ਕਾਰ ਦੀ ਡਿੱਗੀ ’ਚ ਰੱਖੇ ਸੂਟਕੇਸ ਵਿੱਚੋਂ ਮਿਲੀ ਲਾਪਤਾ ਬੱਚੇ ਦੀ ਲਾਸ਼
ਰਤਨ ਸਿੰਘ ਢਿੱਲੋਂ
ਅੰਬਾਲਾ, 5 ਅਪਰੈਲ
ਬੀਤੇ ਦਿਨੀਂ ਲਾਪਤਾ ਹੋਏ 13 ਸਾਲਾ ਬੱਚੇ ਦੀ ਲਾਸ਼ ਅੰਬਾਲਾ ਕੈਂਟ ਦੇ ਦੁਧਲਾ ਮੰਡੀ ਇਲਾਕੇ ਵਿਚ ਖੜ੍ਹੀ ਹੌਂਡਾ ਸਿਟੀ ਕਾਰ ਦੀ ਡਿੱਗੀ ਵਿਚ ਰੱਖੇ ਸੂਟਕੇਸ ਵਿਚੋਂ ਮਿਲੀ ਹੈ। ਬੱਚੇ ਦੇ ਪਿਤਾ ਨੇ ਵੀਰਵਾਰ ਨੂੰ ਥਾਣਾ ਪੜਾਓ ਪੁਲੀਸ ਕੋਲ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਸੀ। ਬੱਚੇ ਦੀ ਪਛਾਣ ਗੌਰਵ ਪੁੱਤਰ ਦੇਵੀ ਸਹਾਏ ਵਾਸੀ ਹਿੰਮਤਪੁਰਾ ਵਜੋਂ ਹੋਈ ਹੈ। ਮੌਕੇ ’ਤੇ ਪੁੱਜੀ ਪੁਲੀਸ ਨੂੰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ 9 ਵਜੇ ਦੁਧਲਾ ਮੰਡੀ ਵਿਚ ਗੱਡੀ ਖੜ੍ਹੀ ਦੇਖੀ। ਜਦੋਂ ਇਸ ਨੂੰ ਖੋਲ੍ਹ ਕੇ ਦੇਖਿਆ ਤਾਂ ਡਿੱਗੀ ਵਿੱਚੋਂ ਇਕ ਸੂਟਕੇਸ ਮਿਲਿਆ। ਸੂਟਕੇਸ ਖੋਲ੍ਹ ਕੇ ਦੇਖਿਆ ਤਾਂ ਮਾਮਲਾ ਸੰਗੀਨ ਹੋਣ ਤੇ ਪੁਲੀਸ ਨੂੰ ਸੂਚਿਤ ਕੀਤਾ।
ਡੀਐੱਸਪੀ ਰਜਤ ਗੁਲੀਆ, ਪੜਾਓ ਥਾਣਾ ਇੰਚਾਰਜ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ ’ਤੇ ਪਹੁੰਚ ਕੇ ਜਾਂਚ ਵਿਚ ਜੁੱਟ ਗਈ। ਪੁਲੀਸ ਨੇ ਗੱਡੀ ਵਿੱਚੋਂ ਇਕ ਡਾਇਰੀ, ਵੱਖ ਵੱਖ ਬੈਂਕਾਂ ਦੀਆਂ ਪਾਸ ਬੁੱਕਾਂ, ਪਾਣੀ ਦੀ ਬੋਤਲ, ਕੱਚ ਦਾ ਗਲਾਸ, ਚਸ਼ਮਾ ਅਤੇ ਹੋਰ ਸ਼ੱਕੀ ਸਾਮਾਨ ਕਬਜ਼ੇ ਵਿੱਚ ਲਿਆ ਹੈ।
