For the best experience, open
https://m.punjabitribuneonline.com
on your mobile browser.
Advertisement

ਬਿਜਲੀ ਨਾ ਹੋਣ ਦਾ ਵਰਦਾਨ

07:52 AM Feb 29, 2024 IST
ਬਿਜਲੀ ਨਾ ਹੋਣ ਦਾ ਵਰਦਾਨ
Advertisement

ਸੁੱਚਾ ਸਿੰਘ ਖੱਟੜਾ

ਬਵੰਜਾ ਤਰਵੰਜਾ ਵਰ੍ਹੇ ਪਹਿਲਾਂ ਦੇ ਪਿੰਡਾਂ ਦੀ ਆਰਥਿਕਤਾ ਅਤੇ ਨੌਕਰੀ ਮਿਲਣ ਨਾਲ ਪਰਿਵਾਰਾਂ ਦੇ ਉਭਰਦੇ ਭਵਿੱਖ ਦੇ ਨੈਣ-ਨਕਸ਼ਾਂ ਉੱਤੇ ਪਿਛਲਝਾਤ ਰੌਚਕ ਵਿਸ਼ਾ ਹੈ।
ਜਨਮ ਤੋਂ ਹੀ ਉਸ ਦੀਆਂ ਅੱਖਾਂ ਵਿੱਚ ਰੋਸ਼ਨੀ ਭਾਵੇਂ ਨਹੀਂ ਸੀ ਪਰ ਉਸ ਨੂੰ ਤੀਜਾ ਨੇਤਰ ਅਜਿਹਾ ਮਿਲਿਆ ਸੀ ਕਿ ਦੋ ਅੱਖਾਂ ਵਾਲ਼ੇ ਜੋ ਦੇਖ ਸਕਦੇ ਸਨ, ਉਹ ਉਸ ਤੋਂ ਵੀ ਦੂਰ ਤੱਕ ਬੁੱਝ ਲੈਂਦਾ ਸੀ। ਅਦਭੁਤ ਯਾਦ ਸ਼ਕਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਵੇਂ ਸਾਰਾ ਹੀ ਉਸ ਨੂੰ ਜ਼ਬਾਨੀ ਕੰਠ ਹੋਵੇ। ਕੀਰਤਨ ਕਰਦਾ ਸੀ, ਢਾਡੀ ਵਾਰਾਂ ਵੀ ਗਾਉਂਦਾ ਸੀ। ਲੋਕ ਵਿਆਹ-ਸ਼ਾਦੀਆਂ ਉੱਤੇ ਦੂਰ ਦੂਰ ਤੱਕ ਉਸ ਨੂੰ ਹੀ ਬੁਲਾਉਣਾ ਪਸੰਦ ਕਰਦੇ ਸਨ। ਹਿਮਾਚਲ ਪ੍ਰਦੇਸ਼ ਦੇ ਜਿਸ ਪਿੰਡ ਵਿੱਚ ਉਸ ਦਾ ਡੇਰਾ ਸੀ, ਉਸ ਪਿੰਡ ਵਿੱਚ ਸਾਡੀ ਭੂਆ ਸੀ। ਸਾਡਾ ਉੱਧਰ ਆਉਣ-ਜਾਣ ਬਣਿਆ ਰਹਿੰਦਾ ਸੀ। ਡੇਰਿਆਂ ਵਿੱਚ ਸਾਧੂ-ਸੰਤਾਂ ਅਤੇ ਤਿਆਗੀਆਂ ਨੂੰ ਮਿਲਣ ਮੈਂ ਉਨ੍ਹੀਂ ਦਿਨੀਂ ਦੂਰ ਦੂਰ ਤੱਕ ਵੀ ਚਲਿਆ ਜਾਂਦਾ ਸੀ। ਵਿਆਹ ਇਨ੍ਹਾਂ ਦਾ ਹੋਇਆ ਨਹੀਂ ਜਾਂ ਕਰਵਾਇਆ ਨਹੀਂ, ਇਹ ਮੈਂ ਕਦੇ ਪਤਾ ਨਹੀਂ ਕੀਤਾ ਪਰ ਇੱਕ ਪਰਿਵਾਰ ਉੱਥੇ ਰਹਿੰਦਾ ਸੀ ਜੋ ਗਿਆਨੀ ਜੀ ਦੀ ਦੇਖ-ਭਾਲ਼ ਕਰਦਾ ਸੀ। ਅੰਬ, ਜਾਮਣ, ਅਓਲੇ ਆਦਿ ਦੇ ਬੂਟਿਆਂ ਵਿੱਚ ਬਣਿਆ ਡੇਰਾ ਮੇਰੇ ਲਈ ਖਿੱਚ ਦਾ ਕਾਰਨ ਸੀ। ਜਾਣ ਦੀ ਦੇਰ ਸੀ ਕਿ ਸੰਖੇਪ ਜਾਣ-ਪਛਾਣ ’ਤੇ ਹੀ ਉਨ੍ਹਾਂ ਮੈਨੂੰ ਨੇੜੇ ਲਾ ਲਿਆ।
ਇੱਕ ਦਿਨ ਭੂਆ ਘਰ ਜਾ ਕੇ ਮੁੜਦਿਆਂ ਗਿਆਨੀ ਜੀ ਨੂੰ ਮਿਲਣ ਦਾ ਇਰਾਦਾ ਬਣ ਗਿਆ। ਡੇਰੇ ਪਹੁੰਚਦਿਆਂ ਦੇਖਿਆ, ਗਿਆਨੀ ਜੀ ਦਾ ਤਖਤਪੋਸ਼ ਖਾਲੀ ਸੀ। ਸੋਚਿਆ ਐਤਵਾਰ ਹੈ, ਕਿਧਰੇ ਪ੍ਰੋਗਰਾਮ ’ਤੇ ਗਏ ਹੋਣਗੇ। ਸਾਈਕਲ, ਸਟੈਂਡ ’ਤੇ ਲਾਉਂਦਿਆਂ ਔਰਤ ਨੂੰ ਸਤਿ ਸ੍ਰੀ ਅਕਾਲ ਬੁਲਾਈ। ਜਵਾਬ ਦੇ ਨਾਲ ਹੀ ਬੋਲੀ, “ਕਾਕਾ! ਤੂੰ ਟੀਚਰ ਲੱਗਿਆਂ ਅਤੇ ਕੰਵਾਰਾ ਹੈਂ?” ਮੈਂ ਹਾਂ ਕਹਿੰਦਿਆਂ ਦੋਨੋਂ ਗੱਲਾਂ ਪੁੱਛਣ ਦਾ ਕਾਰਨ ਪਤਾ ਕਰਨਾ ਚਾਹਿਆ ਤਾਂ ਉਹਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗਿਆਨੀ ਜੀ ਕਿਸੇ ਬੰਦੇ ਨੂੰ ਗੁੱਸੇ ਵਿੱਚ ਬੋਲ ਰਹੇ ਸਨ ਕਿ ਉਹ ਹੁਣ ਆਪਣੀ ਕੁੜੀ ਦਾ ਰਿਸ਼ਤਾ ਬਿਜਲੀ ਦੇ ਖੰਭੇ ਨਾਲ ਹੀ ਕਰੇ, ਸਾਡਾ ਮੁੰਡਾ ਮਾਸਟਰ ਲੱਗ ਗਿਆ ਹੈ, ਸਾਨੂੰ ਕੁੜੀ ਕੋਈ ਮਿਲ ਹੀ ਜਾਵੇਗੀ। ਕਹਿਣ ਲੱਗੀ- ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਸ਼ਾਇਦ ਗੱਲ ਤੇਰੇ ਬਾਰੇ ਹੋਵੇ।
