ਦਸ ਦਿਨਾਂ ਤੋਂ ਲਾਪਤਾ ਤਿੰਨ ਨਾਬਾਲਗ ਕੁੜੀਆਂ ਦੀਆਂ ਲਾਸ਼ਾਂ ਭਾਖੜਾ ਨਹਿਰ ਵਿੱਚੋਂ ਮਿਲੀਆਂ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਜੂਨ
ਇੱਥੇ ਸਮਾਣਾ ਰੋਡ ਨੇੜੇ ਪਿੰਡ ਭਾਨਰਾ ਵਿੱਚ ਰਾਜਸਥਾਨ ਤੋਂ ਆਏ 20 ਸਾਲਾਂ ਤੋਂ ਰਹਿ ਰਹੇ ਨੱਚ-ਗਾ ਕੇ ਗੁਜ਼ਾਰਾ ਕਰਨ ਵਾਲੇ ਗ਼ਰੀਬਾਂ ਦੀਆਂ ਅੱਜ 3 ਨਾਬਾਲਗ ਕੁੜੀਆਂ ਦੀਆਂ ਲਾਸ਼ਾਂ ਭਾਖੜਾ ਨਹਿਰ ਵਿੱਚੋਂ ਮਿਲੀਆਂ। ਇਨ੍ਹਾਂ ਨੂੰ ਅਗਵਾ ਕਰਕੇ ਜਬਰ-ਜਨਾਹ ਕਰਨ ਮਗਰੋਂ ਭਾਖੜਾ ਵਿੱਚ ਸੁੱਟਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਭਾਖੜਾ ਵਿੱਚੋਂ ਲਾਸ਼ਾਂ ਕੱਢਣ ਵਾਲੇ ਸ਼ੰਕਰ ਭਾਰਦਵਾਜ ਨੇ ਹੀ ਪੁਲੀਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਭਾਨਰਾ ਪਿੰਡ ਦੇ ਵਾਸੀ ਗੁਰਸੇਵਕ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਕਰੀਬ 12 ਵਜੇ ਦੋ ਸਕੀਆਂ ਭੈਣਾਂ ਇਕ ਇਨ੍ਹਾਂ ਦੇ ਮਾਮੇ ਦੀ ਕੁੜੀ ਨੇੜੇ ਲੱਗਦੀ ਭਾਨਰਾ ਪਿੰਡ ਵਾਲੀ ਦਾਣਾ ਮੰਡੀ ਵਿੱਚ ਛਬੀਲ ਦਾ ਲੰਗਰ ਛਕਣ ਲਈ ਗਈਆਂ ਸਨ। ਬੱਚੀਆਂ ਦੀ ਉਮਰ 14 ,15 ਅਤੇ 16 ਸਾਲ ਹੈ ਜੋ ਸ਼ਾਮ 4 ਵਜੇ ਤੱਕ ਘਰ ਨਹੀਂ ਮੁੜੀਆਂ ਤਾਂ ਪਰਿਵਾਰ ਨੇ ਪੁਲੀਸ ਕੋਲ ਸੂਚਨਾ ਦਿੱਤੀ। ਪੁਲੀਸ ਨੇ ਲਾਪਤਾ ਦਾ ਮਾਮਲਾ ਦਰਜ ਕਰਕੇ ਭਾਲ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਪਰਿਵਾਰ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ। ਅੱਜ ਇਨ੍ਹਾਂ ਤਿੰਨ ਬੱਚੀਆਂ ਦੀਆਂ ਲਾਸ਼ਾਂ ਭਾਖੜਾ ਵਿੱਚੋਂ ਮਿਲੀਆਂ। ਮਗਰੋਂ ਲਾਸ਼ਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਪਹੁੰਚਾਈਆਂ ਗਈਆਂ। ਪੋਸਟਮਾਰਟਮ ਕਰਨ ਮਗਰੋਂ ਹੀ ਲਾਸ਼ਾਂ ਵਾਰਸਾਂ ਨੂੰ ਸੌਂਪੀਆਂ ਜਾਣਗੀਆਂ।
ਗੋਤਾਖੋਰ ਸ਼ੰਕਰ ਨੇ ਦੱਸਿਆ ਕਿ ਦੋ ਕੁੜੀਆਂ ਦੀਆਂ ਲਾਸ਼ਾਂ ਸਮਾਣਾ ਕੋਲ ਨਹਿਰ ’ਚੋਂ ਮਿਲੀਆਂ ਸਨ, ਜਿਨ੍ਹਾਂ ਦੇ ਹੱਥ ਆਪਸ ਵਿੱਚ ਬੰਨ੍ਹੇ ਹੋਏ ਸਨ। ਇੱਕ ਲਾਸ਼ ਖਨੌਰੀ ਕੋਲੋਂ ਮਿਲੀ। ਕੁੜੀਆਂ ਦੇ ਪਰਿਵਾਰਕ ਮੈਂਬਰ ਸਮਾਗਮਾਂ ਵਿੱਚ ਢੋਲਕੀ ਵਜਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਕੁੜੀਆਂ ਦੇ ਚਾਚਿਆਂ ਨੇ ਕਿਹਾ ਕਿ ਸਾਡੀ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਨਹੀਂ ਹੈ। ਇੱਥੇ ਕੁਝ ਲੋਕਾਂ ਨੇ ਇਹ ਸ਼ੱਕ ਪ੍ਰਗਟਾਇਆ ਕਿ ਕੁੜੀਆਂ ਨਾਲ ਜਬਰ-ਜਨਾਹ ਕਰਨ ਮਗਰੋਂ ਉਨ੍ਹਾਂ ਨੂੰ ਭਾਖੜਾ ਵਿੱਚ ਸੁੱਟ ਦਿੱਤਾ ਗਿਆ। ਸਮਾਜਸੇਵੀ ਗੁਰਧਿਆਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।