ਬੈਰਕ ਵਿਚ ਲਟਕਦੀ ਮਿਲੀ ਮਹਿਲਾ ਕਾਂਸਟੇਬਲ ਦੀ ਲਾਸ਼
ਸਮਸਤੀਪੁਰ, 14 ਨਵੰਬਰ
ਇੱਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿੱਚ ਇੱਕ ਮਹਿਲਾ ਪੁਲੀਸ ਕਾਂਸਟੇਬਲ ਦੀ ਲਾਸ਼ ਉਸ ਦੀ ਬੈਰਕ ਦੇ ਬਾਥਰੂਮ ਵਿੱਚ ਲਟਕਦੀ ਮਿਲੀ। ਮ੍ਰਿਤਕਾ ਦੀ ਪਛਾਣ ਵੈਸ਼ਾਲੀ ਜ਼ਿਲੇ ਦੀ ਰਹਿਣ ਵਾਲੀ ਚਾਂਦਨੀ ਕੁਮਾਰੀ ਵਜੋਂ ਹੋਈ ਹੈ। ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ (SDPO) ਸਮਸਤੀਪੁਰ ਸੰਜੇ ਕੁਮਾਰ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੰਦਨੀ ਕੁਮਾਰੀ ਮੁਸਰੀਗੜ੍ਹੀ ਥਾਣੇ ਦੀ ਦੂਜੀ ਮੰਜ਼ਿਲ ’ਤੇ ਬੈਰਕ ਵਿੱਚ ਰਹਿ ਰਹੀ ਸੀ, ਜਿਥੇ ਇਹ ਘਟਨਾ ਵਾਪਰੀ।
ਇੱਕ ਹੋਰ ਮਹਿਲਾ ਕਾਂਸਟੇਬਲ ਨੇ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਦੇਖਿਆ। ਦੂਜੇ ਕਾਂਸਟੇਬਲਾਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਚਾਂਦਨੀ ਬਾਥਰੂਮ ਦੇ ਅੰਦਰ ਲਟਕਦੀ ਮਿਲੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸ ਦਾ ਮੋਬਾਈਲ ਫ਼ੋਨ ਅਤੇ ਉਸ ਦੀ ਬੈਰਕ ਵਿੱਚੋਂ ਬਰਾਮਦ ਹੋਈ ਇੱਕ ਡਾਇਰੀ ਜ਼ਬਤ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੀਟੀਆਈ