ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਫੈਕਟਰੀ ਵਿੱਚੋਂ ਮਿਲੀ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 25 ਜੂਨ
ਇੱਥੋਂ ਦੀ ਹੈਬਤਪੁਰ ਸੜਕ ‘ਤੇ ਸਥਿਤ ਕੀਟਨਾਸ਼ਕ ਬਣਾਉਣ ਵਾਲੀ ਇਕ ਫੈਕਟਰੀ ਦੇ ਬਾਹਰ ਅੱਜ ਉਦੋਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਤਿੰਨ ਦਿਨਾਂ ਤੋਂ ਲਾਪਤਾ ਫੈਕਟਰੀ ਦੇ ਇਕ 19 ਸਾਲਾ ਵਰਕਰ ਦੀ ਲਾਸ਼ ਫੈਕਟਰੀ ਵਿੱਚੋਂ ਮਿਲਣ ਦੀ ਖਬਰ ਸਾਹਮਣੇ ਆਈ। ਮ੍ਰਿਤਕ ਲੜਕੇ ਦੇ ਪਰਿਵਾਰ ਨੇ ਫੈਕਟਰੀ ਮਾਲਕਾਂ ਅਤੇ ਠੇਕੇਦਾਰ ‘ਤੇ ਉਨ੍ਹਾਂ ਦੇ ਲੜਕੇ ਦਾ ਕਤਲ ਕਰਨ ਦਾ ਦੋਸ਼ ਲਾਉਂਦਿਆਂ ਕਾਫੀ ਹੰਗਾਮਾ ਕੀਤਾ। ਮ੍ਰਿਤਕ ਦੀ ਪਛਾਣ 19 ਸਾਲਾ ਸ਼ਗੁਨ ਵਜੋਂ ਹੋਈ ਹੈ। ਉਹ ਕਰੀਬ ਇਕ ਮਹੀਨਾ ਪਹਿਲਾਂ ਹੀ ਫੈਕਟਰੀ ਵਿੱਚ ਕੰਮ ‘ਤੇ ਲੱਗਿਆ ਸੀ। ਤਿੰਨ ਦਿਨ ਪਹਿਲਾਂ ਸ਼ਗੁਨ ਫੈਕਟਰੀ ਵਿੱਚ ਕੰਮ ‘ਤੇ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਪਰਿਵਾਰ ਨੇ ਉਸ ਦੀ ਭਾਲ ਕਰਦੇ ਹੋਏ ਫੈਕਟਰੀ ਮਾਲਕਾਂ ਨੂੰ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਿਖਾਉਣ ਦੀ ਅਪੀਲ ਕੀਤੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਮਾਲਕਾਂ ਨੇ ਪਹਿਲਾਂ ਕੈਮਰੇ ਖਰਾਬ ਹੋਣ ਦੀ ਗੱਲ ਆਖੀ ਤੇ ਫਿਰ ਸਿਰਫ ਐਨਾ ਹੀ ਦੱਸਿਆ ਕਿ ਕੈਮਰਿਆਂ ਵਿੱਚ ਸ਼ਗੁਨ ਦੁਪਹਿਰ ਸਮੇਂ ਫੈਕਟਰੀ ਵਿੱਚੋਂ ਬਾਹਰ ਜਾਂਦਾ ਦਿਖਾਈ ਦੇ ਰਿਹਾ ਹੈ। ਉਸ ਤੋਂ ਬਾਅਦ ਉਹ ਫੈਕਟਰੀ ਅੰਦਰ ਵਾਪਸ ਨਹੀਂ ਆਇਆ।
ਉੱਧਰ, ਥਾਣਾ ਮੁਖੀ ਜਸਕੰਵਲ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜੇ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਸੱਚਾਈ ਸਾਹਮਣੇ ਆ ਜਾਵੇਗੀ।