ਲਾਪਤਾ ਬਜ਼ੁਰਗ ਦੀ ਭੇਤ-ਭਰੀ ਹਾਲਤ ਵਿੱਚ ਲਾਸ਼ ਬਰਾਮਦ
ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਸੰਤਬਰ
ਇੱਥੋਂ ਨੇੜਲੇ ਪਿੰਡ ਭੁਟਾਲ ਕਲਾਂ ਦੇ ਇੱਕ ਬਜ਼ੁਰਗ ਦੀ ਭੇਤ-ਭਰੀ ਹਾਲਤ ’ਚ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੁਟਾਲ ਕਲਾਂ ਵਾਸੀ ਭੂਰਾ ਸਿੰਘ (60) ਪੁੱਤਰ ਕ੍ਰਿਪਾਲ ਸਿੰਘ ਕੁੱਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਭੂਰਾ ਸਿੰਘ ਦੀ ਲਾਸ਼ 12 ਸਤੰਬਰ ਨੂੰ ਟੋਹਾਣਾ ਨੇੜਿਓਂ ਭਾਖੜਾ ਨਹਿਰ ਵਿੱਚੋਂ ਮਿਲੀ ਹੈ ਅਤੇ ਉਸ ਸਮੇਂ ਲਾਸ਼ ਦੇ ਪੈਰ ਬੰਨ੍ਹੇ ਹੋਏ ਸਨ। ਡੀਐੱਸਪੀ ਟੋਹਾਣਾ ਨੇ ਫੋਨ ’ਤੇ ਦੱਸਿਆ ਕਿ ਥਾਣਾ ਲਹਿਰਾਗਾਗਾ ਦੀ ਪੁਲੀਸ ਇਸ ਮਾਮਲੇ ’ਤੇ ਕਾਰਵਾਈ ਕਰ ਰਹੀ ਹੈ। ਲਹਿਰਾਗਾਗਾ ਪੁਲੀਸ ਦੇ ਡੀਐੱਸਪੀ ਦੀਪਇੰਦਰ ਸਿੰਘ ਜੇਜੀ ਤੇ ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆਂ ਕਿ ਭੂਰਾ ਸਿੰਘ ਦੇ ਭਰਾ ਮੇਜਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਦੋ ਬੱਚੇ ਹਰਜਿੰਦਰ ਕੌਰ ਉਰਫ ਰਾਜ ਅਤੇ ਤਰਸੇਮ ਸਿੰਘ ਉਰਫ ਸੇਮੀ ਵਿਆਹੇ ਹੋਏ ਹਨ। ਪਰਿਵਾਰ ਦਾ ਭੂਰਾ ਸਿੰਘ ਨਾਲ ਲੜਾਈ ਝਗੜਾ ਰਹਿੰਦਾ ਸੀ। ਕੁੱਝ ਦਿਨ ਪਹਿਲਾਂ ਭੂਰਾ ਸਿੰਘ ਨੇ ਦੱਸਿਆ ਸੀ ਕਿ ਪਰਿਵਾਰ ਅਤੇ ਲੜਕੇ ਦੇ ਸਹੁਰੇ ਮਿਲ ਕੇ ਉਸ ਨੂੰ ਮਾਰ ਸਕਦੇ ਹਨ। ਇਸ ਮਗਰੋਂ ਭੂਰਾ ਸਿੰਘ ਘਰੋਂ ਲਾਪਤਾ ਸੀ। ਭਾਲ ਕਰਨ ’ਤੇ ਟੋਹਾਣਾ ਨਹਿਰ ਵਿੱਚੋਂ ਭੂਰਾ ਸਿੰਘ ਦੀ ਲਾਸ਼ ਮਿਲੀ। ਉਸ ਦੇ ਸਰੀਰ ’ਤੇ ਕੁੱਟਮਾਰ ਦੇ ਨਿਸ਼ਾਨ ਸਨ। ਲਹਿਰਾਗਾਗਾ ਪੁਲੀਸ ਨੇ ਬਿਆਨ ਦੇ ਆਧਾਰ ’ਤੇ ਤਰਸੇਮ ਸਿੰਘ ਉਰਫ ਸੇਮੀ, ਹਰਜਿੰਦਰ ਕੌਰ ਉਰਫ ਰਾਜ, ਸ਼ਿੰਦਰ ਕੌਰ ਪਤਨੀ ਭੂਰਾ ਸਿੰਘ ਅਤੇ ਨੂੁੰਹ ਬੇਅੰਤ ਕੌਰ ਅਤੇ ਕੁੜਮਣੀ ਪਾਲੋ ਕੌਰ ਤੇ ਕੁੜਮ ਪਾਲ ਸਿੰਘ ਵਾਸੀ ਹਰਿਆਉ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਵਿਸ਼ੇਸ਼ ਰਿਪੋਰਟ ਤਿਆਰ ਕਰ ਕੇ ਇਲਾਕਾ ਮੈਜਿਸਟ੍ਰੇਟ ਨੂੰ ਭੇਜੀ ਹੈ।