For the best experience, open
https://m.punjabitribuneonline.com
on your mobile browser.
Advertisement

ਖ਼ੂਨ

07:40 AM Nov 01, 2023 IST
ਖ਼ੂਨ
Advertisement

ਸੁਰਿੰਦਰ ਸਿੰਘ ਰਾਏ

“ਸੂਬੇਦਾਰਾ, ਤੂੰ ਕੀ ਲੈਣਾ ਇਨ੍ਹਾਂ ਪੁੱਠੇ ਚੱਕਰਾਂ ਤੋਂ। ਰਾਜਨੀਤੀ ਬੜੀ ਕੁੱਤੀ ਸ਼ੈਅ ਏ। ਅਹਿ ਜਿਹੜੇ ਚਾਰ ਪੈਸੇ ਤੂੰ ਫ਼ੌਜ ਵਿੱਚੋਂ ’ਕੱਠੇ ਲੈ ਕੇ ਆਇਐਂ, ਇਹ ਲੋਕਾਂ ਖਰਚਾ ਕੇ ਰਾਹ ਪਾ ਦੇਣੇ। ਇਹ ਲੋਕ ਨ੍ਹੀਂ ਬਖਸ਼ਦੇ ਕਿਸੇ ਨੂੰ। ਗਰਜਦੇ ਕਤਿੇ ਨੇ, ਤੇ ਬਰਸਦੇ ਕਤਿੇ ਆ। ਨਾਲੇ ਫ਼ੌਜੀ ਬੰਦਿਆਂ ਨੂੰ ਸਿਆਸਤ ਬਾਰੇ ਕੀ ਪਤਾ ਹੁੰਦੈ। ਐਨੀ ਕਾਹਲ ਨ੍ਹੀਂ ਕਰੀਦੀ। ਅਜੇ ਟੈਮ ਹੈਗਾ ਐ, ਘਰ ਜਾ ਕੇ ਸੋਚ ਵਿਚਾਰ ਕਰ ਲਵੀਂ।” ਆਪਣੇ ਕੁਝ ਕੁ ਸਾਥੀਆਂ ਨਾਲ ਅਗਾਊਂ ਹੀ ਵੋਟਾਂ ਮੰਗਣ ਗਏ ਵਰਿਆਮ ਸਿੰਘ ਨੂੰ ਬਾਬੂ ਚਰਨ ਦਾਸ ਨੇ ਸਲਾਹ ਦਿੱਤੀ।
“ਬਾਬੂ ਜੀ, ਤੁਸੀਂ ਕੀ ਦਿਲ ਢਾਊ ਜਿਹੀਆਂ ਗੱਲਾਂ ਕਰੀ ਜਾਨੇ ਓ। ਸਾਨੂੰ ਆਪਣੇ ਵਾਰਡ ਦਾ ਕੋਈ ਬੰਦਾ ਤਾਂ ਖੜ੍ਹਾ ਕਰਨਾ ਈ ਪੈਣਾ ਏ ਨਾ। ਮੁਹੱਲੇ ਦੇ ਸੌ ਕੰਮ ਹੁੰਦੇ ਆ। ਆਪਣੇ ਮੁਹੱਲੇ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਾਵਾਂਗੇ। ਮੁਹੱਲੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਾਵਾਂਗੇ। ਕੱਲ੍ਹ ਨੂੰ ਕਿਸੇ ਨੂੰ ਕੋਈ ਥਾਣੇ-ਕਚਹਿਰੀ ਕੰਮ ਪੈ ਜਾਂਦੈ, ਫਿਰ ਕਿਹਦੇ ਹਾੜ੍ਹੇ ਕੱਢਦੇ ਫਿਰਾਂਗੇ। ਆਪਣਾ ਬੰਦਾ ਹੋਵੇਗਾ, ਤਾਂ ਜਦੋਂ ਮਰਜ਼ੀ ਕੰਨੋਂ ਫੜ ਕੇ ਨਾਲ ਤੋਰ ਲਓ।” ਵਰਿਆਮ ਸਿੰਘ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਦੇ ਨਾਲ ਤੁਰੇ ਇੱਕ ਹਮਾਇਤੀ ਨੇ ਬਾਬੂ ਚਰਨ ਦਾਸ ਦੀ ਆਖੀ ਗੱਲ ਦਾ ਥੋੜ੍ਹੇ ਜਿਹੇ ਗੁੱਸੇ ਵਿੱਚ ਜਵਾਬ ਮੋੜਿਆ।
“ਬਈ ਮੈਂ ਤਾਂ ਸਾਧਾਰਨ ਈ ਗੱਲ ਕੀਤੀ ਏ। ਤੁਸੀਂ ਤਾਂ ਊਂਈ ਗੁੱਸਾ ਕਰੀ ਜਾਨੇ ਓ। ਸੁਝਾਅ ਦੇਣਾ ਤਾਂ ਕੋਈ ਮਾੜੀ ਗੱਲ ਨ੍ਹੀਂ ਹੁੰਦੀ। ਉਂਜ ਮੈਂ ਵੀ ਤੁਹਾਡੇ ਨਾਲ ਈ ਆਂ। ਕੋਈ ਪੜ੍ਹਿਆ-ਲਿਖਿਆ ਬੰਦਾ ਅੱਗੇ ਆਉਗਾ ਤਾਂ ਮੁਹੱਲੇ ਦਾ ਸੁਧਾਰ ਈ ਹਉਗਾ।” ਬਾਬੂ ਚਰਨ ਦਾਸ ਨੇ ਉਸ ਹਮਾਇਤੀ ਨੂੰ ਬੜੇ ਹੀ ਸਲੀਕੇ ਨਾਲ ਠੰਢਾ ਕੀਤਾ। ਬਾਬੂ ਜੀ ਦੇ ਹਾਂ ਕਰਨ ਨਾਲ ਵਰਿਆਮ ਸਿੰਘ ਖ਼ੁਸ਼ ਹੋ ਗਿਆ।
“ਵਰਿਆਮ ਸਿਆਂ, ਸਾਡੇ ਸਾਰੇ ਮੁਹੱਲੇ ਵਿੱਚ ਮੀਨ-ਮੇਖ ਕੱਢਣ ਵਾਲਾ ਇੱਕ ਇਹੋ ਬੰਦਾ ਐ। ਇਵੇਂ ਦੇ ਵਿਅਕਤੀਆਂ ਦਾ ਗੁੱਸਾ ਨ੍ਹੀਂ ਕਰੀਦਾ। ਇਹੋ ਜਿਹੇ ਨੈਗੇਟਿਵ ਸੋਚ ਵਾਲੇ ਬੰਦੇ ਸਾਡੇ ਸਮਾਜ ’ਚ ਬਥੇਰੇ ਤੁਰੀ ਫਿਰਦੇ ਆ। ਕੌਣ ਸਿਆਣਦਾ ਇਨ੍ਹਾਂ ਨੂੰ। ਬਸ ਆਪਣੇ ਕੰਮ ਨਾਲ ਵਾਸਤਾ ਰੱਖੀ ਦਾ।” ਰਾਹ ਵਿੱਚ ਤੁਰੇ ਜਾਂਦਿਆਂ ਉੱਤਮ ਨੇ ਵੀ ਵਰਿਆਮ ਸਿੰਘ ਨੂੰ ਹੱਲਾਸ਼ੇਰੀ ਦਿੱਤੀ। ਵਰਿਆਮ ਸਿੰਘ ਦੀ ਚੋਣ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਸੀ। ਜਿਸ ਘਰ ਵੀ ਵਰਿਆਮ ਸਿੰਘ ਜਾਂਦਾ, ਕੋਈ ਵੀ ਨਾਂਹ ਨਹੀਂ ਸੀ ਕਰਦਾ। ਮੁਹੱਲਾ ਵਾਸੀਆਂ ਵੱਲੋਂ ਮਿਲਦੀ ਭਰਵੀਂ ਹਮਾਇਤ ਕਾਰਨ ਵਰਿਆਮ ਸਿੰਘ ਖ਼ਾਸਾ ਉਤਸ਼ਾਹ ਵਿੱਚ ਆ ਗਿਆ ਸੀ। ਜੇ ਕਿਧਰੇ ਕੋਈ ਇੱਕਾ-ਦੁੱਕਾ ਵਿਅਕਤੀ ਵਿਰੋਧ ਵੀ ਕਰਦਾ ਤਾਂ ਵਰਿਆਮ ਸਿੰਘ ਉਸ ਦੀ ਪਰਵਾਹ ਨਾ ਕਰਦਾ। ਸ਼ਹਿਰ ਦਾ ਐੱਮ.ਸੀ. ਮੈਂਬਰ ਬਣਨ ਲਈ ਕਾਗਜ਼ ਦਾਖਲ ਕਰਨ ਵਾਲੇ ਦਿਨ ਵੀ ਉਸ ਨਾਲ ਕਾਫ਼ੀ ਇਕੱਠ ਹੋ ਗਿਆ ਸੀ।
“ਵਰਿਆਮ ਸਿਆਂ, ਜਿਹੜੇ ਇੱਕੀ-ਦੁੱਕੀ ਬੰਦਿਆਂ ਨੇ ਸਾਡਾ ਦਿਲ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਉਹ ਅੱਜ ਵੇਖਣ ਤਾਂ ਆ ਕੇ। ਅੱਖਾਂ ਖੁੱਲ੍ਹ ਜਾਣੀਆਂ ਉਨ੍ਹਾਂ ਦੀਆਂ।” ਕਾਗਜ਼ ਭਰਨ ਵੇਲੇ ਭੀੜ ਨਾਲ ਤੁਰੇ ਜਾਂਦਿਆਂ ਉੱਤਮ ਨੇ ਵਰਿਆਮ ਸਿੰਘ ਨੂੰ ਆਖਿਆ।
