ਲਾਪਤਾ ਨੌਜਵਾਨ ਦੀ ਲਾਸ਼ ਰੇਲਵੇ ਲਾਈਨਾਂ ਕੋਲੋਂ ਮਿਲੀ
ਟ੍ਰਿਬਿਊਨ ਨਿਊਜ਼ ਸਰਵਿਸ (ਲੁਧਿਆਣਾ)
ਦੋ ਦਿਨ ਪਹਿਲਾਂ ਘਰ ਤੋਂ ਦੋਸਤ ਨਾਲ ਨਿਕਲੇ ਕੋਚਰ ਮਾਰਕੀਟ ਇਲਾਕੇ ’ਚ ਰਹਿਣ ਵਾਲੇ ਗਗਨਦੀਪ ਉਰਫ਼ ਗੋਰਾ ਦੀ ਲਾਸ਼ ਸਵੇਰੇ ਹਰਨਾਮ ਨਗਰ ਸਥਿਤ ਰੇਲਵੇ ਲਾਈਨਾਂ ਕੋਲੋਂ ਮਿਲੀ ਹੈ। ਰਾਹਗੀਰਾਂ ਨੇ ਲਾਸ਼ ਦੇਖ ਕੇ ਸੂਚਨਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਲਾਸ਼ ਗੋਰਾ ਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਸੱਦਿਆ ਗਿਆ। ਪਰਿਵਾਰ ਨੇ ਉਸਦੇ ਦੋਸਤ ਰਵੀ ’ਤੇ ਦੋਸ਼ ਲਾਏ, ਕਿਉਂਕਿ ਰਵੀ ਹੀ ਉਸਦਾ ਫੋਨ ਲੈ ਕੇ ਗਿਆ ਸੀ ਤੇ ਪਰਿਵਾਰ ਵਾਲਿਆਂ ਨੂੰ ਦਿੱਤਾ ਸੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਫਿਲਹਾਲ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਰਵੀ ਦੇ ਖਿਲਾਫ਼ ਧਾਰਾ 105 ਤਹਿਤ ਕੇਸ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਵਾਹਰ ਨਗਰ ਕੈਂਪ ’ਚ ਰਹਿਣ ਵਾਲੇ ਗੋਰਾ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਉਹ ਆਪਣੀ ਮਾਂ ਤੇ ਭਰਾ ਨਾਲ ਰਹਿੰਦਾ ਹੈ। ਉਹ ਦੋ ਦਿਨ ਤੋਂ ਘਰੋਂ ਲਾਪਤਾ ਚੱਲ ਰਿਹਾ ਸੀ। ਪਰਿਵਾਰ ਵਾਲਿਆਂ ਨੇ ਉਸਦੀ ਕਾਫ਼ੀ ਭਾਲ ਕੀਤੀ, ਪਰ ਉਸਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ। ਐੱਸ.ਐੱਚ.ਓ. ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਦੀ ਜੋ ਰਿਪੋਰਟ ਆਵੇਗੀ, ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲੀਸ ਨੇ ਰਵੀ ਖਿਲਾਫ਼ ਕੇਸ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।