ਪੁਲੀਸ ਅਨੁਸਾਰ ਗੌਰਵ ਦਾ ਪਿਤਾ ਦੇਵੀ ਸਹਾਏ ਰੇਲਵੇ ਵਿਚ ਨੌਕਰੀ ਕਰਦਾ ਹੈ। ਉਸ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਗੌਰਵ 3 ਅਪਰੈਲ ਨੂੰ ਸ਼ੱਕੀ ਹਾਲਤਾਂ ਵਿਚ ਲਾਪਤਾ ਹੋ ਗਿਆ ਹੈ। ਗੌਰਵ ਚਾਰ ਭੈਣਾਂ ਦਾ ਇੱਕੋ ਭਰਾ ਹੈ ਤੇ ਨੌਵੀਂ ਜਮਾਤ ਵਿਚ ਪੜ੍ਹਦਾ ਹੈ। ਡੀਐੱਸਪੀ ਰਜਤ ਗੁਲੀਆ ਅਨੁਸਾਰ ਦੇਵੀ ਸਹਾਏ ਦੇ ਗੁਆਂਢੀ ਅਸ਼ਵਨੀ ਨੇ ਰਿੰਕੂ ਨਾਂ ਦੇ ਵਿਅਕਤੀ ਕੋਲੋਂ ਇਕ ਲੱਖ 80 ਹਜ਼ਾਰ ਰੁਪਏ ਕਰਜ਼ਾ ਲਿਆ ਸੀ, ਜਿਸ ਦੇ ਬਦਲੇ ਉਸ ਨੇ ਆਪਣੀ ਹੌਂਡਾ ਸਿਟੀ ਕਾਰ ਗਿਰਵੀ ਰੱਖੀ ਸੀ। ਕੁਝ ਦਿਨ ਪਹਿਲਾਂ ਅਸ਼ਵਨੀ ਰਿੰਕੂ ਨੂੰ ਪੈਸੇ ਮੋੜਨ ਦਾ ਵਾਅਦਾ ਕਰਕੇ ਕਾਰ ਵਾਪਸ ਲੈ ਆਇਆ ਪਰ ਜਦੋਂ ਉਹ ਪੈਸੇ ਵਾਪਸ ਨਾ ਕਰ ਸਕਿਆ ਤਾਂ ਉਸ ਨੇ ਗੁਆਂਢੀ ਦੇ ਬੇਟੇ ਗੌਰਵ ਨੂੰ ਫਿਰੌਤੀ ਲਈ ਅਗਵਾ ਕਰ ਲਿਆ। ਇਸੇ ਦੌਰਾਨ ਅਸ਼ਵਨੀ ਨੇ ਗੌਰਵ ਦੇ ਪਿਤਾ ਨੂੰ ਇਹ ਕਹਿ ਕੇ ਫਿਰੌਤੀ ਦਾ ਪੱਤਰ ਦਿੱਤਾ ਕਿ ਕੋਈ ਉਸ ਦੀ ਮੋਟਰਸਾਈਕਲ ’ਤੇ ਰੱਖ ਗਿਆ ਹੈ। ਬੱਚੇ ਦੀ ਭੈਣ ਨੂੰ ਲਿਖੇ ਇਸ ਪੱਤਰ ਵਿਚ ਘਰ ਵਿਚ ਪਿਆ ਸੋਨਾ ਚਾਂਦੀ ਅਤੇ ਚਾਰ ਲੱਖ ਰੁਪਏ ਜੱਗੀ ਸਿਟੀ ਸੈਂਟਰ ਦੇ ਪਹਿਲੇ ਆਊਟ ਗੇਟ ਕੋਲ ਖੜ੍ਹੇ ਐਕਟਿਵਾ ਵਿਚ ਰੱਖਣ ਲਈ ਕਿਹਾ ਸੀ। ਦੇਵੀ ਸਹਾਏ ਇਹ ਪੱਤਰ ਲੈ ਕੇ ਥਾਣੇ ਚਲਾ ਗਿਆ।
ਪੁਲੀਸ ਅਨੁਸਾਰ ਅਸ਼ਵਨੀ ਇਸ ਹੱਤਿਆ ਕਾਂਡ ਦਾ ਮੁੱਖ ਮੁਲਜ਼ਮ ਹੈ। ਉਸ ਨੇ ਗੌਰਵ ਦੀ ਹੱਤਿਆ ਕਰਕੇ ਲਾਸ਼ ਸੂਟਕੇਸ ਵਿਚ ਪਾਈ ਅਤੇ ਗੱਡੀ ਦੀ ਡਿੱਗੀ ਵਿਚ ਪਾ ਕੇ ਗੱਡੀ ਰਿੰਕੂ ਦੇ ਘਰ ਅੱਗੇ ਖੜ੍ਹੀ ਕਰ ਦਿੱਤੀ। ਪੁਲੀਸ ਰਿੰਕੂ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਸਬੰਧੀ ਪੁੱਛ ਪੜਤਾਲ ਕਰ ਰਹੀ ਹੈ।