ਘੱਗਰ ’ਚ ਡਿੱਗੇ ਨੌਜਵਾਨ ਦੀ ਲਾਸ਼ 25 ਘੰਟਿਆਂ ਬਾਅਦ ਬਰਾਮਦ
ਬਲਜੀਤ ਸਿੰਘ
ਸਰਦੂਲਗੜ੍ਹ, 31 ਜੁਲਾਈ
ਘੱਗਰ ਵਿਚ ਡਿੱਗਣ ਵਾਲੇ ਨੌਜਵਾਨ ਦੀ ਲਾਸ਼ 25 ਘੰਟਿਆਂ ਬਾਅਦ ਝੰਡਾ ਖੁਰਦ ਦੇ ਨਜ਼ਦੀਕ ਘੱਗਰ ਦਰਿਆ ਵਿਚੋਂ ਮਿਲ ਗਈ ਹੈ। ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਦੀਪ ਸਿੰਘ ਨੇ ਦੱਸਿਆ ਕਿ ਜਗਦੇਵ ਸਿੰਘ (22) ਪੁੱਤਰ ਗੁਰਦੀਪ ਸਿੰਘ ਵਾਸੀ ਸਰਦੂਲਗੜ੍ਹ ਜੋ ਘੱਗਰ ’ਤੇ ਬਣੇ ਬੰਨ੍ਹ ਤੇ ਪਹਿਲਾਂ ਤੋਂ ਹੀ ਸੇਵਾ ਕਰਦਾ ਆ ਰਿਹਾ ਸੀ ਬੀਤੇ ਕੱਲ੍ਹ ਆਪਣੇ ਭਰਾ ਪ੍ਰੇਮ ਸਿੰਘ ਨਾਲ ਘੱਗਰ ਬੰਨ੍ਹ ’ਤੇ ਗਿਆ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਜਾਣ ਕਾਰਨ ਉਹ ਘੱਗਰ ਦੇ ਪਾਣੀ ਵਿਚ ਰੁੜ੍ਹ ਗਿਆ ਸੀ। ਅੱਜ ਉਸ ਦੀ ਤੈਰਦੀ ਲਾਸ਼ ਝੰਡਾ ਖੁਰਦ ਦੇ ਨਜ਼ਦੀਕ ਘੱਗਰ ਵਿਚ ਵੇਖੀ ਗਈ ਤਾਂ ਉਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਂਦਾ ਗਿਆ ਜਿੱਥੇ ਉਸ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇ ਭਰਾ ਪ੍ਰੇਮ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਿਸ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਵਾਰਡ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਆਰਥਿਕ ਮਦਦ ਦਿੱਤੀ ਜਾਵੇ।
ਔਰਤ ਨੇ ਘੱਗਰ ਵਿੱਚ ਛਾਲ ਮਾਰੀ
ਏਲਨਾਬਾਦ (ਜਗਤਾਰ ਸਮਾਲਸਰ): ਇੱਕ 40 ਸਾਲਾ ਔਰਤ ਨੇ ਅੱਜ ਓਟੂ ਹੈੱਡ ਤੇ ਘੱਗਰ ਵਿੱਚ ਛਾਲ ਮਾਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਘੱਗਰ ਵਿੱਚ ਪਿੰਡ ਕੁੱਤਾਵੱਢ ਤੱਕ ਉਸ ਦੀ ਭਾਲ ਕੀਤੀ ਜਾ ਰਹੀ ਸੀ। ਰਾਣੀਆਂ ਦੇ ਪਿੰਡ ਅਭੋਲੀ ਵਾਸੀ ਗੋਗੀ ਬਾਈ ਪਿੰਡ ਮੁਸਾਹਿਬਵਾਲਾ ਵਿਖੇ ਵਿਆਹੀ ਹੋਈ ਸੀ ਅਤੇ ਉਸਦੇ ਚਾਰ ਬੱਚੇ ਹਨ। ਉਸਦੇ ਪਤੀ ਨੇ ਕੁਝ ਸਮਾਂ ਪਹਿਲਾਂ ਕਿਤੇ ਹੋਰ ਵਿਆਹ ਕਰਵਾ ਲਿਆ ਸੀ।