ਦੀਆਂ ਅੱਖਾਂ ਵਿੱਚ ਕੰਕਰ ਵਾਂਗ ਰੜਕਦਾ ਹੈ। ਉਹ ਜਿਸ ਮਾਨਸਿਕ ਤਣਾਅ ’ਚੋਂ ਗੁਜ਼ਰਦੇ ਹਨ, ਉਹ ਪਰਵਾਸ ਦਾ ਇੱਕ ਵੱਡਾ ਸਰੋਕਾਰ ਬਣਦਾ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਮਨ ਹੀ ਮਨ ਇਹ ਫ਼ੈਸਲਾ ਵੀ ਕਰਦੇ ਹਨ ਕਿ ਦੁਬਾਰਾ ਇੱਥੇ ਨਹੀਂ ਆਉਣਗੇ ਪਰ ਅਗਲੇਰੀ ਪੀੜ੍ਹੀ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਮੂਲ ਨਾਲੋਂ ਵਿਆਜ ਪਿਆਰਾ ਲੱਗਣ ਲੱਗ ਜਾਂਦਾ ਹੈ। ਇਸ ਬਾਰੇ ਵੀ ਲਿਖਣਾ ਬਣਦਾ ਸੀ।
ਪਰਵਾਸ ਸਦੀਆਂ ਤੋਂ ਚੱਲਦਾ ਆ ਰਿਹਾ ਵਰਤਾਰਾ ਹੈ। ਰੋਟੀ-ਰੋਜ਼ੀ ਅਤੇ ਬਿਹਤਰ ਸੁੱਖ-ਸਹੂਲਤਾਂ ਦੀ ਤਲਾਸ਼ ’ਚ ਮਨੁੱਖ ਪਰਵਾਸ ਕਰਦਾ ਆ ਰਿਹਾ ਹੈ। ਪਰ ਹੁਣ ਦੇ ਸਮਿਆਂ ਵਿੱਚ ਪਰਵਾਸ ਦੇ ਅਰਥ ਬਦਲ ਗਏ ਹਨ। ਹੁਣ ਪਰਵਾਸ ਪਰਿਵਾਰ ਸਮੇਤ ਹੁੰਦਾ ਹੈ। ਪਰਵਾਸ ਹੁਣ ਪਰਿਵਾਰ ਦਾ ਪਰਤਾਇਆ ਪ੍ਰਤੀਕਰਮ ਹੈ। ਪਰਿਵਾਰ ਦੇ ਪਰਵਾਸ ਕਰਕੇ ਕਿਸੇ ਦੂਜੇ ਦੇਸ਼ ਵਿੱਚ ਵੱਸਣ ਨਾਲ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਆ ਕੇ ਰਿਸ਼ਤੇ ਵਧੇਰੇ ਸੁਆਰਥੀ ਹੁੰਦੇ ਵੀ ਵੇਖੇ ਹਨ। ਇਸ ਸੁਆਰਥ ਤੋਂ ਪੀੜਤ ਪਰਿਵਾਰ ਵੀ ਮਿਲਦੇ ਹਨ। ਉਹ ਚੁਣੌਤੀਆਂ ਵੀ ਮੇਰੀ ਲਿਖਤ ਦਾ ਹਿੱਸਾ ਬਣੀਆਂ ਹਨ। ਬਹੁਸੱਭਿਆਚਾਰਕ ਸਮਾਜ ਵਿੱਚ ਰਹਿਣ ਦਾ ਅਨੁਭਵ ਕਈ ਮਾਨਸਿਕ ਗੁੰਝਲਾਂ ਵੀ ਪੈਦਾ ਕਰਦਾ ਹੈ। ਇਸ ਬਾਰੇ ਬਹੁਤ ਸਾਰਾ ਸਾਹਿਤ ਲਿਖਿਆ ਜਾ ਚੁੱਕਾ ਹੈ ਅਤੇ ਲਿਖਿਆ ਜਾ ਰਿਹਾ ਹੈ। ਇਸ ਲਿਖੇ ਸਾਹਿਤ ਬਾਰੇ ਲਿਖਣਾ ਵੀ ਬਣਦਾ ਸੀ। ਇਸ ਖਿੱਤੇ ਦੀ ਖ਼ੂਬਸੂਰਤੀ ਬਾਰੇ ਲਿਖਣਾ ਕਿਵੇਂ ਛੱਡਿਆ ਜਾ ਸਕਦਾ ਸੀ। ਨਿਆਗਰਾ ਫਾਲਜ਼ ਇੱਕ ਵਿਸ਼ਾਲ ਦਰਿਆ ਵਿੱਚ ਅਮਰੀਕਾ ਵਾਲੇ ਪਾਸਿਉਂ ਡਿੱਗ ਰਹੇ ਪਾਣੀ ਦਾ ਤਲਿੱਸਮੀ ਜਲਵਾ ਹੈ। ਇੰਝ ਹੀ ਕੈਲਸੋ ਬੀਚ, ਸੀ.ਐੱਨ. ਟਾਵਰ, ਟੋਰਾਂਟੋ ਆਈਲੈਂਡ, ਰਿਪਲੀ ਐਕੁਏਰੀਅਮ, ਬਲੱਫਰ ਪਾਰਕ ਆਦਿ ਸਮੇਤ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਪਰਵਾਸ ਦੇ ਹਵਾਲੇ ਨਾਲ ਵੀ ਕਰਨਾ ਬਣਦਾ ਹੈ।
ਇਸ ਪੁਸਤਕ ਵਿੱਚ ਮੈਂ ਪਰਵਾਸ ਹੰਢਾ ਰਹੇ ਵੱਖ-ਵੱਖ ਉਮਰ ਵਰਗ ਦੇ ਲੋਕਾਂ ਦੀ ਮਾਨਸਿਕਤਾ ਨੂੰ ਫੜਨ ਦਾ ਯਤਨ ਕੀਤਾ ਹੈ। ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਹਨ। ਭਵਿੱਖ ਵਿੱਚ ਉਨ੍ਹਾਂ ਬਾਰੇ ਵੀ ਲਿਖਣ ਦੀ ਕੋਸ਼ਿਸ਼ ਰਹੇਗੀ। ਪਰਵਾਸ ਬਾਰੇ ਲਿਖਣਾ ਇੱਕ ਵਿਸ਼ਾਲ ਅਨੁਭਵੀ ਕਾਰਜ ਹੈ। ਇਹ ਕਾਰਜ ਨਵੇਂ ਅਰਥਾਂ ਵਾਲਾ ਸਾਹਿਤ ਸਿਰਜਣ ਦੀਆਂ ਨਵੀਆਂ ਤੇ ਨਿਵੇਕਲੀਆਂ ਹੱਦਾਂ ਨਿਸਚਿਤ ਕਰਦਾ ਹੈ। ਪਰਵਾਸੀ ਲੇਖਕਾਂ ਦੀਆਂ ਲਿਖਤਾਂ ਵਿੱਚ ਅਨੁਭਵ ਦੀ ਸ਼ਿੱਦਤ ਸਹਿਜੇ ਹੀ ਵੇਖੀ ਜਾ ਸਕਦੀ ਹੈ। ਅਜਿਹੇ ਅਨੁਭਵ ਵਾਲੇ ਸਾਹਿਤ ’ਤੇ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾਂਦਾ ਹੈ। ਇਸ ਸਾਹਿਤ ਦੀ ਵਿਲੱਖਣਤਾ ਨਵੀਆਂ ਕਦਰਾਂ ਕੀਮਤਾਂ ਵਿੱਚ ਜਜ਼ਬ ਹੋ ਰਹੇ ਮਨੁੱਖ ਦੀ ਗੁੰਝਲਦਾਰ ਮਾਨਸਿਕਤਾ ਨੂੰ ਫੜਨਾ ਹੈ। ਇਸ ਕਾਰਜ ਵਿੱਚ ਲੱਗੇ ਸਭ ਲੋਕਾਂ ਦਾ ਧੰਨਵਾਦ ਕਰਨਾ ਬਣਦਾ ਹੈ।