For the best experience, open
https://m.punjabitribuneonline.com
on your mobile browser.
Advertisement

ਆਸਟਰੇਲੀਆ ਤੋਂ ਪਰਤੇ ਵਿਅਕਤੀ ਦੀ ਲਾਸ਼ ਮਿਲੀ

07:45 AM Mar 05, 2024 IST
ਆਸਟਰੇਲੀਆ ਤੋਂ ਪਰਤੇ ਵਿਅਕਤੀ ਦੀ ਲਾਸ਼ ਮਿਲੀ
ਹਰਦੇਵ ਸਿੰਘ ਦੀ ਫਾਈਲ ਫੋਟੋ।
Advertisement

ਐੱਨ.ਪੀ. ਧਵਨ
ਪਠਾਨਕੋਟ, 4 ਮਾਰਚ
ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ’ਤੇ ਸਥਿਤ ਪਿੰਡ ਪਰਮਾਨੰਦ ਕੋਲ ਅੱਜ ਸਵੇਰੇ ਸੜਕ ਕਿਨਾਰੇ ਆਸਟਰੇਲੀਆ ਤੋਂ ਪਰਤੇ ਇੱਕ ਪੰਜਾਬੀ ਨੌਜਵਾਨ ਦੀ ਲਾਸ਼ ਪਈ ਮਿਲੀ। ਮ੍ਰਿਤਕ ਦੀ ਪਛਾਣ ਹਰਦੇਵ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਪਿੰਡ ਚੱਕ ਅਮੀਰ, ਹਲਕਾ ਭੋਆ ਵਜੋਂ ਹੋਈ ਹੈ। ਉਸ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਹਰਦੇਵ ਦੀ ਲਾਸ਼ ਕੋਲ ਉਸ ਦੀ ਥਾਰ ਗੱਡੀ ਵੀ ਖੜ੍ਹੀ ਮਿਲੀ ਹੈ।
ਇਸ ਸਬੰਧੀ ਸੂਚਨਾ ਮਿਲਣ ਮਗਰੋਂ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ। ਥਾਣਾ ਤਾਰਾਗੜ੍ਹ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਸਵੇਰੇ ਸੈਰ ’ਤੇ ਨਿਕਲੇ ਇੱਕ ਵਿਅਕਤੀ ਨੇ ਪੁਲੀਸ ਨੂੰ ਫੋਨ ਕਰ ਕੇ ਦੱਸਿਆ ਕਿ ਪਰਮਾਨੰਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖ ਗੇਟ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੈ ਅਤੇ ਨੇੜੇ ਇੱਕ ਥਾਰ ਗੱਡੀ ਵੀ ਲਾਵਾਰਿਸ ਖੜ੍ਹੀ ਹੈ। ਸ੍ਰੀ ਢਿੱਲੋਂ ਨੇ ਸੰਭਾਵਨਾ ਜਤਾਈ ਹੈ ਕਿ ਕਾਤਲਾਂ ਨੇ ਕਤਲ ਕਰਨ ਮਗਰੋਂ ਪੁਲੀਸ ਨੂੰ ਉਲਝਾਉਣ ਲਈ ਜਾਣਬੁੱਝ ਕੇ ਲਾਸ਼ ਇੱਥੇ ਲਿਆ ਕੇ ਸੁੱਟੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪੁਲੀਸ ਦੀਆਂ ਕਈ ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਹੋਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਕਤਲ ਰੰਜਿਸ਼ ਤਹਿਤ ਵੀ ਕੀਤਾ ਗਿਆ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਰਦੇਵ ਸਿੰਘ 2017 ਵਿੱਚ ਆਸਟਰੇਲੀਆ ਗਿਆ ਸੀ ਅਤੇ ਉਸ ਦੀ ਪਤਨੀ ਤੇ ਪੁੱਤਰ ਉੱਥੇ ਹੀ ਰਹਿੰਦੇ ਹਨ। ਹਰਦੇਵ ਕੁੱਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ। ਮ੍ਰਿਤਕ ਦੇ ਰਿਸ਼ਤੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਹਰਦੇਵ ਬੀਤੇ ਦਿਨ ਆਪਣੇ ਇੱਕ ਦੋਸਤ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪਣੀ ਥਾਰ ਗੱਡੀ ’ਤੇ ਤਰਨ ਤਾਰਨ ਗਿਆ ਸੀ ਅਤੇ ਉਸ ਦਾ ਸਾਲਾ ਵੀ ਉਸ ਦੇ ਨਾਲ ਸੀ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਹੈ ਕਿ ਕਿਸੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਹਰਦੇਵ ਸਿੰਘ ਦਾ ਕਤਲ ਕੀਤਾ ਗਿਆ ਹੈ। ਪੁਲੀਸ ਨੇ ਪਠਾਨਕੋਟ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×