ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ
ਐਨਪੀ. ਧਵਨ
ਪਠਾਨਕੋਟ, 24 ਜੂਨ
ਹਲਕਾ ਭੋਆ ਵਿੱਚ ਪੈਂਦੇ ਪਿੰਡ ਚੱਕ ਧਾਰੀਵਾਲ ਵਿੱਚ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ (30) ਵਾਸੀ ਚੱਕ ਧਾਰੀਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਨੌਜਵਾਨ ਦਾ ਕਤਲ ਕੇ ਲਾਸ਼ ਨੂੰ ਦਰੱਖਤ ਨਾਲ ਟੰਗ ਦਿੱਤਾ ਗਿਆ ਹੈ।
ਅੱਜ ਸਵੇਰੇ ਪਿੰਡ ਵਾਸੀਆਂ ਨੇ ਪਿੰਡ ਤੋਂ ਕੁੱਝ ਹੀ ਦੂਰੀ ‘ਤੇ ਖੇਤਾਂ ਵਿੱਚ ਪਾਣੀ ਵਾਲੀ ਮੋਟਰ ਕੋਲ ਦਰੱਖਤ ਨਾਲ ਲਟਕਦੀ ਲਾਸ਼ ਦੇਖੀ। ਉਨ੍ਹਾਂ ਨੇ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੂੰ ਦਿੱਤੀ ਤੇ ਅੱਗੋਂ ਉਸ ਨੇ ਪੁਲੀਸ ਨੂੰ ਦੱਸਿਆ। ਮ੍ਰਿਤਕ ਦੇ ਚਾਚਾ ਨਰਾਇਣ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਕੱਲ੍ਹ ਸਵੇਰੇ 11 ਵਜੇ ਘਰ ਤੋਂ ਸਕੂਟੀ ‘ਤੇ ਗਿਆ ਸੀ। ਉਹ ਰਾਤ ਤੱਕ ਘਰ ਨਹੀਂ ਪੁੱਜਿਆ ਤਾਂ ਪਰਿਵਾਰ ਵੱਲੋਂ ਫੋਨ ‘ਤੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਹੋ ਸਕੀ। ਦੇਰ ਰਾਤ ਤੱਕ ਨਾ ਆਉਣ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਨਰਾਇਣ ਸਿੰਘ ਨੇ ਆਪਣੇ ਭਤੀਜੇ ਦੇ ਕਤਲ ਦਾ ਖਦਸ਼ਾ ਪ੍ਰਗਟ ਕੀਤਾ ਹੈ।
ਥਾਣਾ ਸਦਰ ਮੁਖੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਫ਼ਿਲਹਾਲ 174 ਤਹਿਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਹੀ ਮੌਤ ਦੇ ਕਾਰਨ ਦਾ ਅਸਲ ਪਤਾ ਲੱਗ ਸਕੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਸਕੂਟੀ ਵਿੱਚੋਂ ਜਾਂ ਉਸ ਦੇ ਕੱਪੜਿਆਂ ਵਿੱਚੋਂ ਕੋਈ ਵੀ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ।