ਐਰੋ ਸਿਟੀ ਰੋਡ ਤੋਂ ਥ੍ਰੀ-ਵ੍ਹੀਲਰ ਚਾਲਕ ਦੀ ਲਾਸ਼ ਮਿਲੀ
ਹਰਜੀਤ ਸਿੰਘ
ਜ਼ੀਰਕਪੁਰ, 20 ਅਗਸਤ
ਇਥੋਂ ਦੀ ਐਰੋਸਿਟੀ ਰੋਡ ਅੱਜ ਤੜਕੇ 30 ਸਾਲਾਂ ਦੇ ਥ੍ਰੀ-ਵ੍ਹੀਲਰ ਚਾਲਕ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਇਹ ਲਾਸ਼ ਬਿਜਲੀ ਦੀ ਤਾਰ ਨਾਲ ਬੰਨ੍ਹੀ ਹੋਈ ਸੀ ਅਤੇ ਗਰਦਨ ’ਤੇ ਚਾਕੂ ਜਾਂ ਕਿਸੇ ਹੋਰ ਨੁਕੀਲੀ ਚੀਜ਼ ਨਾਲ ਵਾਰ ਕਰਨ ਦੇ ਨਿਸ਼ਾਨ ਮਿਲੇ ਹਨ। ਲਾਸ਼ ਦੇ ਨੇੜੇ ਥ੍ਰੀ-ਵ੍ਹੀਲਰ ਲਾਵਾਰਿਸ ਹਾਲਤ ਵਿੱਚ ਖੜ੍ਹਾ ਮਿਲਿਆ ਹੈ। ਮ੍ਰਿਤਕ ਦੀ ਪਛਾਣ ਹਰਿੰਦਰ ਸਿੰਘ ਵਾਸੀ ਬਾਲਾ ਜੀ ਨਗਰ ਗੁਲਾਬਗੜ੍ਹ ਰੋਡ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਰਿੰਦਰ ਦੇ ਭਰਾ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਸਾਢੇ 9 ਵਜੇ ਸੂਚਨਾ ਮਿਲੀ ਕਿ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਤੋਂ ਐਰੋਸਿਟੀ ਰੋਡ ’ਤੇ ਚੜ੍ਹਨ ਵੇਲੇ ਸੜਕ ਦੇ ਕੰਢੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਲਾਸ਼ ਦੇ ਨੇੜੇ ਥ੍ਰੀ-ਵ੍ਹੀਲਰ ਵੀ ਖੜ੍ਹਾ ਸੀ। ਮ੍ਰਿਤਕ ਦੇ ਜੇਬ ਵਿੱਚੋਂ ਡਾਕਟਰ ਦੀ ਪਰਚੀ ਮਿਲੀ ਹੈ ਜਿਸ ਤੋਂ ਉਸ ਦੀ ਪਛਾਣ ਹੋਈ ਹੈ। ਇਸ ਮਗਰੋਂ ਪੁਲੀਸ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਮ੍ਰਿਤਕ ਹਰਿੰਦਰ ਦੇ ਵੱਡੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਸਵੇਰ ਆਪਣਾ ਥ੍ਰੀ-ਵ੍ਹੀਲਰ ਲੈ ਕੇ ਕੰਮ ’ਤੇ ਗਿਆ ਸੀ ਤੇ ਸ਼ਾਮ ਨੂੰ ਉਹ ਘਰ ਨਹੀਂ ਆਇਆ। ਉਨ੍ਹਾਂ ਵੱਲੋਂ ਪੂਰੀ ਰਾਤ ਉਸ ਦੀ ਭਾਲ ਕੀਤੀ ਗਈ ਪਰ ਊਸ ਦਾ ਕੋਈ ਸੁਰਾਗ ਨਹੀ ਮਿਲਿਆ। ਸਵੇਰ ਉਨ੍ਹਾਂ ਨੂੰ ਉਸ ਦੀ ਲਾਸ਼ ਮਿਲੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੂੰ ਜਤਿੰਦਰ ਨੇ ਕੁਝ ਸ਼ੱਕੀ ਵਿਅਕਤੀਆਂ ਦੇ ਨਾਂ ਦੱਸੇ ਹਨ ਜਿਨ੍ਹਾਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਮੁਲਜ਼ਮਾਂ ਨੂੰ ਛੇਤੀ ਕੀਤਾ ਜਾਵੇਗਾ ਕਾਬੂ: ਥਾਣਾ ਮੁਖੀ
ਥਾਣਾ ਮੁਖੀ ਗੁਰਵੰਤ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਛੇਤੀ ਹੀ ਇਸ ਕੇਸ ਦੇ ਮੁਲਜ਼ਮਾਂ ਨੂੰ ਫੜ ਲਿਆ ਜਾਏਗਾ।