“ਉੱਤਮ, ਅਜੇ ਚੁੱਪ ਰਹਿ ਤੂੰ। ਉਨ੍ਹਾਂ ਨੂੰ ਵੋਟਾਂ ਤੋਂ ਬਾਅਦ ਵੇਖਾਂਗੇ।” ਨਾਲ ਹੀ ਤੁਰੇ ਜਾਂਦੇ ਵਰਿਆਮ ਸਿੰਘ ਦੇ ਇੱਕ ਹੋਰ ਸਮਰਥਕ ਨੇ ਉੱਤਮ ਨੂੰ ਸਲਾਹ ਦਿੱਤੀ। ਉਸ ਵਿਅਕਤੀ ਦਾ ਆਖਾ ਮੰਨ ਕੇ ਉੱਤਮ ਚੁੱਪ ਕਰ ਗਿਆ। ਅੱਜ ਆਪਣੇ ਹਮਾਇਤੀਆਂ ਦਾ ਵੱਡਾ ਹਜੂਮ ਵੇਖ ਕੇ ਵਰਿਆਮ ਸਿੰਘ ਗਦਗਦ ਹੋ ਗਿਆ।
“ਮਿੱਤਰੋ, ਸਾਡੇ ਕੋਲ ਚੋਣ ਪ੍ਰਚਾਰ ਲਈ ਇੱਕ ਹਫ਼ਤਾ ਬਾਕੀ ਐ। ਅੱਜ ਤੋਂ ਈ ਦਿਨ ਰਾਤ ਇੱਕ ਕਰ ਦਓ।” ਖ਼ੁਸ਼ੀ ਵਿੱਚ ਖੀਵੇ ਹੋਏ ਵਰਿਆਮ ਸਿੰਘ ਨੇ ਆਪਣੇ ਚੋਣ ਦਫ਼ਤਰ ਵਾਪਸ ਆ ਕੇ ਸਮਰਥਕਾਂ ਨੂੰ ਆਖਿਆ।
“ਵਰਿਆਮ ਸਿਆਂ, ਇਹ ਤੂੰ ਨ੍ਹੀਂ ਖੜ੍ਹਾ, ਅਸੀਂ ਖੜ੍ਹੇ ਆਂ। ਤੈਨੂੰ ਕਾਹਦਾ ਡਰ ਐ।” ਬੈਠੇ ਸਮਰਥਕਾਂ ਵਿੱਚੋਂ ਇੱਕ ਬੋਲਿਆ। ਇਸ ਸਮਰਥਕ ਦੀ ਆਖੀ ਗੱਲ ਸੁਣ ਕੇ ਵਰਿਆਮ ਸਿੰਘ ਨੇ ਉਸ ਕੰਨੀਂ ਮੁਹੱਬਤ ਭਰੀਆਂ ਨਜ਼ਰਾਂ ਨਾਲ ਵੇਖਿਆ, ਜਿਵੇਂ ਆਪਣੇ ਵਰਕਰਾਂ ’ਤੇ ਮਾਣ ਮਹਿਸੂਸ ਕੀਤਾ ਹੋਵੇ।
“ਵਰਿਆਮ ਸਿਆਂ, ਤੇਰਾ ਪੱਕਾ ਜੋਟੀਦਾਰ ਨ੍ਹੀਂ ਦਿਸਦਾ ਕਿਧਰੇ। ਉਹ ਵੀ ਕਦੇ ਗੇੜਾ ਮਾਰ ਜਾਂਦਾ ਐ ਤੇਰੇ ਦਫ਼ਤਰ ਕੰਨੀਂ?” ਇੱਕ ਦਿਨ ਸੰਝ ਵੇਲੇ ਦਫ਼ਤਰ ਵਿੱਚ ਬੈਠਿਆਂ ਵਰਿਆਮ ਸਿੰਘ ਦੇ ਸਮਰਥਕ ਉੱਤਮ ਨੇ ਗੱਲ ਛੇੜੀ।
“ਉੱਤਮ, ਆ ਜਾਊ ਉਹ ਵੀ। ਵਿਚਾਰਾ ਕਬੀਲਦਾਰ ਬੰਦਾ ਐ। ਅਜੇ ਉਹਦਾ ਟੈਮ ਈ ਨਹੀਂ ਲੱਗਿਆ ਹੋਣੈਂ।” ਵਰਿਆਮ ਸਿੰਘ ਨੇ ਲਾਪਰਵਾਹੀ ਜਿਹੀ ਵਿੱਚ ਜਵਾਬ ਦਿੱਤਾ।
“ਉੱਤਮ, ਤੂੰ ਕਾਹਦਾ ਫ਼ਿਕਰ ਕਰਦੈਂ। ਵਰਿਆਮ ਸਿੰਘ ਤੇ ਰਾਮ ਰੱਖਾ ਤਾਂ ਬਚਪਨ ਤੋਂ ਈ ਪੱਕੇ ਮਿੱਤਰ ਆ। ਜਦੋਂ ਵਰਿਆਮ ਸਿੰਘ ਸਕੂਲ ਦੀ ਫੁੱਟਬਾਲ ਟੀਮ ਦਾ ਕੈਪਟਨ ਹੁੰਦਾ ਸੀ ਤਾਂ ਰਾਮ ਰੱਖਾ ਇਹਦਾ ਗੋਲ ਕੀਪਰ ਹੁੰਦਾ ਸੀ। ਮਜ਼ਾਲ ਐ ਕਤਿੇ ਗੋਲ ਹੋਣ ਦਿੰਦਾ ਸੀ। ਮੈਂ ਤਾਂ ਇਨ੍ਹਾਂ ਦੋਵਾਂ ਨੂੰ ਬਹੁਤ ਦੂਰ ਤੱਕ ਜਾਣਦੈਂ। ਇਨ੍ਹਾਂ ਦੀ ਸਾਂਝ ਅੱਜ ਦੀ ਐ ਕਤਿੇ। ਚਾਲੀ ਸਾਲਾਂ ਤੋਂ ਤਾਂ ਮੈਂ ਇਨ੍ਹਾਂ ਨੂੰ ’ਕੱਠੇ ਵੇਖਦੈਂ। ਇਹ ਇੱਕ ਦੂਏ ਦਾ ਵਿਸਾਹ ਨ੍ਹੀਂ ਖਾਂਦੇ। ਜਦੋਂ ਦਾ ਵਰਿਆਮ ਸਿੰਘ ਫ਼ੌਜ ’ਚੋਂ ਰਿਟਾਇਰ ਹੋ ਕੇ ਆਇਆ ਐ, ਉਦੋਂ ਤੋਂ ਤਾਂ ਇਨ੍ਹਾਂ ਦਾ ਪਿਆਰ ਪਹਿਲਾਂ ਨਾਲੋਂ ਵੀ ਜ਼ਿਆਦਾ ਐ।” ਕੋਲ ਹੀ ਬੈਠਾ ਬਲਵੀਰ ਬੋਲਿਆ।
“ਬਲਵੀਰ, ਮੈਂ ਵੀ ਤਾਂ ਹੀ ਕਹਿਨੈਂ। ਦੋ-ਤਿੰਨ ਦਿਨ ਦਫ਼ਤਰ ਖੁੱਲ੍ਹੇ ਨੂੰ ਹੋ ਗਏ ਆ। ਰਾਮ ਰੱਖਾ ਨ੍ਹੀਂ ਦਿਸਦਾ ਕਿਧਰੇ।”
“ਉੱਤਮ, ਉਹ ਮਿਹਨਤੀ ਬੰਦਾ ਐ। ਭਾਂਡੇ ਬਣਾਉਣ ਦੁਆਲੇ ਹੋਇਆ ਹੋਣੈਂ। ਇਹੀ ਚਾਰ ਦਿਨ ਤਾਂ ਓਹਦੇ ਭਾਂਡੇ ਬਣਾਉਣ ਦੇ ਆ। ਫਿਰ ਤੇ ਬਰਸਾਤ ਸ਼ੁਰੂ ਹੋ ਜਾਣੀਂ ਐ। ਗ਼ਰੀਬ ਬੰਦਾ ਸੌ ਗੱਲਾਂ ਸੋਚਦੈ। ਊਂ ਇਹ ਦੋਵੇਂ ਇੱਕੋ ਈ ਐ ਅੰਦਰੋਂ।”
“ਬਲਵੀਰ, ਹੈ ਤਾਂ ਦੋਏ ਇੱਕੋ ਈ। ਜਦੋਂ ਕਦੇ ਵਰਿਆਮ ਸਿੰਘ ਦੀ ਹਵੇਲੀ ਮੂਹਰਿਓਂ ਲੰਘੀ ਦਾ ਤਾਂ ਰਾਮ ਰੱਖਾ ਤੇ ਇਹ ਦੋਵੇਂ ਮੂੰਹ ਜੋੜ-ਜੋੜ ਗੱਲਾਂ ਕਰਦੇ ਹੁੰਦੇ ਆ। ਮੈਂ ਆਪਣੇ ਸ਼ਹਿਰ ਵਿੱਚ ਹੋਰ ਕਿਸੇ ਦਾ ਐਨਾ ਪਿਆਰ ਨ੍ਹੀਂ ਵੇਖਿਆ, ਜਿੰਨਾ ਇਨ੍ਹਾਂ ਦੋਵਾਂ ਦਾ ਐ।” ਉੱਤਮ ਨੇ ਵੀ ਦੋਵਾਂ ਦੇ ਆਪਸੀ ਪਿਆਰ ਦੀ ਉਸਤਤ ਕੀਤੀ।
“ਉੱਤਮ, ਵਰਿਆਮ ਸਿੰਘ ਵੀ ਰਾਮ ਰੱਖੇ ਦੇ ਨਾਲ ਬਰਾਬਰ ਖੜ੍ਹਦੈ। ਜਦੋਂ ਰਾਮ ਰੱਖੇ ਦੇ ਘਰ ਕੋਈ ਕਾਰਜ ਹੁੰਦਾ ਐ ਤਾਂ ਸਭ ਤੋਂ ਮੂਹਰੇ ਹੁੰਦਾ ਸੂਬੇਦਾਰ। ਇਹ ਤਾਂ ਹੱਥ ਨੂੰ ਹੱਥ ਐ ਭਾਈ।”
“ਬਲਵੀਰ, ਮੈਂ ਤੈਨੂੰ ਇੱਕ ਵਾਰ ਦੀ ਗੱਲ ਦੱਸਦੈਂ। ਵਰਿਆਮ ਸਿੰਘ ਨੇ ਆਪਣੀਆਂ ਦੁਕਾਨਾਂ ਦਾ ਕਿਰਾਇਆ ਵਧਾਉਣਾ ਸੀ। ਇਹ ਮੈਥੋਂ ਵੀ ਸਲਾਹ ਪੁੱਛਦਾ ਸੀ, ਪਰ ਮੇਰੀ ਸਲਾਹ ਨ੍ਹੀਂ ਮੰਨੀ ਇਹਨੇ। ਜੋ ਘੁਮਿਆਰ ਰਾਮ ਰੱਖੇ ਨੇ ਆਖਿਆ, ਉਹ ਮੰਨੀ। ਮੇਰਾ ਕਹਿਣ ਦਾ ਮਤਲਬ, ਦੋਵਾਂ ਦਾ ਇੱਕ ਦੂਜੇ ’ਤੇ ਐਨਾ ਵਿਸ਼ਵਾਸ ਐ।” ਚੱਲਦੀ ਗੱਲ ਵਿੱਚ ਉੱਤਮ ਨੇ ਆਪਣੇ ਨਿੱਜੀ ਤਜਰਬੇ ਦੀ ਗੱਲ ਸੁਣਾਈ।
“ਉੱਤਮ, ਗੱਲ ਇਹ ਵੀ ਐ, ਵਰਿਆਮ ਸਿੰਘ ਲੰਬਾ ਸਮਾਂ ਮਿਲਟਰੀ ’ਚ ਰਹਿਣ ਕਰਕੇ ਇਹਨੂੰ ਕਈ ਸਮਾਜਿਕ ਗੱਲਾਂ ਦਾ ਪਤਾ ਨ੍ਹੀਂ ਐ। ਰਾਮ ਰੱਖਾ ਇੱਦਾਂ ਨੂੰ ਪੂਰਾ ਹੰਢਿਆ ਹੋਇਐ।” “ਬਲਵੀਰ, ਹੰਢੇ ਹੋਏ ਦੀ ਗੱਲ ਨ੍ਹੀਂ ਐਂ। ਹੰਢੇ ਹੋਏ ਤਾਂ ਹੋਰ ਬੰਦੇ ਵੀ ਬਥੇਰੇ ਐ, ਪਰ ਬੰਦੇ ਉੱਤੇ ਵਿਸ਼ਵਾਸ ਵੀ ਹੁੰਦਾ ਐ।” “ਉੱਤਮ, ਊਂ ਤਾਂ ਰਾਮ ਰੱਖਾ ਲੱਠਾ ਬੰਦਾ ਐ ਲੱਠਾ। ਮਨ ’ਚ ਕੋਈ ਵਲ਼-ਫੇਰ ਨ੍ਹੀਂ ਐਂ। ਜੋ ਗੱਲ ਸੱਚੀ ਐ, ਝੱਟ ਮੂੰਹ ’ਤੇ ਆਖ ਦਿੰਦਾ। ਕਿਸੇ ਦੇ ਗੋਡੇ ਲੱਗੇ, ਗਿੱਟੇ ਲੱਗੇ।” ਬਲਵੀਰ ਨੇ ਵੀ ਰਾਮ ਰੱਖੇ ਦੀ ਭਰਵੀਂ ਤਾਰੀਫ਼ ਕੀਤੀ। ਦੋਵੇਂ ਜਣੇ ਕਾਫ਼ੀ ਸਮਾਂ ਦਫ਼ਤਰ ਬੈਠੇ ਵਰਿਆਮ ਸਿੰਘ ਤੇ ਰਾਮ ਰੱਖੇ ਦੇ ਆਪਸੀ ਪਿਆਰ ਦੀਆਂ ਗੱਲਾਂ ਕਰਦੇ ਰਹੇ।
ਨ੍ਹੇਰਾ ਪਸਰ ਜਾਣ ਕਾਰਨ ਹੁਣ ਤਾਂ ਦਫ਼ਤਰ ਦੀ ਰੌਣਕ ਹੋਰ ਵੀ ਵਧਦੀ ਜਾ ਰਹੀ ਸੀ। ਕਈ ਦਾਰੂ ਪੀਣ ਦੇ ਸ਼ੌਕੀਨ ਦਫ਼ਤਰ ਪੁੱਜਣੇ ਸ਼ੁਰੂ ਹੋ ਗਏ ਸਨ। ਟਾਵੀਆਂ-ਟਾਵੀਆਂ ਗਲਾਸੀਆਂ ਦੇ ਖੜਕਣ ਦੀ ਆਵਾਜ਼ ਵੀ ਕੰਨੀਂ ਪੈਣ ਲੱਗ ਪਈ ਸੀ। ਗਲਾਸੀਆਂ ਦੇ ਖੜਕਣ ਨਾਲ ਸਮਰਥਕਾਂ ਦੀ ਭੀੜ ਹੋਰ ਵਧੀ ਜਾ ਰਹੀ ਸੀ। ਰਾਮ-ਰੌਲੇ ਵਿੱਚ ਕੋਈ ਕੀ ਆਖ ਰਿਹਾ ਹੈ, ਕਿਸੇ ਨੂੰ ਵੀ ਸੁਣਾਈ ਨਹੀਂ ਸੀ ਦੇ ਰਿਹਾ। ਇਹ ਰੌਣਕ ਮੇਲਾ ਅੱਧੀ ਰਾਤ ਤੱਕ ਚੱਲਦਾ ਰਿਹਾ। ਕਈ ਵੋਟਰ ਤਾਂ ਖਾਣ-ਪੀਣ ਤੋਂ ਬਾਅਦ ਉੱਥੇ ਵਿਛੀਆਂ ਦਰੀਆਂ ਉੱਤੇ ਹੀ ਲੇਟ ਗਏ ਸਨ, ਜਿਵੇਂ ਉਨ੍ਹਾਂ ਲਈ ਪੰਜ ਸਾਲ ਬਾਅਦ ਆਇਆ ਇਹ ਸਮਾਂ ਕੁੰਭ ਦੇ ਮੇਲੇ ਵਾਂਗ ਹੋਵੇ। ਕਦੋਂ ਦਿਨ ਚੜ੍ਹਦਾ ਤੇ ਕਦੋਂ ਬੀਤ ਜਾਂਦਾ, ਪਤਾ ਹੀ ਨਾ ਲੱਗਦਾ। ਕਈ ਦਿਨ ਬੀਤਣ ਤੋਂ ਬਾਅਦ ਵੀ ਅਜੇ ਤੱਕ ਘੁਮਿਆਰ ਰਾਮ ਰੱਖਾ ਆਪਣੇ ਮਿੱਤਰ ਵਰਿਆਮ ਸਿੰਘ ਦੇ ਚੋਣ ਦਫ਼ਤਰ ਵਿੱਚ ਨਹੀਂ ਸੀ ਆਇਆ। ਆਪਣੇ ਸਭ ਤੋਂ ਵੱਧ ਨੇੜਲੇ ਜੋਟੀਦਾਰ ਦਾ ਦਫ਼ਤਰ ਵਿੱਚ ਨਾ ਆਉਣਾ ਵਰਿਆਮ ਸਿੰਘ ਨੂੰ ਬੜਾ ਦੁਖੀ ਕਰ ਰਿਹਾ ਸੀ।
“ਓਮ ਪ੍ਰਕਾਸ਼, ਵੇਖ ਲੈ, ਤੇਰਾ ਬਾਪੂ ਅਜੇ ਤਾਈਂ ਮੈਨੂੰ ਮਿਲਣ ਮੇਰੇ ਦਫ਼ਤਰ ਵਿੱਚ ਨ੍ਹੀਂ ਆਇਆ। ਉਹਨੂੰ ਆਖੀਂ, ਦਫ਼ਤਰ ਆ ਕੇ ਮਿਲ ਤਾਂ ਜਾਵੇ। ਕੋਈ ਸਲਾਹ-ਮਸ਼ਵਰਾ ਈ ਕਰਨਾ ਪੈਂਦਾ ਐ।” ਬਾਜ਼ਾਰ ਵਿੱਚ ਪ੍ਰਚਾਰ ਕਰਦਿਆਂ ਇੱਕ ਦਿਨ ਵਰਿਆਮ ਸਿੰਘ ਨੇ ਰਾਮ ਰੱਖੇ ਦੇ ਮੁੰਡੇ ਨੂੰ ਉਲਾਂਭਾ ਦਿੱਤਾ।
“ਅੰਕਲ ਜੀ, ਮੈਂ ਅੱਜ ਈ ਬਾਪੂ ਜੀ ਨੂੰ ਭੇਜਦਾਂ।” ਓਮ ਪ੍ਰਕਾਸ਼ ਨੇ ਝੱਟ ਆਖਿਆ। ਪਰ ਦੋ ਦਿਨ ਹੋਰ ਬੀਤ ਗਏ। ਰਾਮ ਰੱਖਾ ਫਿਰ ਵੀ ਦਫ਼ਤਰ ਨਹੀਂ ਆਇਆ। ਹੋ ਸਕਦੈ, ਉਹ ਮੈਥੋਂ ਵੋਟਾਂ ਲਈ ਅਖਵਾਉਣਾ ਚਾਹੁੰਦਾ ਹੋਵੇ। ਇਹ ਸੋਚਦਿਆਂ ਦੂਸਰੇ ਦਿਨ ਸਵਖਤੇ ਹੀ ਵਰਿਆਮ ਸਿੰਘ ਖ਼ੁਦ ਹੀ ਰਾਮ ਰੱਖੇ ਦੇ ਘਰ ਜਾ ਪੁੱਜਿਆ।
“ਰਾਮ ਰੱਖਾ ਜੀ, ਕਿੱਧਰ ਰਹਿੰਨੀਆਂ ਫ਼ੌਜਾਂ ਅੱਜਕੱਲ੍ਹ? ਦਰਸ਼ਨ ਈ ਨਹੀਂ ਹੁੰਦੇ। ਤੂੰ ਕਦੇ ਦਫ਼ਤਰ ਵੱਲ ਵੀ ਗੇੜਾ ਨ੍ਹੀਂ ਮਾਰਿਆ। ਤੈਨੂੰ ਪਤਾ ਨ੍ਹੀਂ, ਤੇਰਾ ਭਰਾ ਚੋਣਾਂ ’ਚ ਖੜ੍ਹਾ ਐ।” ਵਰਿਆਮ ਸਿੰਘ ਨੇ ਜਾਂਦਿਆਂ ਰਾਮ ਰੱਖੇ ਨੂੰ ਆਖਿਆ। ਰਾਮ ਰੱਖੇ ਨੇ ਵਰਿਆਮ ਸਿੰਘ ਨੂੰ ਘਰ ਆਇਆ ਵੇਖ ਕੇ ਭਾਂਡੇ ਬਣਾਉਣ ਵਾਲਾ ਚੱਕਰ ਖੜ੍ਹਾ ਕੀਤਾ ਤੇ ਉਸ ਨੂੰ ਬੈਠਣ ਲਈ ਮੰਜਾ ਦੇ ਦਿੱਤਾ ਤੇ ਫਿਰ ਆਪ ਵੀ ਚੁੱਪ-ਗੜੁੱਪ ਜਿਹਾ ਹੋਇਆ ਮੰਜੇ ਦੀ ਪੈਂਦ ਵਾਲੇ ਪਾਸੇ ਹੀ ਬੈਠ ਗਿਆ। ਉਹ ਖ਼ਾਸਾ ਸਮਾਂ ਖ਼ਾਮੋਸ਼ ਬੈਠਾ ਰਿਹਾ, ਜਿਵੇਂ ਕਿਸੇ ਮਾਨਸਿਕ ਉਥਲ-ਪੁਥਲ ਵਿੱਚ ਉਲਝਿਆ ਹੋਵੇ।
