ਪਿੰਡ ਸਰਾਭਾ ਦੇ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ
ਸੰਤੋਖ ਗਿੱਲ
ਰਾਏਕੋਟ, 26 ਸਤੰਬਰ
ਪਿਛਲੇ ਦੋ ਦਿਨਾਂ ਤੋਂ ਲਾਪਤਾ ਪਿੰਡ ਸਰਾਭਾ ਦੇ ਹਰਵਿੰਦਰ ਸਿੰਘ (22) ਦੀ ਲਾਸ਼ ਰੂਪਾਪੱਤੀ ਨੇੜੇ ਨੂਰਪੁਰਾ ਰਜਵਾਹੇ ਵਿੱਚੋਂ ਮਿਲ ਗਈ ਹੈ, ਪਰ ਹਾਲੇ ਵੀ ਕਈ ਸਵਾਲ ਅਣਸੁਲਝੇ ਹਨ। ਮ੍ਰਿਤਕ ਹਰਵਿੰਦਰ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ਕਾਰਨ ਮਾਮਲਾ ਹੋਰ ਵੀ ਸ਼ੱਕੀ ਹੋ ਗਿਆ ਹੈ। ਥਾਣਾ ਰਾਏਕੋਟ ਸਦਰ ਦੀ ਪੁਲੀਸ ਨੇ ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਜਗਦੀਪ ਸਿੰਘ ਅਨੁਸਾਰ ਸਿਵਲ ਹਸਪਤਾਲ ਜਗਰਾਉਂ ਦੇ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਨਮੂਨੇ ਫੋਰੈਂਸਿਕ ਜਾਂਚ ਲਈ ਭੇਜੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਪੁੱਤਰ ਸਵਰਗੀ ਸੰਤੋਖ ਸਿੰਘ ਵਾਸੀ ਸਰਾਭਾ ਆਪਣੇ ਜੀਜਾ ਅੰਮ੍ਰਿਤਪਾਲ ਸਿੰਘ ਦੇ ਮੋਟਰ ਗਰਾਜ ਮੰਡੀ ਅਹਿਮਦਗੜ੍ਹ ਵਿੱਚ ਕੰਮ ਕਰਦਾ ਸੀ ਅਤੇ ਸੋਮਵਾਰ ਦੀ ਰਾਤ ਨੂੰ ਉੱਥੋਂ ਆਪਣੇ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ। ਦੋ ਦਿਨ ਤੋਂ ਲਾਪਤਾ ਨੌਜਵਾਨ ਦਾ ਮੋਟਰਸਾਈਕਲ ਵੀ ਲੰਘੀ ਰਾਤ ਥਾਣਾ ਜੋਧਾਂ ਦੀ ਪੁਲੀਸ ਨੇ ਫ਼ੋਨ ਲੋਕੇਸ਼ਨ ਦੀ ਮਦਦ ਨਾਲ ਪਿੰਡ ਲੀਲ੍ਹਾਂ ਦੇ ਰਜਵਾਹੇ ਲਾਗਿਓਂ ਬਰਾਮਦ ਕਰ ਲਿਆ ਹੈ, ਜਿਸ ਦੀ ਪੁਸ਼ਟੀ ਇੰਸਪੈਕਟਰ ਹੀਰਾ ਸਿੰਘ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਲੰਮੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਤੋਂ 17 ਲੱਖ ਰੁਪਏ ਲੁੱਟੇ ਗਏ ਸਨ, ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਸੀ। ਹਠੂਰ ਪੁਲੀਸ ਨੇ ਰਾਏਕੋਟ ਤੋਂ ਦੋ ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਸੀ ਅਤੇ ਰਾਜਵਿੰਦਰ ਸਿੰਘ ਵਾਸੀ ਬੱਲੂਆਣਾ, ਮਨਪ੍ਰੀਤ ਸਿੰਘ ਵਾਸੀ ਮੋਗਾ, ਸੰਦੀਪ ਸਿੰਘ ਅਤੇ ਹਰਵਿੰਦਰ ਸਿੰਘ ਵਾਸੀ ਸਰਾਭਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਲਾਂਕਿ, ਪੁਲੀਸ ਅਧਿਕਾਰੀਆਂ ਅਨੁਸਾਰ ਪਿੰਡ ਸਰਾਭਾ ਵਿੱਚ ਇੱਕੋ ਨਾਮ ਦੇ ਦੋ ਨੌਜਵਾਨਾਂ ਕਾਰਨ ਕੁਝ ਅਫ਼ਵਾਹਾਂ ਫੈਲ ਗਈਆਂ ਸਨ। ਦੂਜੇ ਪਾਸੇ ਪਿੰਡ ਸਰਾਭਾ ਦੇ ਲੋਕ ਪੁਲੀਸ ਦੀ ਕਹਾਣੀ ਉਪਰ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹਨ।
ਚਾਰ ਭੈਣਾਂ ਦਾ ਇੱਕਲੌਤਾ ਭਰਾ ਸੀ ਹਰਵਿੰਦਰ
ਹਰਵਿੰਦਰ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸਦੇ ਪਿਤਾ ਦੀ ਮੌਤ ਵੀ ਦੋ ਮਹੀਨੇ ਪਹਿਲਾਂ ਹੋ ਚੁੱਕੀ ਹੈ। ਮ੍ਰਿਤਕ ਦੇ ਜੀਜਾ ਅੱਬੂਵਾਲ ਵਾਸੀ ਕਰਮਜੀਤ ਸਿੰਘ ਅਨੁਸਾਰ ਗੁੰਮਸ਼ੁਦਗੀ ਤੋਂ ਕੁਝ ਅਰਸਾ ਪਹਿਲਾਂ ਹਰਵਿੰਦਰ ਸਿੰਘ ਦੇ ਏਟੀਐੱਮ ਤੋਂ ਕਿਸੇ ਨੂੰ 1600 ਰੁਪਏ ਟਰਾਂਸਫ਼ਰ ਵੀ ਹੋਏ ਸਨ ਅਤੇ ਉੱਥੇ ਹੀ ਕਿਸੇ ਨਾਲ ਆਖ਼ਰੀ ਫੋਨ ਕਾਲ ਵੀ ਹੋਈ ਸੀ।