ਕਾਰ ’ਚੋਂ ਨੌਜਵਾਨ ਦੀ ਲਾਸ਼ ਮਿਲੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਅੱਜ ਦੱਸਿਆ ਕਿ ਪੂਰਬੀ ਦਿੱਲੀ ਦੇ ਗਾਜ਼ੀਪੁਰ ਪਿੰਡ ਵਿੱਚ ਇੱਕ ਕਾਰ ’ਚੋਂ ਖੂਨ ਨਾਲ ਲਬਿੜੀ ਵਿਅਕਤੀ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ ’ਤੇ ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਲਈ ਹੈ। ਇਲਾਕੇ ਨੂੰ ਸੀਲ ਕਰ ਕੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਵਾਹਨ ਰਜਿਸਟ੍ਰੇਸ਼ਨ ਵਾਲੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਨੌਜਵਾਨ ਦੀ ਪਛਾਣ ਸੌਰਭ ਕੁਮਾਰ (27) ਵਜੋਂ ਹੋਈ ਹੈ। ਉਹ ਗਾਜ਼ੀਪੁਰ ਸਥਿਤ ਵੇਸਟ ਮੈਨੇਜਮੈਂਟ ਪਲਾਂਟ ਵਿੱਚ ਕੰਮ ਕਰਦਾ ਸੀ। ਸੌਰਭ ਕੁਮਾਰ ਗਾਜ਼ੀਪੁਰ ਪਲਾਂਟ ਵਿੱਚ ਆਪਰੇਟਰ ਸੀ। ਉਹ ਅੱਜ ਸਵੇਰੇ 6 ਵਜੇ ਆਪਣੀ ਡਿਊਟੀ ਪੂਰੀ ਕਰ ਕੇ ਕਾਰ ਰਾਹੀਂ ਮਯੂਰ ਵਿਹਾਰ ਸਥਿਤ ਆਪਣੇ ਘਰ ਜਾ ਰਿਹਾ ਸੀ। ਪਲਾਂਟ ਤੋਂ ਕੁਝ ਦੂਰੀ ’ਤੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ’ਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।