“ਹਾਂ, ਮੈਨੂੰ ਪਤਾ ਵਰਿਆਮ ਸਿਹਾਂ, ਤੂੰ ਚੋਣਾਂ ਵਿੱਚ ਖੜ੍ਹਾ ਐਂ।” ਕੁਝ ਚਿਰ ਦੀ ਖ਼ਾਮੋਸ਼ੀ ਤੋਂ ਬਾਅਦ ਉਹ ਹੌਲੀ ਜਿਹੀ ਬੋਲਿਆ।
“ਫਿਰ ਤੂੰ ਮੈਨੂੰ ਮਿਲਣ ਨ੍ਹੀਂ ਆਇਆ? ਮੈਨੂੰ ਤਾਂ ਤੇਰੇ ’ਤੇ ਬੜਾ ਹਿਰਖ ਆ।”
“ਵਰਿਆਮ ਸਿਆਂ, ਹਿਰਖ ਵੀ ਤਾਂ ਆਪਣਿਆਂ ’ਤੇ ਈ ਹੁੰਦੇ ਆ।”
“ਤੇ ਫਿਰ ਕਸਰ ਕੀ ਆ? ਉੱਠ, ਚੱਲ ਮੇਰੇ ਨਾਲ। ਨਾਲੇ ਆਪਣੇ ਸ਼ਰੀਕ ਭਾਈਚਾਰੇ ਨੂੰ ਆਖ। ਬਸ ਇਓਂ ਸਮਝ, ਚੋਣਾਂ ਵਿੱਚ ਮੈਂ ਨ੍ਹੀਂ, ਤੂੰ ਈ ਖੜ੍ਹੈਂ।” ਵਰਿਆਮ ਸਿੰਘ ਦੇ ਇਓਂ ਆਖਣ ’ਤੇ ਪਹਿਲੋਂ ਹੀ ਸੋਚੀਂ ਪਿਆ ਰਾਮ ਰੱਖਾ ਹੋਰ ਵੀ ਗੰਭੀਰ ਹੋ ਗਿਆ।
“ਰਾਮ ਰੱਖਾ, ਸੋਚਦਾ ਕੀ ਏਂ? ਐਨਾ ਰੋਸਾ ਨ੍ਹੀਂ ਕਰੀਦਾ। ਚੱਲ ਉੱਠ। ਤੈਨੂੰ ਮੈਂ ਦਫ਼ਤਰ ਲੈ ਕੇ ਚੱਲਦਾਂ। ਵੇਖੀ ਤਾਂ ਸਈ, ਉੱਥੇ ਕਿੰਨੀ ਰੌਣਕ ਏ। ਤੂੰ ਵੇਖ ਕੇ ਖ਼ੁਸ਼ ਹੋ ਜਾਣੈਂ।”
ਵਰਿਆਮ ਸਿੰਘ ਦੇ ਇੰਜ ਆਖਣ ’ਤੇ ਵੀ ਰਾਮ ਰੱਖੇ ਨੇ ਕੋਈ ਉਤਸੁਕਤਾ ਨਾ ਵਿਖਾਈ। ਸਿਰ ਹੇਠਾਂ ਸੁੱਟੀ, ਸੋਚੀਂ ਪਿਆ ਰਿਹਾ। ਕੁਝ ਸਮੇਂ ਦੀ ਖ਼ਾਮੋਸ਼ੀ ਬਾਅਦ ਭਾਵੁਕ ਜਿਹਾ ਹੋ ਕੇ ਬੋਲਿਆ,
“ਵਰਿਆਮ ਸਿਆਂ ਮੈਂ ਤੈਨੂੰ ਸੱਚ ਦੱਸਾਂ, ਤੈਨੂੰ ਮੇਰੀ ਆਦਤ ਦਾ ਪਤਾ ਈ ਆ। ਮੈਂ ਕੋਈ ਲੰਮ-ਲਪੇਟ ਤਾਂ ਰੱਖਦਾ ਨ੍ਹੀਂ ਐਂ। ਤੇਰਾ ਮੇਰਾ ਭਰਾਵਾਂ ਵਾਲਾ ਰਿਸ਼ਤਾ ਐ। ਮੈਂ ਤੇਰੇ ਨਾਲ ਧੋਖਾ ਕਰਕੇ ਆਪਣੀ ਦੋਸਤੀ ਨੂੰ ਦਾਗ਼ ਨਹੀਂ ਲਾਉਣਾ ਚਾਹੁੰਦਾ। ਵੋਟ ਤਾਂ ਬਈ ਮੈਂ ਰਾਣਾ ਰਵੀ ਨੂੰ ਈ ਪਾਉਣੀ ਆਂ। ਓਹਦੇ ਨਾਲ ਮੇਰਾ ਕੋਈ ਸਬੰਧ ਈ ਇਹੋ ਜਿਹਾ ਐ।”
ਰਾਮ ਰੱਖੇ ਦੀ ਇਹ ਗੱਲ ਸੁਣ ਕੇ ਵਰਿਆਮ ਸਿੰਘ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਹੁਣ ਉਸ ਲਈ ਇੱਕ ਮਿੰਟ ਲਈ ਵੀ ਮੰਜੇ ’ਤੇ ਬੈਠਣਾ ਭਾਰੀ ਹੋਇਆ ਪਿਆ ਸੀ। ਉਸ ਨੇ ਰਾਮ ਰੱਖੇ ਦੇ ਘਰੋਂ ਆਈ ਚਾਹ ਵੀ ਵਿਚਾਲੇ ਹੀ ਛੱਡ ਦਿੱਤੀ ਤੇ ਅੱਗ-ਬਬੂਲਾ ਹੋਇਆ ਘਰੋਂ ਬਾਹਰ ਨਿਕਲ ਗਿਆ।
“...ਦਗੇਬਾਜ਼, ਨਾ ਸ਼ੁਕਰਾ। ਮੈਂ ਤੇ ਇਹਨੂੰ ਸਾਊ ਤੇ ਇਮਾਨਦਾਰ ਬੰਦਾ ਸਮਝਦਾ ਸੀ, ਇਹ ਤਾਂ ਸਿਰੇ ਦਾ ਬੇਈਮਾਨ ਆਂ। ਆਂਡੇ ਕਤਿੇ ਤੇ ਕੁੜ-ਕੁੜ ਕਤਿੇ। ਇਹਨੇ ਤਾਂ ਆਪਣੀ ਦੋਸਤੀ ਦੀ ਵੀ ਲਾਜ ਨਹੀਂ ਰੱਖੀ। ਮੇਰੀ ਰਿਟਾਇਰਮੈਂਟ ਵੇਲੇ ਕਰਨਲ ਸਾਹਿਬ ਨੇ ਸੱਚ ਈ ਆਖਿਆ ਸੀ ਕਿ ਸਿਵਲ ਦੇ ਬੰਦੇ ਬੜੇ ਚਲਾਕ ਤੇ ਮੀਸਣੇ ਹੁੰਦੇ ਆ। ਨਵੇਂ-ਨਵੇਂ ਰਿਟਾਇਰ ਹੋ ਕੇ ਜਾਣ ਵਾਲਿਆਂ ਨੂੰ ਝੱਟ ਬੁੱਧੂ ਬਣਾ ਦਿੰਦੇ ਆ। ਸਮਾਜ ਵਿੱਚ ਸੰਭਲ ਕੇ ਵਿਚਰੀ ਦਾ ਐ। ਕਰਨਲ ਸਾਹਿਬ ਨੇ ਬਿਲਕੁਲ ਸਹੀ ਆਖਿਆ ਸੀ। ਇਹ ਗੱਲ ਰਾਮ ਰੱਖੇ ਵਰਗੇ ਧੋਖੇਬਾਜ਼ਾਂ ’ਤੇ ਪੂਰੀ ਢੁੱਕਦੀ ਆ। ਵੱਖੀ ਵਿੱਚ ਲਕੋਅ ਕੇ ਛੁਰੀ ਚਲਾਉਣ ਵਾਲਾ ਟੁੱਕੜ-ਬੋਚ, ਵਿਕਾਊ...। ....ਰਾਣਾ ਰਵੀ ਕੋਲ ਵਿਕ ਗਿਐ।” ਵਰਿਆਮ ਸਿੰਘ ਰਸਤੇ ਵਿੱਚ ਤੁਰਿਆ ਜਾਂਦਾ ਵੀ ਰਾਮ ਰੱਖੇ ’ਤੇ ਪੂਰਾ ਘੁਰਿਆ ਪਿਆ ਸੀ।
ਵਰਿਆਮ ਸਿੰਘ ਨੇ ਢੇਰੀ ਨਹੀਂ ਸੀ ਢਾਹੀ। ਇੱਕ ਰਾਮ ਰੱਖਾ ਉਸ ਨਾਲੋਂ ਟੁੱਟਿਆ ਸੀ, ਪਰ ਉਸ ਨੂੰ ਹੱਲਾ-ਸ਼ੇਰੀ ਦੇਣ ਵਾਲੇ ਹੋਰ ਬਹੁਤ ਸਾਰੇ ਲੋਕ ਉਸ ਨਾਲ ਜੁੜੀ ਜਾ ਰਹੇ ਸਨ।
“ਅੰਕਲ ਜੀ, ਪ੍ਰਚਾਰ ਕਰਨ ਵਾਲੇ ਆਟੋ ਰਿਕਸ਼ਾ ਕੁਝ ਘੱਟ ਲੱਗਦੇ ਨੇ। ਆਪਾਂ ਵੀ ਦੋ-ਚਾਰ ਹੋਰ ਨਾ ਪਾ ਲਈਏ? ਰਾਣਾ ਰਵੀ ਨੇ ਪੰਦਰਾਂ ਆਟੋ ਰਿਕਸ਼ਾ ਵਾਲੇ ਰੱਖੇ ਹੋਏ ਨੇ। ਉਹਦੇ ਪ੍ਰਚਾਰ ਦਾ ਮੁਕਾਬਲਾ ਤਾਂ ਸਾਨੂੰ ਪ੍ਰਚਾਰ ਨਾਲ ਈ ਕਰਨਾ ਪਏਗਾ ਨਾ।” ਦਫ਼ਤਰ ਪੁੱਜਦੇ ਸਾਰ ਹੀ ਵਰਿਆਮ ਸਿੰਘ ਨੂੰ ਉਸ ਦੇ ਇੱਕ ਸਮਰਥਕ ਨੇ ਸਲਾਹ ਦਿੱਤੀ।
“ਨਰੇਸ਼, ਹੋਰ ਕਿੰਨੇ ਆਟੋ ਰਿਕਸ਼ਾ ਚਾਹੀਦੇ ਨੇ?” ਸੂਬੇਦਾਰ ਝੱਟ ਬੋਲਿਆ।
