ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕਾਂ ਮਾਰਦੇ ਬੱਕਰੀਆਂ ਵਾਲੇ...

08:55 AM Nov 25, 2023 IST

ਜੋਗਿੰਦਰ ਕੌਰ ਅਗਨੀਹੋਤਰੀ

ਸ੍ਰਿਸ਼ਟੀ ਦੀ ਰਚਨਾ ਸਮੇਂ ਮਨੁੱਖ ਸਮੇਤ ਅਨੇਕਾਂ ਜੀਵ ਜੰਤੂਆਂ ਅਤੇ ਪਸ਼ੂ ਪੰਛੀਆਂ ਦੀ ਵੀ ਉਤਪਤੀ ਹੋਈ। ਮਨੁੱਖ ਨੇ ਆਪਣੀ ਬੁੱਧੀ ਦੀ ਵਰਤੋਂ ਕੀਤੀ ਅਤੇ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਉਹ ਕੰਮ ਕਰਨ ਲੱਗਾ ਤਾਂ ਉਸ ਦੇ ਅੰਦਰ ਨਵੀਆਂ ਲੋੜਾਂ ਸਾਹਮਣੇ ਆਉਣ ਲੱਗੀਆਂ। ਆਪਣੀਆਂ ਲੋੜਾਂ ਦੀ ਪੂਰਤੀ ਲਈ ਉਸ ਦੇ ਅੰਦਰ ਨਵੀਂਆਂ ਕਾਢਾਂ ਵੀ ਪੁੰਗਰਨ ਲੱਗੀਆਂ। ਇਹ ਕਾਢਾਂ ਹੀ ਵਿਕਾਸ ਬਣੀਆਂ। ਜਾਨਵਰਾਂ ਨੂੰ ਇਸ ਨੇ ਆਪਣੇ ਹਿੱਤ ਲਈ ਵਰਤਣਾ ਸ਼ੁਰੂ ਕਰ ਦਿੱਤਾ। ਖੇਤਾਂ ਵਿੱਚ ਕੰਮ ਕਰਨ ਲਈ ਉਸ ਨੇ ਊਠ ਅਤੇ ਬਲਦਾਂ ਤੋਂ ਕੰਮ ਲਿਆ। ਆਪਣੀ ਉਦਰਪੂਰਤੀ ਲਈ ਉਸ ਨੇ ਗਾਵਾਂ, ਮੱਝਾਂ ਅਤੇ ਬੱਕਰੀਆਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ।
ਮੱਝਾਂ, ਗਾਵਾਂ ਅਤੇ ਬੱਕਰੀਆਂ ਤੋਂ ਉਸ ਨੇ ਦੁੱਧ ਲੈ ਕੇ ਵਰਤਿਆ। ਦੁੱਧ ਤੋਂ ਅਨੇਕਾਂ ਖਾਣ ਪੀਣ ਦੀਆਂ ਵਸਤਾਂ ਬਣਾਈਆਂ। ਬਲਦਾਂ ਅਤੇ ਊਠ ਨੂੰ ਉਸ ਨੇ ਜ਼ਮੀਨ ਵਾਹੁਣ ਲਈ ਕੰਮ ਲੈ ਕੇ ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਅਤੇ ਆਪਣੀਆਂ ਲੋੜਾਂ ਪੂਰੀਆਂ ਕੀਤੀਆਂ। ਊਠ, ਘੋੜਿਆਂ, ਗਧਿਆਂ ਅਤੇ ਕੁੱਤਿਆਂ ਤੋਂ ਵੀ ਆਪਣੀ ਲੋੜ ਅਨੁਸਾਰ ਕੰਮ ਲਿਆ। ਪੰਛੀਆਂ ਦੀ ਪਰਖ ਕਰਕੇ ਉਨ੍ਹਾਂ ਨੂੰ ਸਿੱਖਿਅਤ ਕੀਤਾ ਅਤੇ ਕੰਮ ਲਿਆ। ਕਬੂਤਰ ਤੋਂ ਡਾਕੀਏ ਦਾ ਕੰਮ ਲਿਆ ਅਤੇ ਆਪਣੇ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਕੀਤਾ। ਪਹਾੜੀ ਤਿੱਤਰ ਜੋ ਕਿ ਬਹੁਤ ਹੀ ਵਧੀਆ, ਚੁਸਤ ਅਤੇ ਫੁਰਤੀਲਾ ਪੰਛੀ ਹੈ, ਇਹ ਵੀ ਮਨੁੱਖ ਦਾ ਮਿੱਤਰ ਹੈ। ਰਾਜੇ ਮਹਾਰਾਜਿਆਂ ਦੇ ਖਾਣੇ ਦੀ ਪਰਖ ਤਿੱਤਰਾਂ ਤੋਂ ਹੀ ਕਰਵਾਈ ਜਾਂਦੀ ਸੀ। ਸ਼ੁੱਧ ਅਤੇ ਅਸ਼ੁੱਧ ਭੋਜਨ ਦੀ ਪਰਖ ਲਈ ਭੋਜਨ ਤਿੱਤਰ ਅੱਗੇ ਰੱਖਿਆ ਜਾਂਦਾ ਸੀ। ਅਸ਼ੁੱਧ ਅਤੇ ਜ਼ਹਿਰੀਲੇ ਭੋਜਨ ਨੂੰ ਤਿੱਤਰ ਸੁੰਘ ਕੇ ਹੀ ਪਿੱਛੇ ਹਟ ਜਾਂਦਾ ਹੈ ਅਤੇ ਉਸ ਦੀ ਅਸ਼ੁੱਧਤਾ ਬਾਰੇ ਸੰਕੇਤ ਦੇ ਦਿੰਦਾ ਹੈ। ਬੱਕਰੀ ਦਾ ਦੁੱਧ ਵੀ ਬਹੁਤ ਗੁਣਕਾਰੀ ਹੁੰਦਾ ਹੈ। ਇਹ ਨਵੇਂ ਜੰਮੇ ਬੱਚੇ ਨੂੰ ਗੁੜ੍ਹਤੀ ਦੇ ਰੂਪ ਵਿੱਚ ਪਿਲਾਇਆ ਜਾਂਦਾ ਹੈ। ਇਹ ਹਲਕਾ ਅਤੇ ਪੌਸ਼ਟਿਕ ਹੁੰਦਾ ਹੈ ਅਤੇ ਬੱਚੇ ਦੇ ਜਲਦੀ ਹਜ਼ਮ ਹੋ ਜਾਂਦਾ ਹੈ। ਬੱਕਰੀਆਂ ਦਾ ਦੁੱਧ ਇਸ ਲਈ ਵਧੀਆ ਹੁੰਦਾ ਹੈ ਕਿ ਬੱਕਰੀ ਇਕੱਲਾ ਘਾਹ ਫੂਸ ਹੀ ਨਹੀਂ ਖਾਂਦੀ ਸਗੋਂ ਅਨੇਕਾਂ ਹੀ ਹੋਰ ਜੜੀਆਂ ਬੂਟੀਆਂ ਖਾਂਦੀ ਹੈ। ਇਹ ਬੇਰੀ ਦੇ ਪੱਤੇ, ਕਿੱਕਰਾਂ ਦੇ ਲੁੰਗ, ਅੱਕ ਦੀਆਂ ਕਰੂੰਬਲਾਂ ਵਰਗੀਆਂ ਅਨੇਕਾਂ ਚੀਜ਼ਾਂ ਖਾਂਦੀ ਹੈ ਜਿਸ ਵਿੱਚ ਅਨੇਕਾਂ ਗੁਣ ਹਨ। ਇਸ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਬੱਕਰੀ ਮੱਝਾਂ ਗਾਵਾਂ ਵਾਂਗ ਚਾਰਾ ਨਹੀਂ ਚਰਦੀ ਅਤੇ ਨਾ ਹੀ ਇਸ ਲਈ ਕੋਈ ਹੋਰ ਖ਼ਰਚਾ ਕਰਨਾ ਪੈਂਦਾ ਹੈ। ਇਹ ਦੁੱਧ ਪ੍ਰਾਪਤੀ ਦਾ ਸਭ ਤੋਂ ਸਸਤਾ ਸਾਧਨ ਹੈ। ਇਸ ਲਈ ਗ਼ਰੀਬੀ ਦੇ ਦੌਰ ਵਿੱਚ ਇਹ ਗੁਜ਼ਾਰੇ ਦਾ ਚੰਗਾ ਸਾਧਨ ਹੈ। ਪਹਿਲਾਂ ਅਤੇ ਅੱਜ ਵੀ ਵੱਡੇ ਜ਼ਿਮੀਂਦਾਰਾਂ ਦੇ ਆਪਣੇ ਇੱਜੜ ਹੁੰਦੇ ਹਨ ਅਤੇ ਉਹ ਇਨ੍ਹਾਂ ਨੂੰ ਪਾਲਣ ਲਈ ਕਾਮੇ ਰੱਖਦੇ ਹਨ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਤੋਂ ਚੰਗੀ ਕਮਾਈ ਹੁੰਦੀ ਹੈ।
ਬੱਕਰੀ ਤੋਂ ਦੂਹਰੀ ਕਮਾਈ ਹੁੰਦੀ ਹੈ। ਇੱਕ ਪਾਸੇ ਤਾਂ ਬੱਕਰੀ ਤੋਂ ਦੁੱਧ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੂਜੇ ਪਾਸੇ ਇਸ ਤੋਂ ਪੈਦਾ ਹੋਣ ਵਾਲਾ ਪਸ਼ੂਧਨ ਵੀ ਪ੍ਰਾਪਤ ਹੁੰਦਾ ਹੈ ਜਿਸ ਨਾਲ ਇੱਜੜ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਬੱਕਰੀ ਸਾਲ ਵਿੱਚ ਦੋ ਵਾਰ ਸੂੰਅਦੀ ਹੈ। ਤਾਕਤਵਰ ਬੱਕਰੀ ਦੋ ਜਾਂ ਤਿੰਨ ਬੱਚਿਆਂ ਨੂੰ ਜਨਮ ਦਿੰਦੀ ਹੈ ਜਦਕਿ ਕਮਜ਼ੋਰ ਬੱਕਰੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ।
ਬੱਕਰੀ ਦੇ ਬੱਚਿਆਂ ਲਈ ਮੇਮਣੇ ਸ਼ਬਦ ਵਰਤਿਆ ਜਾਂਦਾ ਹੈ। ਨਰ ਬੱਚੇ ਲਈ ਪਠੋਰਾ ਅਤੇ ਮਾਦਾ ਲਈ ਪੱਠ ਸ਼ਬਦ ਵਰਤਦੇ ਹਨ। ਇਨ੍ਹਾਂ ਦੇ ਮਾਸ ਨੂੰ ਮਾਸਾਹਾਰੀਆਂ ਦੇ ਭੋਜਨ ਲਈ ਵਰਤਿਆ ਜਾਂਦਾ ਹੈ। ਬੱਕਰੀ ਬਹੁਤਾ ਦੁੱਧ ਨਹੀਂ ਦਿੰਦੀ ਸੋ ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ:
ਬੱਕਰੀ ਠੱਕਰੀ ਛੱਡ ਦੇ ਗੈਂ,
ਪੀਣੈ ਦੁੱਧ ਤਾਂ ਲੈ ਲੈ ਮਹਿੰ।
ਭਾਵੇਂ ਬੱਕਰੀ ਥੋੜ੍ਹਾ ਦੁੱਧ ਦਿੰਦੀ ਹੈ, ਪਰ ਘਰੇਲੂ ਲੋੜਾਂ ਨੂੰ ਤਾਂ ਪੂਰਾ ਕਰਦੀ ਹੀ ਹੈ। ਕੁੱਝ ਸੁਆਣੀਆਂ ਤਾਂ ਬੱਕਰੀ ਦੇ ਦੁੱਧ ਨੂੰ ਸੰਭਾਲਣ ਵਿੱਚ ਵੀ ਕਾਮਯਾਬੀ ਦਿਖਾਉਂਦੀਆਂ ਹਨ ਅਤੇ ਉਸ ਤੋਂ ਦਹੀਂ ਮੱਖਣ ਵੀ ਬਣਾ ਲੈਂਦੀਆਂ ਹਨ।
ਪੇਂਡੂ ਸਭਿਆਚਾਰ ਵਿੱਚ ਬੁਝਾਰਤਾਂ ਪਾਉਣ ਵਾਲੇ ਪਸ਼ੂ ਪੰਛੀਆਂ ਅਤੇ ਕੀਟ ਪਤੰਗਿਆਂ ਨੂੰ ਵੀ ਇਸ ਘੇਰੇ ਵਿੱਚ ਲੈ ਆਉਂਦੇ ਹਨ। ਜਿਵੇਂ:
ਡੱਬ ਖੜੱਬੀ ਬੱਕਰੀ, ਡੱਬੀ ਉਹਦੀ ਛਾਂ।
ਚੱਲ ਮੇਰੀ ਬੱਕਰੀ ਕੱਲ੍ਹ ਵਾਲੀ ਥਾਂ। (ਮੰਜਾ)
ਜਾਂ
ਬਾਰਾਂ ਬੈਂਗਣ ਠਾਰਾਂ (18) ਸੈਂਗਣ
ਚਾਰ ਚਤਰ ਦੋ ਤੋਰੀਆਂ।
ਇਸ ਦਾ ਮਤਲਬ ਇਹ ਹੈ ਕਿ ਕੁੱਤੀ ਦੇ ਬਾਰਾਂ ਥਣ ਅਤੇ ਸੂਰੀ ਦੇ ਅਠਾਰਾਂ, ਮੱਝਾਂ ਗਾਵਾਂ ਦੇ ਚਾਰ ਚਾਰ ਅਤੇ ਬੱਕਰੀ ਦੇ ਦੋ। ਬੱਕਰੀ ਚਾਰ ਪੈਰਾਂ ਵਾਲਾ ਪਸ਼ੂ ਹੈ। ਇਸ ਦੇ ਚਾਰ ਲੱਤਾਂ ਹੁੰਦੀਆਂ ਹਨ। ਮੱਝਾਂ ਗਾਵਾਂ ਵਾਂਗ ਦੋ ਅੱਖਾਂ ਅਤੇ ਦੋ ਕੰਨ ਹੁੰਦੇ ਹਨ, ਪਰ ਮੱਝਾਂ ਗਾਵਾਂ ਵਾਂਗ ਇਸ ਦੇ ਚਾਰ ਥਣ ਨਹੀਂ ਹੁੰਦੇ। ਇਸ ਦੇ ਦੋ ਥਣ ਹੁੰਦੇ ਹਨ ਅਤੇ ਇਹ ਇਨ੍ਹਾਂ ਨਾਲੋਂ ਵੱਖਰੇ ਹੁੰਦੇ ਹਨ। ਬੱਕਰੀ ਦੇ ਥਣ ਲੰਮੇ ਹੁੰਦੇ ਹਨ। ਦੂਜੇ ਪਸ਼ੂਆਂ ਨਾਲੋਂ ਇੱਕ ਫ਼ਰਕ ਇਹ ਵੀ ਹੈ ਕਿ ਇਸ ਦੇ ਦੋਵੇਂ ਕੰਨਾਂ ਦੇ ਨਾਲ-ਨਾਲ ਮਾਸ ਲਮਕਦਾ ਹੈ ਇਸ ਨੂੰ ਲੂਲਾਂ ਕਿਹਾ ਜਾਂਦਾ ਹੈ।
ਬੱਕਰੀ ਦਾ ਦੁੱਧ ਦੂਜੇ ਦੁਧਾਰੂ ਪਸ਼ੂਆਂ ਦੇ ਮੁਕਾਬਲੇ ਘੱਟ ਵੀ ਹੁੰਦਾ ਹੈ ਅਤੇ ਸਲੂਣਾ ਵੀ ਕਿਉਂਕਿ ਬੱਕਰੀ ਭਾਂਤ ਭਾਂਤ ਦੀਆਂ ਜੜੀਆਂ ਬੂਟੀਆਂ ਖਾਂਦੀ ਹੈ। ਆਜੜੀ ਸਵੇਰੇ ਸਵੇਰੇ ਹੀ ਇੱਕ ਥੈਲੇ (ਝੋਲੇ) ਵਿੱਚ ਆਪਣੀ ਰੋਟੀ ਅਤੇ ਗੁੜ ਚਾਹ ਜਾਂ ਖੰਡ ਚਾਹ ਪਾ ਕੇ ਅਤੇ ਨਾਲ ਹੀ ਪਤੀਲੀ ਅਤੇ ਹੋਰ ਲੋੜੀਂਦੇ ਭਾਂਡੇ ਲੈ ਕੇ ਇੱਜੜ ਚਾਰਨ ਤੁਰ ਪੈਂਦੇ ਹਨ ਅਤੇ ਸਾਰਾ ਦਿਨ ਇੱਜੜ ਚਾਰਦੇ ਹਨ ਅਤੇ ਸ਼ਾਮ ਨੂੰ ਘਰਾਂ ਨੂੰ ਮੁੜਦੇ ਹਨ। ਇਹ ਬੱਕਰੀ ਦਾ ਤਾਜ਼ਾ ਦੁੱਧ ਚੋਅ ਕੇ ਹੀ ਚਾਹ ਬਣਾਉਂਦੇ ਹਨ। ਭਾਵੇਂ ਇਹ ਸਾਰਾ ਦਿਨ ਹੀ ਬਾਹਰ ਰਹਿੰਦੇ ਹਨ, ਪਰ ਦੂਜਿਆਂ ਵਾਂਗ ਇਨ੍ਹਾਂ ਦੀਆਂ ਭਾਵਨਾਵਾਂ ਵੀ ਸਜੀਵ ਹਨ। ਲੋਕਧਾਰਾ ਦੇ ਪੱਖ ਤੋਂ ਦੇਖੀਏ ਤਾਂ ਇਹ ਵੀ ਆਪਣੇ ਮਨ ਦੇ ਵਲਵਲਿਆਂ ਨੂੰ ਗੀਤਾਂ ਰਾਹੀਂ ਪ੍ਰਗਟ ਕਰਦੇ ਹਨ ਕਿਉਂਕਿ ਔਰਤਾਂ ਖੇਤਾਂ ਵੱਲ ਭੱਤੇ ਲੈ ਕੇ ਜਾਂਦੀਆਂ ਹਨ ਜਾਂ ਕੋਈ ਸਾਗ ਸੱਤੂ ਲੈਣ ਜਾਣ ਤਾਂ ਇਹ ਵੀ ਦੂਰ ਜਾਂਦੀ ਨੂੰ ਮਸ਼ਕਰੀ ਕਰ ਕੇ ਆਪਣਾ ਸ਼ੌਕ ਪੂਰਾ ਕਰਦੇ ਹਨ:
