ਲਾਪਤਾ ਨੌਜਵਾਨ ਦੀ ਲਾਸ਼ ਦਰਿਆ ’ਚੋਂ ਮਿਲੀ
ਪੱਤਰ ਪ੍ਰੇਰਕ
ਪਠਾਨਕੋਟ, 8 ਨਵੰਬਰ
ਹਿਮਾਚਲ-ਪੰਜਾਬ ਦੀ ਸਰਹੱਦ ’ਤੇ ਪੈਂਦੇ ਚੱਕੀ ਦਰਿਆ ਵਿੱਚ ਡੁੱਬੇ ਨੌਜਵਾਨ ਦੀ ਲਾਸ਼ ਚਾਰ ਦਿਨਾਂ ਮਗਰੋਂ ਅੱਜ ਪਾਣੀ ’ਤੇ ਤੈਰਦੀ ਮਿਲੀ ਹੈ। ਜ਼ਿਕਰਯੋਗ ਹੈ ਕਿ ਐੱਨਡੀਆਰਐਫ ਦੀਆਂ ਟੀਮਾਂ ਸਾਰੇ ਦਰਿਆ ਵਿੱਚ ਲਾਸ਼ ਨੂੰ ਲੱਭਣ ਵਿੱਚ ਜੁਟੀਆਂ ਹੋਈਆਂ ਸਨ। ਉਸ ਦੀ ਲਾਸ਼ ਅੱਜ ਚੌਥੇ ਦਿਨ ਸ਼ਾਮ 5 ਵਜੇ ਦੇ ਕਰੀਬ ਪਾਣੀ ਵਿੱਚ ਤੈਰਦੀ ਹੋਈ ਮਿਲ ਗਈ। ਮ੍ਰਿਤਕ ਦੀ ਪਛਾਣ ਮਨੀਸ਼ ਕੁਮਾਰ (23) ਪੁੱਤਰ ਸਵਰਨ ਦਾਸ ਵਾਸੀ ਡੇਹਰੀਵਾਲ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਮਾਮੂਨ ਦੀ ਪੁਲੀਸ ਵੱਲੋਂ ਭਲਕੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਇਸ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਮਨੀਸ਼ ਕੁਮਾਰ ਆਪਣੇ ਰਿਸ਼ਤੇਦਾਰ ਸੁਨੀਲ ਕੁਮਾਰ ਨਾਲ (ਦੋਹੇਂ ਜਣੇ) ਪਿੰਡ ਬੁੰਗਲ ਵਿੱਚ ਸੈਲੂਨ ਦਾ ਕੰਮ ਕਰਦਾ ਸੀ। ਉਹ ਉਥੇ ਹੀ ਦੁਕਾਨ ਦੇ ਉਪਰ ਰਹਿੰਦੇ ਸਨ। ਉਹ ਸਵੇਰੇ ਚੱਕੀ ਦਰਿਆ ਕਿਨਾਰੇ ਸੈਰ ਲਈ ਚਲੇ ਜਾਂਦੇ ਸਨ। ਮੰਗਲਵਾਰ ਸਵੇਰੇ ਕਰੀਬ 10 ਵਜੇ ਜਦੋਂ ਉਹ ਦੋਵੇਂ ਚੱਕੀ ਦਰਿਆ ਕੰਢੇ ਸੈਰ ਲਈ ਗਏ ਤਾਂ ਮਨੀਸ਼ ਕੁਮਾਰ ਦਾ ਪੈਰ ਤਿਲਕ ਗਿਆ ਅਤੇ ਉਹ ਦਰਿਆ ਵਿੱਚ ਰੁੜ੍ਹ ਗਿਆ। ਸੁਨੀਲ ਕੁਮਾਰ ਨੇ ਪਤਾ ਚੱਲਣ ’ਤੇ ਇਸ ਘਟਨਾ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰ ਨੇ ਇਸ ਸਬੰਧੀ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਅਤੇ ਆਪਣੇ ਲੜਕੇ ਦੇ ਦਰਿਆ ਵਿੱਚ ਡੁੱਬੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ। ਇਸ ਮਗਰੋਂ ਪ੍ਰਸ਼ਾਸਨ ਨੇ ਐੱਨਡੀਆਰਐੱਫ ਦੀ ਟੀਮ ਨੂੰ ਲਾਸ਼ ਲੱਭਣ ’ਤੇ ਲਾ ਦਿੱਤਾ। ਚਾਰ ਦਿਨਾਂ ਮਗਰੋਂ ਅੱਜ ਉਸ ਦੀ ਲਾਸ਼ ਬਰਾਮਦ ਹੋਈ ਹੈ।