“ਅੰਕਲ ਜੀ, ਤਿੰਨ-ਚਾਰ ਹੋਰ ਪਾ ਲਓ। ਵੋਟਾਂ ਨੂੰ ਵੀ ਦੋ ਕੁ ਦਿਨ ਈ ਰਹਿ ਗਏ ਆ। ਜਿੰਨਾ ਸਾਡਾ ਪ੍ਰਚਾਰ ਵੱਧ ਹਊਗਾ, ਓਨਾ ਹੀ ਸਾਨੂੰ ਫਾਇਦਾ ਹਊ। ਐਤਕੀਂ ਰਾਣਾ ਰਵੀ ਦੀਆਂ ਗੋਡਣੀਆਂ ਨਾ ਲੁਆਈਆਂ ਤੇ। ਉਹ ਵੀ ਕੀ ਯਾਦ ਕਰੇਗਾ।” ਨਰੇਸ਼ ਦੇ ਇੰਜ ਆਖਣ ’ਤੇ ਸੂਬੇਦਾਰ ਨੇ ਝੱਟ ਹਾਂ ਕਰ ਦਿੱਤੀ।
ਦਫ਼ਤਰ ਵਿੱਚ ਹਰ ਵੇਲੇ ਵਿਆਹ ਵਰਗਾ ਮਾਹੌਲ ਬਣਿਆ ਰਹਿੰਦਾ ਸੀ। ਮਠਿਆਈ-ਪਕੌੜੇ ਤਾਂ ਦਫ਼ਤਰ ਵਿੱਚ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਸਨ। ਜਿਉਂ-ਜਿਉਂ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਸੀ, ਦਫ਼ਤਰ ਦੀ ਰੌਣਕ ਵਧਦੀ ਹੀ ਜਾ ਰਹੀ ਸੀ।
“ਅੰਕਲ ਜੀ, ਕੱਲ੍ਹ ਨੂੰ ਵੋਟਾਂ ਨੇ। ਆਓ ਆਪਾਂ ਬੈਠ ਕੇ ਕੱਲ੍ਹ ਦੀ ਯੋਜਨਾ ਬਣਾਈਏ।” ਪਵਿੱਤਰ ਦੀ ਆਖੀ ਇਹ ਗੱਲ ਵਰਿਆਮ ਸਿੰਘ ਨੇ ਬੜੇ ਧਿਆਨ ਨਾਲ ਸੁਣੀ।
“ਪਵਿੱਤਰ, ਪੋਲਿੰਗ ਏਜੰਟ ਤਾਂ ਤੂੰ ਬਣ ਜਾਵੀਂ। ਨਰੇਸ਼, ਬਾਹਰ ਦੀ ਜ਼ਿੰਮੇਵਾਰੀ ਸਭ ਤੇਰੀ ਏ।” ਵਰਿਆਮ ਸਿੰਘ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੋਵਾਂ ਦੀ ਡਿਊਟੀ ਲਾਈ।
“ਅੰਕਲ ਜੀ, ਕੱਲ੍ਹ ਨੂੰ ਦੂਰ-ਦੁਰਾਡੇ ਤੋਂ ਵੋਟਾਂ ਢੋਣ ਲਈ ਚਾਰ-ਪੰਜ ਟੈਕਸੀਆਂ ਹੋਰ ਵਾਧੂ ਲੈਣੀਆਂ ਪੈਣੀਆਂ ਨੇ।” ਨੀਰਜ ਦੀ ਦਿੱਤੀ ਇਹ ਸਲਾਹ ਵੀ ਵਰਿਆਮ ਸਿੰਘ ਨੇ ਝੱਟ ਮੰਨ ਲਈ। ਵਰਿਆਮ ਸਿੰਘ ਨੇ ਖ਼ਰਚ ਪੱਖੋਂ ਵੀ ਕੋਈ ਕਸਰ ਨਾ ਛੱਡੀ। ਦੂਸਰੇ ਦਿਨ ਸਵੇਰੇ ਹੀ ਵਰਿਆਮ ਸਿੰਘ ਆਪਣੇ ਕੁਝ ਸਾਥੀਆਂ ਨਾਲ ਪੋਲਿੰਗ ਬੂਥ ’ਤੇ ਪਹੁੰਚ ਗਿਆ। ਅੱਜ ਵਰਿਆਮ ਖ਼ੂਬ ਖ਼ੁਸ਼ ਨਜ਼ਰ ਆ ਰਿਹਾ ਸੀ। ਉਹ ਸਭ ਵੋਟਰਾਂ ਨੂੰ ਬੜੇ ਪਿਆਰ ਨਾਲ ਮਿਲ ਰਿਹਾ ਸੀ। ਸਭ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਪੂਰਾ ਤਾਣ ਲਾਇਆ ਹੋਇਆ ਸੀ। ਸਵੇਰ ਅੱਠ ਤੋਂ ਸ਼ੁਰੂ ਹੋਇਆ ਵੋਟਾਂ ਦਾ ਇਹ ਸਿਲਸਿਲਾ ਸ਼ਾਮ ਪੰਜ ਵਜੇ ਤੱਕ ਚੱਲਦਾ ਰਿਹਾ। ਸਾਰੇ ਦਿਨ ਦੀ ਨੱਸ-ਭੱਜ ਕਾਰਨ ਵਰਿਆਮ ਸਿੰਘ ਥੱਕ-ਟੁੱਟ ਚੁੱਕਾ ਸੀ, ਪਰ ਆਪਣੀ ਜਿੱਤ ਦੀ ਉਮੀਦ ਕਾਰਨ ਉਹ ਪੂਰਾ ਚੜ੍ਹਦੀ ਕਲਾ ਵਿੱਚ ਸੀ। ਵੋਟਾਂ ਦਾ ਕੰਮ ਮੁੱਕਣ ਤੋਂ ਬਾਅਦ ਸਭ ਉਮੀਦਵਾਰ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ। ਪੋਲਿੰਗ ਬੂਥ ਉੱਤੇ ਪਸਰੀ ਖ਼ਾਮੋਸ਼ੀ ਤੋਂ ਇਉਂ ਜਾਪਦਾ ਸੀ, ਜਿਵੇਂ ਘੜੀਆਂ ਦੀਆਂ ਸੂਈਆਂ ਰੁਕ ਗਈਆਂ ਹੋਣ। ਸਭ ਦੇ ਸਾਹ ਸੂਤੇ ਪਏ ਸਨ।
“ਪ੍ਰਧਾਨ ਰਾਣਾ ਰਵੀ - ਜ਼ਿੰਦਾਬਾਦ!” ਵੋਟਾਂ ਦੀ ਗਿਣਤੀ ਮੁੱਕਦੇ ਸਾਰ ਹੀ ਕੰਪਲੈਕਸ ਅੰਦਰੋਂ ਇੱਕ ਆਵਾਜ਼ ਗੂੰਜੀ, ਜਿਸ ਨੇ ਖ਼ਾਮੋਸ਼ ਫ਼ਿਜ਼ਾ ਵਿੱਚ ਹਲਚਲ ਪੈਦਾ ਕਰ ਦਿੱਤੀ। ਸਭ ਵਿਅਕਤੀ ਗਿਣਤੀ ਤੋਂ ਬਾਅਦ ਬਾਹਰ ਆ ਰਹੇ ਸਨ। ਉਦਾਸ ਜਿਹਾ ਹੋਇਆ ਵਰਿਆਮ ਸਿੰੰਘ ਵੀ ਉਨ੍ਹਾਂ ਵਿੱਚ ਹੀ ਤੁਰਿਆ ਹੋਇਆ ਸੀ। ਵਰਿਆਮ ਸਿੰਘ ਚੋਣ ਹਾਰ ਗਿਆ ਸੀ।
“ਵਰਿਆਮ ਸਿਆਂ, ਜਿੱਤਾਂ-ਹਾਰਾਂ ਤਾਂ ਜ਼ਿੰਦਗੀ ’ਚ ਹੁੰਦੀਆਂ ਈ ਰਹਿੰਨੀਆਂ ਐ। ਆਪਾਂ ਢੇਰੀ ਨ੍ਹੀਂ ਢਾਹੁਣੀ।” ਬਾਹਰ ਨਿਕਲਦੇ ਸਾਰ ਹੀ ਉੱਤਮ ਨੇ ਵਰਿਆਮ ਸਿੰਘ ਨੂੰ ਹੌਸਲਾ ਦਿੱਤਾ।
“ਉੱਤਮ, ਇੱਦਾਂ ਦੀ ਤਾਂ ਮੈਂ ਕੋਈ ਪਰਵਾਹ ਨ੍ਹੀਂ ਕਰਦਾ, ਜਦੋਂ ਜੁਆਨੀ ਵੇਲੇ ਮੈਂ ਫੁੱਟਬਾਲ ਖੇਡਦਾ ਸੀ, ਤਾਂ ਕਈ ਵੇਰ ਹਾਰੀ ਦਾ ਸੀ ਤੇ ਕਈ ਵਾਰ ਜਿੱਤੀ ਦਾ ਸੀ। ਜ਼ਿੰਦਗੀ ’ਚ ਇਵੇਂ ਤਾਂ ਚੱਲਦਾ ਈ ਰਹਿੰਦੈ।”