ਹਾਕਾਂ ਮਾਰਦੇ ਬੱਕਰੀਆਂ ਵਾਲੇ
ਨੀਂ ਦੁੱਧ ਪੀ ਕੇ ਜਾਈਂ ਜੈ ਕੁਰੇ।
ਬੱਕਰੀਆਂ ਅਤੇ ਭੇਡਾਂ ਦੇ ਇੱਜੜ ਚਾਰਨ ਵਾਲੇ ਅਯਾਲੀ ਜਾਂ ਆਜਾਲੀ ਤੋਂ ਬਿਨਾਂ ਆਜੜੀ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਹਿੰਦੀ ਦੇ ਸ਼ਬਦ ਅਜ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਬੱਕਰਾ। ਸੋ ਅੱਜ ਤੋਂ ਹੀ ਆਜੜੀ ਸ਼ਬਦ ਹੋਂਦ ਵਿੱਚ ਆਇਆ। ਬੱਕਰੀਆਂ ਪਾਲਣ ਦਾ ਧੰਦਾ ਖ਼ਰਚ ਪੱਖੋਂ ਸਸਤਾ ਹੈ, ਪਰ ਖੇਚਲ ਪੱਖੋਂ ਮਹਿੰਗਾ ਹੈ। ਖਾਣ ਲਈ ਇਹ ਘਾਹ ਫੂਸ ਅਤੇ ਪੱਤੇ ਆਦਿ ਖਾਂਦੀਆਂ ਹਨ, ਪਰ ਇਨ੍ਹਾਂ ਦੇ ਪਿੱਛੇ ਸਾਰਾ ਦਿਨ ਖੜ੍ਹੇ ਰਹਿਣਾ ਪੈਂਦਾ ਹੈ। ਬੱਕਰੀਆਂ ਨੂੰ ਗੁਆਰਾ, ਮੂੰਗਫਲੀ, ਅਤੇ ਛੋਲਿਆਂ ਦਾ (ਟਾਟੀਆ) ਨੀਰਾ ਵੀ ਪਾਇਆ ਜਾਂਦਾ ਹੈ। ਬੱਕਰੀਆਂ ਕਿੱਕਰਾਂ ਦੇ ਤੁੱਕੇ ਵੀ ਖਾਂਦੀਆਂ ਹਨ। ਕਿੱਕਰਾਂ ਅਤੇ ਬੇਰੀਆਂ ਦੇ ਕੋਮਲ ਪੱਤਿਆਂ ਨੂੰ ਵੀ ਇਹ ਖਾਂਦੀਆਂ ਹਨ। ਇਨ੍ਹਾਂ ਕੋਮਲ ਪੱਤਿਆਂ ਨੂੰ ਲਾਂਗੀ ਵੀ ਕਿਹਾ ਜਾਂਦਾ ਹੈ। ਆਜੜੀ ਲੋਕ, ਢਾਂਗੀ ਨਾਲ ਦਰੱਖਤਾਂ ਤੋਂ ਲਾਂਗੀ ਲਾਹੁੰਦੇ ਹਨ।
ਬੱਕਰੀ ਸ਼ਰਾਰਤੀ ਜਾਨਵਰ ਹੈ। ਇਹ ਟਿਕ ਕੇ ਨਹੀਂ ਖੜ੍ਹ ਸਕਦੀ। ਕਦੇ ਉੱਚੇ ਕਦੇ ਨੀਵੇਂ ਥਾਵਾਂ ’ਤੇ ਜਾ ਕੇ ਆਪਣਾ ਭੋਜਨ ਪ੍ਰਾਪਤ ਕਰਦੀ ਹੈ। ਕੁੜੀਆਂ ਅਤੇ ਚਿੜੀਆਂ ਨੂੰ ਵੀ ਬੱਕਰੀਆਂ ਦੇ ਨਾਲ ਤੁਲਨਾਇਆ ਜਾਂਦਾ ਹੈ:
