For the best experience, open
https://m.punjabitribuneonline.com
on your mobile browser.
Advertisement

ਸਤਲੁਜ ਦਰਿਆ ’ਚ ਡੁੱਬੇ ਪੰਜ ਨੌਜਵਾਨਾਂ ’ਚੋਂ ਦੋ ਦੀਆਂ ਲਾਸ਼ਾਂ ਬਰਾਮਦ

08:08 AM Jun 11, 2024 IST
ਸਤਲੁਜ ਦਰਿਆ ’ਚ ਡੁੱਬੇ ਪੰਜ ਨੌਜਵਾਨਾਂ ’ਚੋਂ ਦੋ ਦੀਆਂ ਲਾਸ਼ਾਂ ਬਰਾਮਦ
ਸਤਲੁਜ ਕੰਢੇੇ ਖੜ੍ਹੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅਤੇ ਸਕੇ ਸਬੰਧੀ। -ਫੋਟੋ: ਹਿਮਾਂਸ਼ੂ
Advertisement

ਗਗਨਦੀਪ ਅਰੋੜਾ
ਲੁਧਿਆਣਾ, 10 ਜੂਨ
ਅਤਿ ਦੀ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਪਿੰਡ ਕਾਸਾਬਾਦ ਨੇੜੇ ਸਤਲੁਜ ਦਰਿਆ ’ਚ ਨਹਾਉਣ ਗਏ ਪੰਜ ਨੌਜਵਾਨ ਦਰਿਆ ’ਚ ਡੁੱਬ ਗਏ। ਇਨ੍ਹਾਂ ’ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂ ਕਿ ਤਿੰਨ ਹੋਰਾਂ ਦੀ ਭਾਲ ਜਾਰੀ ਹੈ। ਇਨ੍ਹਾਂ ਤਿੰਨਾਂ ਨੂੰ ਲੱਭਣ ਲਈ ਦੂਸਰੇ ਦਿਨ ਵੀ ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਰਹੀਆਂ। ਗੋਤਾਖੋਰਾਂ ਦੇ ਨਾਲ ਪੁਲੀਸ, ਪ੍ਰਸ਼ਾਸਨ ਅਤੇ ਐੱਨਡੀਆਰਐੱਫ਼ ਦੀਆਂ ਟੀਮਾਂ ਵੀ ਕਿਸ਼ਤੀ ਰਾਹੀਂ ਪਾਣੀ ’ਚ ਤਿੰਨੋਂ ਨੌਜਵਾਨਾਂ ਦੀ ਭਾਲ ’ਚ ਲੱਗੀਆਂ ਰਹੀਆਂ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਨਹਿਰ ’ਚੋਂ ਮਿਲੀਆਂ ਮੁਹੰਮਦ ਅਹਿਸਾਨ ਤੇ ਮਿਸਬੁਲ ਹੱਕ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦੋਂ ਕਿ ਸ਼ਮੀ ਤੇ ਚਾਹਲੂ ਦੇ ਨਾਲ ਇੱਕ ਹੋਰ ਨੌਜਵਾਨ ਦੀ ਭਾਲ ਜਾਰੀ ਹੈ। ਇਹ ਨੌਜਵਾਨ ਵੱਖ-ਵੱਖ ਸਮੂਹਾਂ ਵਿੱਚ ਐਤਵਾਰ ਨੂੰ ਕਾਸਾਬਾਦ ਕੋਲ ਸਤਲੁਜ ਦਰਿਆ ਦੇ ਕੰਢੇ ਗਏ ਸਨ।
ਦਰਿਆ ਵਿੱਚ ਨਹਾਉਣ ਦੌਰਾਨ ਇਹ ਸਾਰੇ ਡੂੰਘਾਈ ਵੱਲ ਚਲੇ ਗਏ, ਜਿੱਥੇ ਉਹ ਡੁੱਬ ਗਏ। ਇਸ ਦੌਰਾਨ ਸਮੀਰ ਤੇ ਸ਼ਹਿਬਾਦ ਨੂੰ ਪਾਣੀ ’ਚ ਡੁੱਬਦੇ ਹੋਏ ਉੱਥੇ ਮੌਜੂਦ ਲੋਕਾਂ ਨੇ ਦੇਖ ਲਿਆ ਤੇ ਕਿਸੇ ਤਰ੍ਹਾਂ ਬਾਹਰ ਕੱਢ ਲਿਆ, ਜਦੋਂ ਕਿ ਪੰਜ ਨੌਜਵਾਨ ਪਾਣੀ ਦੀ ਡੂੰਘਾਈ ’ਚ ਚਲੇ ਗਏ ਅਤੇ ਤੇਜ਼ ਵਹਾਅ ਕਾਰਨ ਡੁੱਬ ਗਏ। ਲੋਕਾਂ ਵੱਲੋਂ ਘਟਨਾ ਬਾਰੇ ਜਾਣਕਾਰੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਡੋਵਾਲ ਦੀ ਟੀਮ ਮੌਕੇ ’ਤੇ ਪੁੱਜੀ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਪਤਾ ਨਹੀਂ ਲੱਗ ਸਕਿਆ।