ਕੁਝ ਦਿਨ ਬਾਅਦ ਗਿਆਨੀ ਜੀ ਆਪਣੇ ਜੱਥੇ ਦੇ ਮੈਂਬਰ ਧੰਨਾ ਸਿੰਘ ਦੇ ਮੋਢੇ ਉੱਤੇ ਹੱਥ ਰੱਖ ਕੇ ਨੰਗਲ ਟਾਊਨਸ਼ਿਪ ਬਾਜ਼ਾਰ ਤੋਂ ਬੱਸ ਅੱਡੇ ਵੱਲ ਆਉਂਦੇ ਮਿਲ ਗਏ। ਮੇਰੀ ਫ਼ਤਿਹ ਦਾ ਜਵਾਬ ਦਿੰਦਿਆਂ ਕਹਿਣ ਲੱਗੇ- ਜੇ ਉਨ੍ਹਾਂ ਦੇ ਪਿੰਡਾਂ ਵੱਲੋਂ ਕੋਈ ਰਿਸ਼ਤੇ ਦੀ ਗੱਲ ਕਰੇ ਤਾਂ ਮੈਂ ਉਨ੍ਹਾਂ ਨੂੰ ਪੁੱਛੇ ਬਿਨਾਂ ਹਾਂ ਨਾ ਕਰਾਂ। ਤਾਰ ਝੱਟ ਡੇਰੇ ਵਾਲੀ ਗੱਲ ਨਾਲ ਜਾ ਜੁੜੀ। ਮੈਂ ਜਿ਼ੱਦ ਕਰ ਕੇ ਉਨ੍ਹਾਂ ਨੂੰ ਚਾਹ ਦੇ ਖੋਖੇ ਅੱਗੇ ਬਿਠਾ ਲਿਆ। ਗਿਆਨੀ ਜੀ ਨੇ ਦੱਸਿਆ ਕਿ ਕਿਸੇ ਨੇ ਆਪਣੀ ਲੜਕੀ ਲਈ ਰਿਸ਼ਤੇ ਲਈ ਕਿਹਾ ਸੀ। ਤੁਹਾਡੇ ਪਿੰਡੋਂ ਆ ਕੇ ਕਹਿਣ ਲੱਗਾ- ਰਿਸ਼ਤਾ ਤਾਂ ਠੀਕ ਹੈ ਪਰ ਪਿੰਡ ਵਿੱਚ ਬਿਜਲੀ ਨਹੀਂ, ਇਸ ਲਈ ਕੋਈ ਹੋਰ ਲੱਭ ਦਿਓ। ਗਿਆਨੀ ਜੀ ਕਾਹਲ਼ੀ ਵਿੱਚ ਸਨ। ਉਠਦਿਆਂ ਕਹਿਣ ਲੱਗੇ ਕਿ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਉਹ ਆਪਣੀ ਕੁੜੀ ਨੂੰ ਹੁਣ ਬਿਜਲੀ ਦੇ ਖੰਭੇ ਨਾਲ ਵਿਆਹ ਲਏ, ਅਸੀਂ ਆਪਣਾ ਮੁੰਡਾ ਕਿਧਰੇ ਹੋਰ ਥਾਂ ਵਿਆਹ ਲਵਾਂਗੇ। ਉਦੋਂ ਤਾਂ ਮੈਥੋਂ ਹੱਸ ਹੋ ਗਿਆ, ਫਿਰ ਉਸ ਤੋਂ ਪੁਰਾਣੀ ਗੱਲ ਯਾਦ ਆ ਗਈ ਜਦੋਂ ਟਰੇਨਿੰਗ ਦੌਰਾਨ ਇੱਕ ਅਧਿਆਪਕ ਨੇ ਘਰ ਬੁਲਾ ਕੇ ਆਪਣੀ ਧੀ, ਮੇਰੀ ਟਰੇਨਿੰਗ-ਜਮਾਤਣ ਦੇ ਰਿਸ਼ਤੇ ਦੀ ਪੇਸ਼ਕਸ਼ ਕੀਤੀ ਸੀ। ਮੈਨੂੰ ਆਪਣਾ ਕੱਚਾ ਕੋਠਾ ਪਿੰਡੋਂ ਹੀ ਇਨਕਾਰ ਵਰਗਾ ਟਾਲਾ ਕਰਨ ਲਈ ਸੈਨਤਾਂ ਮਾਰਦਾ ਦਿਸਿਆ ਸੀ ਅਤੇ ਘਰ ਸਲਾਹ ਕਰਨ ਦਾ ਬਹਾਨਾ ਕਰ ਕੇ ਉੱਠ ਆਇਆ ਸੀ। ਮੈਂ ਸ਼ਹਿਰ ਜਾਣੋਂ ਹੀ ਕਤਰਾਉਣ ਲੱਗ ਗਿਆ ਸੀ, ਜਿਵੇਂ ਘਰ ਸਲਾਹ ਕੀਤੀ ਦਾ ਫ਼ੈਸਲਾ ਸ਼ਹਿਰ ਨੇ ਹੀ ਪੁੱਛਣਾ ਹੋਵੇ। ਸ਼ਹਿਰ ਸਾਹਮਣੇ ਪਿੰਡ, ਪੱਕੇ ਮਕਾਨਾਂ ਸਾਹਮਣੇ ਕੱਚਾ ਕੋਠਾ, ਬਿਜਲੀ ਦੇ ਬਲਬਾਂ ਸਾਹਮਣੇ ਮਿੱਟੀ ਦੇ ਤੇਲ ਦਾ ਦੀਵਾ! ਪਿੰਡ ਨੇ ਸ਼ਹਿਰ ਨਹੀਂ ਬਣਨਾ, ਦੋ ਸੌ ਉੱਨੀ ਰੁਪਏ ਤਨਖ਼ਾਹ ਨਾਲ ਪੱਕਾ ਮਕਾਨ ਨਹੀਂ ਬਣਨਾ, ਬਿਜਲੀ ਪਿੰਡ ਲਿਆਉਣੀ ਵੀ ਵੱਸੋਂ ਬਾਹਰ ਸੀ। ਮੁੜ ਪੜ੍ਹਨ-ਪੜ੍ਹਾਉਣ ਵਿੱਚ ਜੁਟ ਗਿਆ। ਐੱਮਏ ਅੰਗਰੇਜ਼ੀ (ਪ੍ਰਾਈਵੇਟ) ਕਰਨ ਲੱਗ ਪਿਆ।
ਦੋ ਕੁ ਸਾਲ ਬਾਅਦ ਇੱਕ ਦੋਸਤ ਨੇ ਮੈਨੂੰ ਪੁੱਛੇ ਬਿਨਾਂ ਹੀ ਇੱਕ ਹੋਰ ਰਿਸ਼ਤੇ ਦੀ ਗੱਲ ਤੋਰ ਲਈ। ਲੜਕੀ ਦੇ ਮਾਮੇ ਨੇ ਮੇਰਾ ਅਤੇ ਘਰ ਬਾਰੇ ਪਤਾ ਕਰ ਕੇ ਮੇਰੇ ਦੋਸਤ ਨੂੰ ਹਰੀ ਝੰਡੀ ਦੇ ਦਿੱਤੀ। ਦੋਸਤ ਖ਼ੁਦ ਸਰਕਾਰੀ ਅਧਿਆਪਕ ਸੀ। ਮੇਰੇ ਕੋਲ ਸਕੂਲ ਜਾ ਪਹੁੰਚਿਆ। ਉਸ ਨੇ ਲੜਕੀ ਦਾ ਸਰਕਾਰੀ ਟੀਚਰ ਹੋਣ ਬਾਰੇ ਦੱਸਿਆ। ਮੈਂ ਕੱਚਾ ਕੋਠਾ, ਬਿਜਲੀ ਦਾ ਨਾ ਹੋਣਾ, ਪਿੰਡ ਆਦਿ ਸਭ ਗਿਣ ਦਿੱਤੇ। ਉਹ ਹੱਸ ਪਿਆ ਅਤੇ ਕਹਿਣ ਲੱਗਾ ਕਿ ਸਭ ਕੁਝ ਦੱਸਣ ਪਿੱਛੋਂ ਹੀ ਤੈਅ ਹੋਇਆ ਹੈ। ਲੜਕੀ ਦੇਖਣ ਲਈ ਜੁਗਾੜ ਮੈਂ ਬਣਾਉਣਾ ਸੀ। ਉਦੋਂ ਸਰਕਾਰੀ ਟੀਚਰਾਂ ਨਾਲ ਮੇਰੀ ਜਾਣ-ਪਛਾਣ ਦਾ ਦਾਇਰਾ ਕਾਫ਼ੀ ਵੱਧ ਚੁੱਕਾ ਸੀ, ਇਸ ਲਈ ਲੜਕੀ ਦੇ ਸਕੂਲ ਜਾਣਾ ਠੀਕ ਨਹੀਂ ਸੀ। ਖ਼ੈਰ, ਉਹਦੀ ਇੱਕ ਸਹੇਲੀ ਦੇ ਘਰ ਮੁਲਾਕਾਤ ਹੋ ਗਈ। ਹੁਣ ਬਿਨਾਂ ਸਮਾਂ ਗੁਆਏ ਦੋਸਤ ਕੋਲ ਹਾਂ ਕਹਿਣ ਲਈ ਮੈਂ ਪਹੁੰਚ ਗਿਆ। ਉਹ ਹਾਂ ਸੁਣ ਖ਼ੁਸ਼ ਹੋਇਆ ਪਰ ਨਾਲ ਹੀ ਕਹਿਣ ਲੱਗਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਬਿਲਾਸਪੁਰ ਲੜਕੀ ਦਾ ਮਾਸੜ ਹੈ। ਉਨ੍ਹਾਂ ਤੇਰੇ ਨਾਲ ਗੱਲ ਕਰਨ ਦੀ ਇੱਛਾ ਪ੍ਰਗਟਾਈ ਹੈ। ਆਉਂਦੇ ਐਤਵਾਰ ਮਾਸੀ-ਮਾਸੜ ਨੇ ਇਸ ਕੰਮ ਲਈ ਆਉਣਾ ਹੈ। ਮੈਨੂੰ ਲੱਗਿਆ, ਬੇੜੀ ਕੰਢੇ ਲੱਗਦੀ ਲੱਗਦੀ ਮੁੜ ਦਰਿਆ ਦੇ ਅੱਧ ਵਾਪਸ ਚਲੇ ਗਈ। ਮੇਰੀ ਚਿੰਤਾ ਪੜ੍ਹ ਕੇ ਕਹਿਣ ਲੱਗਿਆ- ਡੀਈਓ ਸਾਹਿਬ ਬਹੁਤ ਵਧੀਆ ਇਨਸਾਨ ਹਨ। ਇਸ ਸਮੇਂ ਤੱਕ ਐੱਮਏ ਅੰਗਰੇਜ਼ੀ ਹੋ ਚੁੱਕੀ ਸੀ। ਬੀਐੱਡ ਮੈਂ ਪੱਤਰ-ਵਿਹਾਰ ਨਾਲ ਸ਼ਿਮਲਾ ਯੂਨੀਵਰਸਿਟੀ ਤੋਂ ਪਹਿਲਾਂ ਹੀ ਕਰ ਚੁੱਕਾ ਸੀ। ਇਨ੍ਹਾਂ ਦੋ ਗੱਲਾਂ ਵਿੱਚ ਤੀਜੀ ਮੇਰਾ ਸ਼ਰਾਬ ਨਾ ਪੀਣ ਦੀ ਜਾਣਕਾਰੀ ਨੇ ਬੇੜੀ ਮੁੜ ਕਿਨਾਰੇ ਲਾ ਦਿੱਤੀ। ਰਿਸ਼ਤਾ ਹੋ ਗਿਆ। ਵਿਆਹ ਹੋ ਗਿਆ। ਵਿਆਹ ਵਾਲੇ ਦਿਨ ਗਿਆਨੀ ਜੀ ਦਾ ਕਿਸੇ ਹੋਰ ਥਾਂ ਜਾਣਾ ਪਹਿਲੋਂ ਹੀ ਨਿਸ਼ਚਿਤ ਹੋ ਚੁੱਕਾ ਸੀ।
ਕੁਝ ਸਾਲਾਂ ਬਾਅਦ ਗਿਆਨੀ ਜੀ ਇੱਕ ਵਿਆਹ ’ਚ ਮਿਲ ਗਏ। ਰਾਜ਼ੀ-ਖ਼ੁਸ਼ੀ ਹੋ ਹੀ ਰਹੀ ਸੀ ਕਿ ਧੰਨਾ ਸਿੰਘ ਵਿੱਚੋਂ ਹੀ ਬੋਲ ਪਿਆ, “ਗਿਆਨੀ ਜੀ! ਮਾਸਟਰ ਜੀ ਦੀ ਪਤਨੀ ਸਰਕਾਰੀ ਟੀਚਰ ਹੈ।” ਗਿਆਨੀ ਜੀ ਕਹਿਣ ਲੱਗੇ, “ਲਗਦਾ ਹੈ, ਉਦੋਂ ਪਿੰਡ ਵਿੱਚ ਬਿਜਲੀ ਨਾ ਹੋਣਾ ਤਾਂ ਫਿਰ ਵਰਦਾਨ ਹੋ ਗਿਆ?”
ਸੰਪਰਕ: 94176-52947

Advertisement

Advertisement
Advertisement
Author Image

sukhwinder singh

View all posts

Advertisement