ਕੁੜੀਆਂ, ਚਿੜੀਆਂ, ਬੱਕਰੀਆਂ
ਤ੍ਰੈਵੇਂ ਜਾਤਾਂ ਅੱਥਰੀਆਂ।
ਬੱਕਰੀਆਂ ਵੀ ਗਾਵਾਂ ਵਾਂਗ ਆਪਣਾ ਦੁੱਧ ਆਪ ਹੀ ਚੁੰਘ ਲੈਂਦੀਆਂ ਹਨ, ਇਸੇ ਲਈ ਉਨ੍ਹਾਂ ਦੇ ਥਣਾਂ ਨੂੰ ਥੈਲੀ ਚੜ੍ਹਾਈ ਜਾਂਦੀ ਹੈ। ਬੱਕਰੀਆਂ ਬਾਹਰ ਜਾ ਕੇ ਹੀ ਖ਼ੁਸ਼ ਹੁੰਦੀਆਂ ਹਨ ਕਿਉਂਕਿ ਉਹ ਭਾਂਤ ਭਾਂਤ ਦਾ ਖਾਂਦੀਆਂ ਹਨ। ਬੱਕਰੀਆਂ ਚਾਰਨਾ ਦੇਖਣ ਵਿੱਚ ਵਿਹਲਾ ਕੰਮ ਹੈ, ਪਰ ਬੱਕਰੀਆਂ ਪਿੱਛੇ ਹਬਿੜ ਹਬਿੜ (ਕਦੇ ਇੱਧਰ ਕਦੇ ਉੱਧਰ) ਭੱਜਣਾ ਪੈਂਦਾ ਹੈ ਕਿਉਂਕਿ ਬੱਕਰੀਆਂ ਤੇਜ਼ ਭੱਜਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਮੋੜਨ ਲਈ ਜੀਭ ਤਾਲੂਏ ਨਾਲ ਲਾ ਕੇ ਆਵਾਜ਼ ਕੱਢਣੀ ਪੈਂਦੀ ਹੈ।
ਬੱਕਰੀਆਂ ਚਾਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਉਂਜ ਤਾਂ ਕੁੱਝ ਔਰਤਾਂ ਵੀ ਬੱਕਰੀਆਂ ਚਾਰਨ ਚਲੀਆਂ ਜਾਂਦੀਆਂ ਹਨ, ਪਰ ਇਹ ਕੰਮ ਅਣਖਿੱਝ ਹੀ ਕਰ ਸਕਦਾ ਹੈ। ਔਰਤਾਂ ਆਪਣੇ ਦਿਉਰਾਂ ਨੂੰ ਰਿਸ਼ਤਾ ਕਰਵਾਉਣ ਦਾ ਲਾਲਚ ਦਿਖਾ, ਬੱਕਰੀਆਂ ਚਾਰਨ ਲਈ ਕਹਿੰਦੀਆਂ ਹਨ:
ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰੱਖਦੀ।