“ਅੰਕਲ ਜੀ, ਮੈਂ ਵੀ ਅੱਜ ਕਿਸੇ ਤੋਂ ਸੁਣਿਐਂ ਕਿ ਤੁਸੀਂ ਜਵਾਨੀ ਵੇਲੇ ਫੁੱਟਬਾਲ ਦੇ ਕੈਪਟਨ ਹੁੰਦੇ ਸੀ। ਪੂਰੇ ਇਲਾਕੇ ਵਿੱਚ ਤੁਹਾਡੀ ਧੂਮ ਹੁੰਦੀ ਸੀ। ਕੀ ਇਹ ਸੱਚ ਏ?” ਕੋਲ ਖੜ੍ਹੇ ਇੱਕ ਨੌਜੁਆਨ ਨੇ ਵਰਿਆਮ ਸਿੰਘ ਨੂੰ ਪੁੱਛਿਆ। ਉਸ ਨੌਜੁਆਨ ਦੀ ਇਹ ਗੱਲ ਸੁਣ ਕੇ ਵਰਿਆਮ ਸਿੰਘ ਨੇ ‘ਹਾਂ’ ਵਿੱਚ ਸਿਰ ਹਿਲਾਇਆ। ਆਪਣੀ ਜਵਾਨੀ ਵੇਲੇ ਦੀਆਂ ਇਹ ਗੱਲਾਂ ਸੁਣ ਕੇ ਨਮੋਸ਼ੀ ਵਿੱਚ ਤੁਰਿਆ ਜਾਂਦਾ ਵਰਿਆਮ ਸਿੰਘ ਪੂਰੇ ਹੌਸਲੇ ਵਿੱਚ ਆ ਗਿਆ।
ਚੋਣਾਂ ਨੂੰ ਕਈ ਦਿਨ ਬੀਤ ਗਏ ਸਨ। ਵਰਿਆਮ ਸਿੰਘ ਦਾ ਹਾਰ ਕਾਰਨ ਵਿਗੜਿਆ ਮਾਨਸਿਕ ਸੰਤੁਲਨ ਰਫ਼ਤਾ-ਰਫ਼ਤਾ ਠੀਕ ਹੋ ਰਿਹਾ ਸੀ, ਪਰ ਘੁਮਿਆਰ ਰਾਮ ਰੱਖੇ ਪ੍ਰਤੀ ਉਸ ਦੇ ਤੇਵਰ ਅਜੇ ਵੀ ਜਿਉਂ ਦੇ ਤਿਉਂ ਹੀ ਸਨ। ਪਤਾ ਨਹੀਂ, ਉਹ ਰਾਮ ਰੱਖੇ ’ਤੇ ਐਨਾ ਕਿਉਂ ਚਿੜਿਆ ਪਿਆ ਸੀ। ਜਦੋਂ ਕਿਧਰੇ ਗਾਹੇ-ਬਗਾਹੇ ਰਾਮ ਰੱਖਾ ਉਸ ਨੂੰ ਮਿਲਦਾ ਤਾਂ ਉਹ ਉਸ ਵੱਲ ਘੂਰ-ਘੂਰ ਵੇਖਦਾ ਰਹਿੰਦਾ। ਕਈ ਵਾਰ ਕੋਲੋਂ ਲੰਘਦਾ ਹੂੰਗਰ ਵੀ ਮਾਰ ਦਿੰਦਾ, ਪਰ ਰਾਮ ਰੱਖਾ ਮੌਕਾ ਵਿਚਾਰ ਕੇ ਸਾਊਆਂ ਵਾਂਗ ਚੁੱਪ-ਚਾਪ ਕੋਲੋਂ ਲੰਘ ਜਾਂਦਾ। ਸਭ ਕੁਝ ਜਾਣਦਾ ਵੀ ਅਣਜਾਣ ਜਿਹਾ ਬਣ ਜਾਂਦਾ।
“ਇਹ... ਵੋਟਾਂ ਵੀ ਕੀ ਸ਼ੈਅ ਆ। ਚੰਗੇ ਭਲੇ ਨਿਭਦੇ ਰਿਸ਼ਤਿਆਂ ਵਿੱਚ ਕਿਵੇਂ ਤਰੇੜਾਂ ਪਾ ਦਿੰਦੀਆਂ ਨੇ। ਬਹੁਤਾ ਕੋਰਾਪਣ ਵੀ ਬੰਦੇ ਨੂੰ ਮਾਰ ਲੈਂਦਾ ਐ। ਇਹਦੇ ਨਾਲੋਂ ਤਾਂ ਚੰਗਾ ਸੀ, ਮੈਂ ਵੋਟ ਪਾਉਣ ਲਈ ਹਾਂ ਕਰ ਦਿੰਦਾ ਤੇ ਵੋਟ ਭਾਵੇਂ ਜਿਹਨੂੰ ਮਰਜ਼ੀ ਪਾ ਦਿੰਦਾ। ਫਿਰ ਮੈਂ ਵਰਿਆਮ ਸਿੰਘ ਦੀਆਂ ਨਜ਼ਰਾਂ ਵਿੱਚ ਇੱਕ ਚੰਗਾ ਇਨਸਾਨ ਸੀ। ਨਹੀਂ-ਨਹੀਂ-ਨਹੀਂ ਰਾਮ ਰੱਖਾ ਇੰਝ ਨਹੀਂ ਸੀ ਕਰ ਸਕਦਾ। ਝੂਠ ਬੋਲ ਕੇ ਕਿਸੇ ਨੂੰ ਧੋਖੇ ਵਿੱਚ ਰੱਖਣਾ ਤਾਂ ਮਰੀ ਹੋਈ ਜ਼ਮੀਰ ਦਾ ਕੰਮ ਹੁੰਦਾ ਏ। ਦੋਸਤੀ ਦਾ ਮਤਲਬ ਇਹ ਤਾਂ ਨ੍ਹੀਂ ਐਂ ਕਿ ਮੈਂ ਉਸ ਕੋਲ ਆਪਣੀ ਜ਼ਮੀਰ ਗਹਿਣੇ ਰੱਖੀ ਹੋਈ ਆ। ਭਾਈ ਅੱਜਕੱਲ੍ਹ ਜ਼ਮਾਨਾ ਈ ਇੱਦਾਂ ਦਾ ਐ। ਬੰਦਾ ਕਰੇ ਤੇ ਕੀ ਨਾ ਕਰੇ। ਮੇਰੇ ਵਰਗੇ ਸਿੱਧ-ਪੱਧਰੇ ਬੰਦੇ ਤਾਂ ਵਿਚਾਲੇ ਈ ਰਗੜੇ ਜਾਂਦੇ ਆ।”
ਇੱਕ ਦਿਨ ਆਪਣੇ ਕਮਰੇ ’ਚ ’ਕੱਲਾ ਬੈਠਾ ਰਾਮ ਰੱਖਾ ਕੁਝ ਜ਼ਿਆਦਾ ਹੀ ਜਜ਼ਬਾਤੀ ਹੋ ਗਿਆ ਸੀ। ਚੋਣਾਂ ਵਿੱਚ ਜਿੱਤਿਆ ਕੋਈ ਸੀ, ਹਾਰਿਆ ਕੋਈ ਸੀ, ਪਰ ਦੁਖੀ ਰਾਮ ਰੱਖਾ ਹੋਇਆ ਪਿਆ ਸੀ।
“ਵਰਿਆਮ ਸਿਆਂ, ਤੇਰਾ ਮਿੱਤਰ ਰਾਮ ਰੱਖਾ ਤਾਂ ਬਹੁਤ ਸਖ਼ਤ ਬਿਮਾਰ ਐ। ਹਸਪਤਾਲ ਦਾਖਲ ਐ। ਡਾਕਟਰ ਕਹਿੰਦੇ ਆ ਉਹਦਾ ਲੀਵਰ ਖ਼ਰਾਬ ਆ। ਖ਼ੂਨ ਬਣਨਾ ਬੰਦ ਹੋ ਗਿਐ। ਉਹਦਾ ਬਚਣਾ ਮੁਸ਼ਕਿਲ ਈ ਲੱਗਦੈ। ਤੈਨੂੰ ਪਤੈ?” ਇੱਕ ਦਿਨ ਸ਼ਹਿਰ ਦੇ ਇੱਕ ਵਿਅਕਤੀ ਨੇ ਵਰਿਆਮ ਸਿੰਘ ਨੂੰ ਖ਼ਬਰ ਦਿੱਤੀ।
“ਅਰਜਣ, ਉਹ ਮੇਰਾ ਮਿੱਤਰ ਕਾਹਦਾ। ਵੋਟ ਤਾਂ ਮੈਨੂੰ ਪਾਈ ਨ੍ਹੀਂ।” ਸੂਬੇਦਾਰ ਨੇ ਝੱਟ ਜਵਾਬ ਦਿੱਤਾ।
“ਸੂਬੇਦਾਰਾ, ਵੋਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਨੇ। ਆਪਣੇ ਸਮਾਜਿਕ ਸਬੰਧ ਥੋੜ੍ਹੇ ਤੋੜ ਲਈਦੇ ਐ। ਫਿਰ ਵੀ ਤੁਸੀਂ ਬਚਪਨ ਦੇ ਜੋਟੀਦਾਰ ਹੋ। ਇੱਕ ਦੂਜੇ ਦੇ ਪੱਕੇ ਸਲਾਹੂ ਹੋ। ਤੈਨੂੰ ਉਹਦੀ ਖ਼ਬਰ ਜ਼ਰੂਰ ਲੈਣੀ ਚਾਹੀਦੀ ਐ।” ਅਰਜਣ ਦੀ ਦਿੱਤੀ ਇਹ ਸਲਾਹ ਸੁਣ ਕੇ ਸੂਬੇਦਾਰ ਚੁੱਪ ਜਿਹਾ ਕਰ ਗਿਆ, ਜਿਵੇਂ ਉਸ ਦੀ ਸਲਾਹ ਨੂੰ ਗੌਲਿਆ ਹੀ ਨਾ ਹੋਵੇ।
ਨਿੱਤ ਰੋਜ਼ ਰਾਮ ਰੱਖੇ ਦੀ ਸਿਹਤ ਵਿਗੜਦੀ ਹੀ ਜਾ ਰਹੀ ਸੀ। ਮਹਿੰਗੀਆਂ ਦਵਾਈਆਂ ਨੇ ਸੱਤ-ਅੱਠ ਦਿਨਾਂ ਵਿੱਚ ਹੀ ਪਰਿਵਾਰ ਦਾ ਧੂੰਆਂ ਕੱਢ ਦਿੱਤਾ ਸੀ। ਐਨੇ ਦਿਨ ਵੀ ਰਾਮ ਰੱਖੇ ਦੇ ਬਣਾਏ ਬਰਤਨ ਵੇਚ ਕੇ ਵੱਟੇ ਪੈਸਿਆਂ ਨਾਲ ਮਸਾਂ ਹੀ ਨਿਕਲੇ ਸੀ। ਖ਼ਰਚ ਕਰਨ ਦੇ ਬਾਵਜੂਦ ਮੋੜਾ ਨਹੀਂ ਸੀ ਪੈ ਰਿਹਾ। ਡਾਕਟਰਾਂ ਦੇ ਵੀ ਹੱਥ ਖੜ੍ਹੇ ਹੋ ਗਏ ਸਨ। ਆਖ਼ਿਰ ਡਾਕਟਰਾਂ ਨੇ ਸੋਚ-ਵਿਚਾਰ ਕੇ ਉਸ ਨੂੰ ਕਿਸੇ ਵੱਡੇ ਹਸਪਤਾਲ ਲੈ ਕੇ ਜਾਣ ਦੀ ਸਲਾਹ ਦਿੱਤੀ। ਡਾਕਟਰਾਂ ਦੀ ਇਹ ਸਲਾਹ ਸੁਣ ਕੇ ਸਾਰਾ ਟੱਬਰ ਹੀ ਸੋਚਾਂ ਵਿੱਚ ਡੁੱਬ ਗਿਆ। ਏਨਾ ਵੱਡਾ ਖ਼ਰਚਾ ਚੁੱਕਣ ਦੀ ਪਰਿਵਾਰ ਵਿੱਚ ਵੁੱਕਤ ਨਹੀਂ ਸੀ। ਕਈ ਦਿਨ ਦੁਚਿੱਤੀ ਵਿੱਚ ਹੀ ਗੁਜ਼ਰ ਗਏ। ਕਿਧਰੋਂ ਵੀ ਕੋਈ ਹੀਲਾ-ਵਸੀਲਾ ਨਹੀਂ ਸੀ ਬਣ ਰਿਹਾ।