Advertisement

19 ਸਾਲਾ ਨੌਜਵਾਨ ਨਹਿਰ ਵਿੱਚ ਡੁੱਬਿਆ

ਅੰਮ੍ਰਿਤਸਰ (ਟਨਸ): ਸਥਾਨਕ ਮਕਬੂਲਪੁਰ ਇਲਾਕੇ ਦਾ ਇੱਕ 19 ਸਾਲਾ ਨੌਜਵਾਨ ਤਾਰਾਂਵਾਲਾ ਪੁਲ ਨੇੜੇ ਯੂਬੀਡੀਸੀ ਨਹਿਰ ਵਿੱਚ ਡੁੱਬ ਗਿਆ। ਉਹ ਕੱਲ੍ਹ ਸ਼ਾਮ ਨੂੰ ਆਪਣੇ ਹੋਰ ਸਾਥੀਆਂ ਦੇ ਨਾਲ ਨਹਿਰ ਵਿੱਚ ਨਹਾਉਣ ਗਿਆ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਨੌਜਵਾਨ ਨੂੰ ਬਚਾਉਣ ਲਈ ਰੌਲਾ ਪਾਇਆ ਤੇ ਪੁਲੀਸ ਨੂੰ ਸੂਚਨਾ ਦਿੱਤੀ। ਨਹਿਰ ਵਿੱਚ ਡੁੱਬਣ ਵਾਲੇ ਨੌਜਵਾਨ ਦੀ ਪਛਾਣ ਸਮੀਰ ਸਿੰਘ ਵਾਸੀ ਗਲੀ ਨੰਬਰ 6, ਮਕਬੂਲਪੁਰਾ ਵਜੋਂ ਹੋਈ ਹੈ। ਨੌਜਵਾਨ ਦੀ ਲਾਸ਼ ਅੱਜ ਬਰਾਮਦ ਹੋਈ ਜੋ ਕਿ ਨਹਿਰ ਦੇ ਹੇਠਾਂ ਤਲੇ ਵਿੱਚ ਫਸੀ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ ਸਮੀਰ ਆਪਣੇ ਦੋਸਤਾਂ ਜਤਿਨ, ਕਸ਼ਮੀਰ ਉਰਫ਼ ਸ਼ੀਰਾ, ਮਨੂ ਅਤੇ ਜਸਮੀਤ ਸਾਰੇ ਵਾਸੀ ਮਕਬੂਲਪੁਰਾ ਦੇ ਨਾਲ ਨਹਿਰ ਵਿੱਚ ਨਹਾਉਣ ਗਿਆ ਸੀ। ਸਥਾਨਕ ਵਸਨੀਕ ਜੱਜ ਨੇ ਦੱਸਿਆ ਕਿ ਉਸ ਨੇ ਚਾਰ ਨੌਜਵਾਨਾਂ ਨੂੰ ਨਹਿਰ ਵਿੱਚ ਨਹਾਉਂਦੇ ਹੋਏ ਦੇਖਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਲੜਕੇ ਤਾਂ ਬਾਹਰ ਆ ਗਏ ਪਰ ਚੌਥਾ ਨੌਜਵਾਨ ਸਮੀਰ ਨਹਿਰ ਵਿੱਚ ਡੁੱਬ ਗਿਆ। ਥਾਣਾ ਮਕਬੂਲਪੁਰਾ ਦੇ ਮੁਖੀ ਸਰਬਜੀਤ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisement
Author Image

joginder kumar

View all posts

Advertisement
Advertisement
×