ਨਹਿਰ ਵਿਚੋਂ ਨਾਬਾਲਗ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ
ਜਲੰਧਰ, 8 ਅਗਸਤ
ਜਲੰਧਰ ’ਚ ਪਿਛਲੇ 3 ਦਿਨਾਂ ਤੋਂ ਲਾਪਤਾ ਪੰਜਾਬੀ ਬਾਗ ਦੇ ਰਹਿਣ ਵਾਲੇ 10 ਸਾਲਾਂ ਨਾਬਾਲਗ ਲੜਕੇ ਅਜੈ ਦੀ ਲਾਸ਼ ਬੀਤੇ ਦਿਨੀਂ ਥਾਣਾ 8 ਦੇ ਘੇਰੇ ’ਚ ਪੈਂਦੀ ਨਹਿਰ ’ਚੋਂ ਤੈਰਦੀ ਮਿਲੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਸੰਸਕਾਰ ਦੀ ਬਜਾਏ ਘਰ ’ਚ ਰੱਖ ਲਿਆ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਛੇ ਮਹੀਨਿਆਂ ਦੇ ਅੰਦਰ ਉਸ ਦੇ ਦੂਸਰੇ ਪੁੱਤਰ ਦੀ ਮੌਤ ਨਹਿਰ ’ਚ ਡੁੱਬਣ ਕਾਰਨ ਨਹੀਂ ਹੋਈ, ਸਗੋਂ ਉਸ ਨੂੰ ਮਾਰ ਕੇ ਨਹਿਰ ’ਚ ਸੁੱਟਿਆ ਗਿਆ ਹੈ। ਉਸ ਦੇ ਪੁੱਤਰ ਦਾ ਕਤਲ ਹੋਇਆ ਹੈ। ਮਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਅਜੇ ਨੂੰ ਕੁਝ ਲੜਕੇ ਖੇਡਣ ਲਈ ਨਾਲ-ਨਾਲ ਬੱਲਾਂ ਨਹਿਰ ਕੋਲ ਲੈ ਗਏ। ਰਸਤੇ ’ਚ ਉਸ ਦੀ ਮਾਰਕੁਟਾਈ ਵੀ ਕੀਤੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਸ ਦੇ ਸਿਰ ’ਤੇ ਪੱਥਰ ਮਾਰੇ ਗਏ ਤੇ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਚੁੱਕ ਕੇ ਨਹਿਰ ’ਚ ਸੁੱਟ ਦਿੱਤਾ। ਨਹਿਰ ’ਚ ਪਾਣੀ ਜ਼ਿਆਦਾ ਹੋਣ ਕਾਰਨ ਅਜੈ ਦੀ ਲਾਸ਼ ਗਦਾਈਪੁਰ ਪਹੁੰਚ ਗਈ।
ਮ੍ਰਿਤਕ ਅਜੇ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ 3 ਲੜਕਿਆਂ ਨਾਲ ਖੇਡਣ ਗਿਆ ਸੀ। ਸ਼ਾਮ ਨੂੰ ਜਦੋਂ ਉਹ ਘਰ ਨਾ ਪਰਤਿਆ ਤਾਂ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਥਾਂ-ਥਾਂ ਭਾਲ ਕੀਤੀ ਗਈ। ਅਖੀਰ ਉਨ੍ਹਾਂ ਨੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਅਜੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਮਾਂ ਦਾ ਦੋਸ਼ ਹੈ ਕਿ ਥਾਣਾ ਡਿਵੀਜ਼ਨ ਨੰਬਰ 8 ਨੇ ਉਸ ਨੂੰ ਪੁਲੀਸ ਚੌਂਕੀ ਗਦਾਈਪੁਰ ਭੇਜ ਦਿੱਤਾ। ਪੁਲੀਸ ਬੱਚੇ ਨੂੰ ਲੱਭਣ ਦੀ ਬਜਾਏ ਉਨ੍ਹਾਂ ਨੂੰ ਥਾਣਿਆਂ ਦੇ ਚੱਕਰ ਲਵਾਉਂਦੀ ਰਹੀ। ਮੌਕੇ ਤੇ ਪੁੱਜੇ ਡੀਐਸਪੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਦੋਸ਼ ਅਨੁਸਾਰ ਉਸ ਦੇ ਨਾਲ ਗਏ ਲੜਕਿਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।