ਆਖ਼ਰ ਰੱਬ ਦਾ ਭਾਣਾ ਵਰਤ ਹੀ ਗਿਆ। ਦੁਸਹਿਰੇ-ਦੀਵਾਲੀ ਦੇ ਤਿਉਹਾਰਾਂ ਮੌਕੇ ਆਪਣੇ ਬਣਾਏ ਮਿੱਟੀ ਦੇ ਦੀਵਿਆਂ ਨਾਲ ਲੋਕਾਂ ਦੇ ਘਰ ਰੌਸ਼ਨਾਉਣ ਵਾਲਾ ਇੱਕ ਭੱਦਰ-ਪੁਰਸ਼ ਅੱਜ ਖ਼ੁਦ ਹੀ ਹਨੇਰੇ ਸੰਗ ਹਨੇਰਾ ਹੋ ਗਿਆ ਸੀ। ਸਾਰੇ ਮੁਹੱਲੇ ਵਿੱਚ ਇਹ ਖ਼ਬਰ ਅੱਗ ਵਾਂਗ ਫੈਲ ਗਈ। ਜਿਹੜਾ ਵੀ ਇਹ ਮਨਹੂਸ ਖ਼ਬਰ ਸੁਣਦਾ, ਉਹ ਮਨੋਂ-ਮਨੀਂ ਬਹੁਤ ਦੁੱਖ ਮਨਾਉਂਦਾ। ਪੋਸਟ ਮਾਰਟਮ ਹੋਣ ਤੋਂ ਬਾਅਦ ਸੰਝ ਵੇਲੇ ਘੁਮਿਆਰ ਰਾਮ ਰੱਖੇ ਦੀ ਮ੍ਰਤਿਕ ਦੇਹ ਉਸ ਦੇ ਘਰ ਪਹੁੰਚ ਗਈ। ਆਂਢੀ-ਗੁਆਂਢੀ ਤੇ ਕਈ ਨੇੜਲੇ ਰਿਸ਼ਤੇਦਾਰ ਅੰਤਿਮ ਦਰਸ਼ਨਾਂ ਲਈ ਉਸ ਦੇ ਘਰ ਆ ਰਹੇ ਸਨ। ਘਰ ਦੇ ਨਿੱਕੇ ਜਿਹੇ ਵਿਹੜੇ ਵਿੱਚ ਲੋਕਾਂ ਦਾ ਖ਼ਾਸਾ ਵੱਡਾ ਇਕੱਠ ਹੋ ਗਿਆ ਸੀ। ਸ਼ਹਿਰ ਵਿੱਚ ਜਿਸ ਦੇ ਕੰਨੀਂ ਵੀ ਇਹ ਦੁਖਦਾਈ ਖ਼ਬਰ ਪੈਂਦੀ, ਉਹ ਰਾਮ ਰੱਖੇ ਦੇ ਘਰ ਨੂੰ ਹੋ ਤੁਰਦਾ। ਇੱਕ ਨੇਕ ਦਿਲ ਤੇ ਸ਼ਰੀਫ਼ ਇਨਸਾਨ ਅੱਜ ਆਪਣੇ ਘਰ ਦੇ ਵਿਹੜੇ ਵਿੱਚ ਸਫ਼ੈਦ ਚਾਦਰ ਵਿੱਚ ਵਲੇਟਿਆ ਬੇਹਰਕਤ ਲੰਮੀਆਂ ਤਾਣੀ ਪਿਆ ਸੀ। ਇਸ ਦੌਰਾਨ ਖ਼ਾਸਾ ਹਨੇਰਾ ਪਸਰ ਗਿਆ ਸੀ।
“ਓਮ ਪ੍ਰਕਾਸ਼, ਹੁਣ ਨ੍ਹੇਰਾ ਹੋ ਗਿਐ। ਰਿਸ਼ਤੇਦਾਰਾਂ ਦਾ ਦੂਰ-ਦੁਰਾਡੇ ਤੋਂ ਆਉਣਾ ਔਖਾ ਐ। ਤੁਸੀਂ ਸਸਕਾਰ ਕੱਲ੍ਹ ਨੂੰ ਕਰ ਲਿਓ।” ਉੱਥੇ ਬੈਠੇ ਇੱਕ ਸਿਆਣੇ ਨੇ ਪਰਿਵਾਰ ਨੂੰ ਸਲਾਹ ਦਿੱਤੀ। ਇਹ ਸਲਾਹ ਪਰਿਵਾਰ ਨੇ ਝੱਟ ਮੰਨ ਲਈ। ਰਾਤ ਵਕਤ ਕਈ ਆਂਢੀ-ਗੁਆਂਢੀ ਤੇ ਨੇੜਲੇ ਅੰਗੀ-ਸੰਗੀ ਪਰਿਵਾਰ ਨੂੰ ਹੌਸਲਾ ਦੇਣ ਲਈ ਰਾਮ ਰੱਖੇ ਦੇ ਘਰ ਆ ਗਏ। ਮੂੰਹ ਵਿਖਾਉਣ ਲਈ ਵਰਿਆਮ ਸਿੰਘ ਵੀ ਭਾਈਚਾਰੇ ਦੇ ਇਕੱਠ ਵਿੱਚ ਆ ਕੇ ਬੈਠ ਗਿਆ। ਮੁਸੀਬਤ ਦੀ ਘੜੀ ਮੌਕੇ ਇਕੱਠਾ ਹੋਇਆ ਸਾਰਾ ਭਾਈਚਾਰਾ ਆਪੋ-ਆਪਣੀ ਸੋਚ ਅਨੁਸਾਰ ਪਰਿਵਾਰ ਨੂੰ ਦਿਲਾਸਾ ਦੇ ਰਿਹਾ ਸੀ।
“ਬਈ ਊਂ ਤਾਂ, ਗੁਣ-ਔਗੁਣ ਸਾਰਿਆਂ ਵਿੱਚ ਹੁੰਦੇ ਆ, ਪਰ ਅੱਜ ਦੇ ਜ਼ਮਾਨੇ ਵਿੱਚ ਰਾਮ ਰੱਖੇ ਅਰਗਾ ਸੱਚਾ-ਪੱਕਾ ਤੇ ਸਾਊ ਬੰਦਾ ਤਾਂ ਵਿਰਲਾ-ਟਾਵਾਂ ਈ ਮਿਲਦਾ ਐ। ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ, ਗੱਲ ਕੋਰੀ ਕਰਦਾ ਸੀ।” ਇਕੱਠ ਵਿੱਚ ਬੈਠੇ ਇੱਕ ਗੁਆਂਢੀ ਨੇ ਚੱਲਦੀਆਂ ਗੱਲਾਂ ਵਿੱਚ ਆਪਣੀ ਗੱਲ ਸਾਂਝੀ ਕੀਤੀ।
“ਸੱਜਣ ਸਿਆਂ ਓਹਦੇ ਵਰਗਾ ਕਿਨ ਹੋ ਲੈਣਾ। ਇਮਾਨਦਾਰ ਤਾਂ ਹੈਗਾ ਈ ਸੀ, ਨਾਲ ਕਿਰਸੀ ਵੀ ਪੂਰਾ ਸੀ। ਵੇਖੋ ਨਾ, ਸਾਰੀ ਉਮਰ ਕਿਰਸ ਕਰਕੇ ਈ ਆਪਣੇ ਸਾਰੇ ਕਾਰਜ ਨਜਿੱਠ ਗਿਆ। ਕਿਸੇ ਅੱਗੇ ਹੱਥ ਨ੍ਹੀਂ ਅੱਡੇ ਉਨ।” ਉੱਥੋਂ ਇੱਕ ਹੋਰ ਗ਼ਮਗੀਨ ਜਿਹੀ ਆਵਾਜ਼ ਆਈ।
“ਬਈ ਭਾਵੇਂ ਗ਼ਰੀਬ ਸੀ, ਪਰ ਸੀ ਅਸੂਲੀ ਬੰਦਾ। ਬਸ ਜਿਹੜੀ ਗੱਲ ਇੱਕ ਵਾਰ ਮੂੰਹੋਂ ਕੱਢ ਤੀ ਨਾ, ਉਹਤੋਂ ਪਿੱਛੇ ਨਹੀਂ ਤਾ ਹਟਦਾ।” ਇਕੱਠ ਵਿੱਚ ਬੈਠੇ ਇੱਕ ਬਜ਼ੁਰਗ ਦੀ ਬਹੁਤ ਹੀ ਠਰ੍ਹੰਮੇ ਨਾਲ ਆਖੀ ਇਹ ਗੱਲ ਸਭ ਨੇ ਧਿਆਨ ਨਾਲ ਸੁਣੀ।
“ਬੰਦਾ ਨਰ ਸੀ ਨਰ। ਥੋੜ੍ਹੇ ਕੀਤੇ ਕਿਸੇ ਦਾ ਕੀਤਾ ਅਹਿਸਾਨ ਨਹੀਂ ਸੀ ਭੁਲਾਉਂਦਾ। ਮੇਰਾ ਤਾਂ ਗੁਆਂਢੀ ਸੀ। ਮੈਂ ਤਾਂ ਉਹਨੂੰ ਚੰਗੀ ਤਰ੍ਹਾਂ ਜਾਣਦੈਂ।” ਮਿਸਤਰੀ ਕਰਮ ਚੰਦ ਨੇ ਇਹ ਗੱਲ ਇਉਂ ਹਿੱਕ ਠੋਕ ਕੇ ਆਖੀ, ਜਿਵੇਂ ਉਹ ਰਾਮ ਰੱਖੇ ਦਾ ਪੂਰਾ ਭੇਤੀ ਹੋਵੇ।
“ਬਈ ਕਰਮ ਚੰਦਾ, ਲੋਕ ਗੱਲਾਂ ਵੀ ਤਾਂ ਹੀ ਕਰਦੇ ਆ। ਨਹੀਂ ਤਾਂ ਹਮਾਤੜ ਬਥੇਰੇ ਤੁਰੇ ਫਿਰਦੇ ਆ। ਕੌਣ ਕਿਸੇ ਨੂੰ ਸਿਆਣਦਾ।” ਇੱਕ ਹੋਰ ਸੱਜਣ ਨੇ ਕਰਮ ਚੰਦ ਨੂੰ ਮੁਖ਼ਾਤਬਿ ਹੁੰਦਿਆਂ ਝੱਟ ਆਖਿਆ। ਉੱਥੇ ਰਾਮ ਰੱਖੇ ਦਾ ਗੁਣਗਾਨ ਕਰਦੀਆਂ ਕਈ ਮਸੋਸੀਆਂ ਜਿਹੀਆਂ ਆਵਾਜ਼ਾਂ ਉੱਠ ਰਹੀਆਂ ਸਨ। ਇਕੱਠ ਵਿੱਚ ਨੀਵੀਂ ਪਾਈ ਬੈਠਾ ਵਰਿਆਮ ਸਿੰਘ ਚੁੱਪ-ਚਾਪ ਲੋਕਾਂ ਦੀਆਂ ਗੱਲਾਂ ਸੁਣੀ ਜਾ ਰਿਹਾ ਸੀ, ਪਰ ਉਸ ਦੇ ਮੂੰਹੋਂ ਅਫ਼ਸੋਸ ਦਾ ਇੱਕ ਵੀ ਸ਼ਬਦ ਨਹੀਂ ਸੀ ਨਿਕਲਿਆ, ਜਿਵੇਂ ਉਸ ਦੀ ਜ਼ੁਬਾਨ ਨੂੰ ਤਾਲਾ ਹੀ ਲੱਗ ਗਿਆ ਹੋਵੇ।
“ਬਈ, ਵੀਹ ਕੁ ਸਾਲ ਪਹਿਲਾਂ ਦੀ ਗੱਲ ਆ। ਰਾਮ ਰੱਖਾ ਸ਼ਹਿਰ ਵਿੱਚ ਸਾਈਕਲ ’ਤੇ ਚੜ੍ਹਿਆ ਜਾਂਦਾ ਸੀ। ਪਿੱਛਿਓਂ ਇੱਕ ਸ਼ਰਾਬੀ ਮੋਟਰਸਾਈਕਲ ਵਾਲਾ ਇਹਨੂੰ ਟੱਕਰ ਮਾਰ ਕੇ ਨੱਠ ਗਿਆ। ਇਹ ਬੇਹੋਸ਼ ਹੋ ਕੇ ਸੜਕ ’ਤੇ ਡਿੱਗ ਪਿਆ। ਇਹਦੇ ਸਿਰ ’ਤੇ ਜ਼ੋਰ ਨਾਲ ਸੱਟ ਲੱਗ ਗਈ ਤੇ ਖ਼ੂਨ ਵਹਿਣ ਲੱਗ ਗਿਆ। ਕੁਦਰਤੀ ਸੜਕ ’ਤੇ ਮੈਂ ਤੁਰਿਆ ਜਾਂਦਾ ਸੀ। ਉਸੇ ਵਕਤ ਮੈਂ ਇੱਕ ਦੁਕਾਨ ਤੋਂ ਆਪਣੇ ਘਰ ਫ਼ੋਨ ਕਰ ਦਿੱਤਾ। ਉਨ੍ਹਾਂ ਸਮਿਆਂ ਵਿੱਚ ਮੋਬਾਈਲ ਫ਼ੋਨ ਤਾਂ ਹੁੰਦੇ ਨਹੀਂ ਸੀ। ਮੇਰਾ ਵੱਡਾ ਕਾਕਾ ਘਰੋਂ ਸਕੂਟਰ ਲੈ ਕੇ ਆ ਗਿਆ। ਅਸੀਂ ਦੋਵੇਂ ਸਕੂਟਰ ’ਤੇ ਬਿਠਾ ਕੇ ਇਹਨੂੰ ਹਸਪਤਾਲ ਲੈ ਗਏ। ਉੱਥੇ ਖ਼ੂਨ ਦੀ ਲੋੜ ਪੈ ਗਈ। ਕੁਦਰਤੀ ਮੇਰਾ ਖ਼ੂਨ ਵੀ ਇਹਦੇ ਨਾਲ ਮੈਚ ਕਰ ਗਿਆ। ਮੈਂ ਆਪਣਾ ਖ਼ੂਨ ਦੇ ਦਿੱਤਾ। ਖ਼ੂਨ ਚੜ੍ਹਾਉਣ ਨਾਲ ਹੌਲੀ-ਹੌਲੀ ਇਹ ਹੋਸ਼ ਵਿੱਚ ਆ ਗਿਆ। ਇੱਕ-ਦੋ ਹਫ਼ਤੇ ਬਾਅਦ ਇਹ ਠੀਕ ਹੋ ਗਿਆ। ਆਪਣੀ ਉਮਰ ਭੋਗ ਗਿਆ ਵਿਚਾਰਾ। ਮੇਰਾ ਕੀ ਗਿਆ ਜੀ?” ਅਫ਼ਸੋਸ ਕਰਨ ਆਏ ਪ੍ਰਧਾਨ ਰਾਣਾ ਰਵੀ ਨੇ ਇਕੱਠ ਵਿੱਚ ਬੈਠਦਿਆਂ ਹੀ ਵੀਹ ਵਰ੍ਹੇ ਪਹਿਲਾਂ ਵਾਪਰੀ ਇਹ ਦੁਖਾਂਤਕ ਘਟਨਾ ਹੂ-ਬ-ਹੂ ਸੁਣਾਈ।
“ਪ੍ਰਧਾਨਾ, ਤੈਂ ਈ ਉਸ ਟੈਮ ਆਪਣਾ ਖ਼ੂਨ ਦੇ ਕੇ ਬਚਾ ਲਿਆ ਤਾ ਇਹਨੂੰ। ਉਸ ਟੈਮ ਦਾ ਬਚਿਆ ਈ ਤਾਂ ਆਪਣੀ ਗੋਡੇ-ਗੋਡੇ ਕਬੀਲਦਾਰੀ ਨਜਿੱਠ ਗਿਆ, ਨਹੀਂ ਤਾਂ ਸਾਡੇ ਜੀਣ ਦਾ ਕਿਆ ਹੱਜ ਤਾ...।” ਭਾਵੁਕ ਹੋਈ ਰਾਮ ਰੱਖੇ ਦੇ ਘਰਵਾਲੀ ਭਾਗੋ ਦੇ ਪਾਏ ਉੱਚੇ ਵੈਣ ਕਾਰਨ ਸਾਰੇ ਇਕੱਠ ਵਿੱਚ ਸੰਨਾਟਾ ਛਾ ਗਿਆ। ਵਰਿਆਮ ਸਿੰਘ ਲਈ ਹੁਣ ਉੱਥੇ ਬੈਠਣਾ ਭਾਰੀ ਹੋਇਆ ਪਿਆ ਸੀ, ਜਿਵੇਂ ਮੋਇਆ ਪਿਆ ਰਾਮ ਰੱਖਾ ਉਸ ਦੇ ਸਾਹਮਣੇ ਧੌਣ ਉੱਚੀ ਕਰਕੇ ਬੈਠ ਗਿਆ ਹੋਵੇ ਤੇ ਉਹ ਖ਼ੁਦ ਇੱਕ ਲਾਸ਼ ਬਣ ਗਿਆ ਹੋਵੇ।
ਅੱਜ ਆਪਣੇ ਘਰ ਵਾਪਸ ਜਾ ਕੇ ਵੀ ਵਰਿਆਮ ਸਿੰਘ ਦਾ ਮਨ ਉਦਾਸ ਸੀ। ਉਹ ਬਿਨਾਂ ਕੁਝ ਖਾਧੇ-ਪੀਤੇ ਹੀ ਸਿੱਧਾ ਆਪਣੇ ਸੌਣ ਵਾਲੇ ਕਮਰੇ ਵਿੱਚ ਜਾ ਵੜਿਆ। ਸਾਰੀ ਰਾਤ ਉਸ ਦਾ ਮਨ ਭਾਰਾ-ਭਾਰਾ ਹੀ ਰਿਹਾ, ਜਿਵੇਂ ਉਸ ਦੇ ਮਨ ’ਤੇ ਕੋਈ ਕੁਦਰਤੀ ਬੋਝ ਹੋਵੇ। ਪਤਾ ਨਹੀਂ, ਉਹਦੇ ਮਨ ਵਿੱਚ ਕੀ ਆਇਆ। ਦੂਸਰੇ ਦਿਨ ਉਹ ਸਵਖਤੇ ਉੱਠ ਖਲੋਇਆ ਤੇ ਸਸਕਾਰ ਹੋਣ ਤੋਂ ਖ਼ਾਸਾ ਚਿਰ ਪਹਿਲਾਂ ਹੀ ਰਾਮ ਰੱਖੇ ਦੇ ਘਰ ਜਾ ਪਹੁੰਚਿਆ। ਸ਼ਮਸ਼ਾਨ ਘਾਟ ਨੂੰ ਜਾਣ ਵੇਲੇ ਉਹ ਭਰੇ ਇਕੱਠ ਵਿੱਚੋਂ ਉੱਠਿਆ ਤੇ ਅਰਥੀ ਨੂੰ ਮੋਢਾ ਦੇਣ ਲਈ ਸਭ ਤੋਂ ਮੂਹਰੇ ਹੋ ਗਿਆ। ਅੱਜ ਉਹ ਬਹੁਤ ਨਿਮਰ ਤੇ ਭਾਵੁਕ ਹੋਇਆ ਪਿਆ ਸੀ। ਸ਼ਮਸ਼ਾਨ ਘਾਟ ਵਿੱਚ ਪਹੁੰਚ ਕੇ ਉਸ ਨੇ ਮ੍ਰਤਿਕ ਦੇਹ ਨੂੰ ਅਗਨੀ ਵਿਖਾਉਣ ਤੋਂ ਪਹਿਲਾਂ ਅਰਥੀ ’ਤੇ ਪਏ ਰਾਮ ਰੱਖੇ ਦੇ ਪੈਰ ਛੂਹੇ ਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ, ਜਿਵੇਂ ਮਿੱਤਰਤਾ, ਇਨਸਾਨੀਅਤ ਅੱਗੇ ਝੁਕ ਗਈ ਹੋਵੇ।
ਸੰਪਰਕ: +61431696030

Advertisement

Advertisement
Author Image

joginder kumar

View all posts

Advertisement
Advertisement
×