ਬੱਕਰੀਆਂ ਚਾਰਨ ਵਾਲਿਆਂ ਨੂੰ ਆਮ ਤੌਰ ’ਤੇ ਮੂਰਖ ਅਤੇ ਗਿਆਨ ਵਿਹੂਣੇ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਵਧੀਆ ਅਤੇ ਘਟੀਆ ਚੀਜ਼ਾਂ ਦਾ ਗਿਆਨ ਨਹੀਂ ਕਿਉਂਕਿ ਇਨ੍ਹਾਂ ਦਾ ਵਾਹ ਭੇਡਾਂ ਬੱਕਰੀਆਂ ਨਾਲ ਹੀ ਪੈਂਦਾ ਹੈ। ਭੇਡ ਨੂੰ ਬੇਵਕੂਫ਼ ਜਾਨਵਰ ਮੰਨਿਆ ਜਾਂਦਾ ਹੈ ਕਿਉਂਕਿ ਜੇਕਰ ਇੱਕ ਭੇਡ ਜਿਸ ਪਾਸੇ ਵੀ ਚੱਲ ਪਵੇ ਤਾਂ ਸਾਰੀਆਂ ਭੇਡਾਂ ਉਸ ਦੇ ਪਿੱਛੇ ਹੀ ਜਾਂਦੀਆਂ ਹਨ। ਤਾਂ ਹੀ ਤਾਂ ਆਜੜੀ ਸ਼ਾਮ ਨੂੰ ਭੇਡਾਂ ਵਾੜੇ ਵਿੱਚ ਲਿਜਾਣ ਲਈ ਵਾੜੇ ਦੇ ਬਾਰ ਖੜ੍ਹਾ ਹੋ ਕੇ ਇੱਕ ਭੇਡ ਨੂੰ ਆਪਣੀ ਡਾਂਗ ਹੇਠ ਦੀ ਲੰਘਾ ਦਿੰਦਾ ਹੈ ਤਾਂ ਸਾਰੀਆਂ ਭੇਡਾਂ ਫਟਾਫਟ ਉੱਥੋਂ ਦੀ ਨਿਕਲਦੀਆਂ ਹਨ, ਪਰ ਆਜੜੀਆਂ ਬਾਰੇ ਅਜਿਹੀ ਗੱਲ ਆਖੀ ਜਾਂਦੀ ਹੈ:
ਮੱਕੀ ਦਾ ਦਲੀਆ ਖਾਣ ਵਾਲਾ
ਸਾਰ ਕੀ ਜਾਣੇ ਖੀਰ ਦੀ
ਭੇਡਾਂ ਬੱਕਰੀਆਂ ਚਾਰਨ ਵਾਲਾ
ਸਾਰ ਕੀ ਜਾਣੇ ਹੀਰੇ ਦੀ।
ਬੇਸ਼ੱਕ ਅਜਿਹੀਆਂ ਗੱਲਾਂ ਆਖੀਆਂ ਜਾਂਦੀਆਂ ਹਨ, ਪਰ ਫਿਰ ਵੀ ਇਹ ਗਿਆਨ ਤੋਂ ਕੋਰੇ ਨਹੀਂ ਹੁੰਦੇ। ਇਨ੍ਹਾਂ ਦੇ ਗਿਆਨ ਦੀ ਪਰਖ ਇਨ੍ਹਾਂ ਦੀਆਂ ਭਾਵਨਾਵਾਂ ਤੋਂ ਪਤਾ ਲੱਗ ਜਾਂਦੀ ਹੈ ਕਿਉਂਕਿ ਇਨ੍ਹਾਂ ਦੀਆਂ ਬੇਤੁਕੀਆਂ ਬੋਲੀਆਂ ਹੀ ਇਨ੍ਹਾਂ ਦੇ ਗਿਆਨ ਦਾ ਪ੍ਰਤੀਕ ਹਨ:
ਤਾਵੇ ਤਾਵੇ ਤਾਵੇ
ਬਠਿੰਡੇ ਵਾਲੇ ਜੰਕਸ਼ਨ ਤੇ
ਇੱਕ ਚਿੜੀ ਮੁਕਲਾਵੇ ਜਾਵੇ।
ਰੋਂਦੀ ਨੇ ਪਾਣੀ ਮੰਗਿਆ
ਕੌਣ ਪਾਣੀ ਦਾ ਗਲਾਸ ਫੜਾਵੇ
ਰੋਂਦੀ ਸੀਤਾ ਦਾ
ਦੁੱਖ ਝੱਲਿਆ ਨਾ ਜਾਵੇ।
ਸੋ ਇਹ ਲੋਕ ਬੋਲੀ ਵਿੱਚ ਹੀ ਇਨ੍ਹਾਂ ਦੇ ਅੰਦਰਲੇ ਭਾਵਾਂ ਬਾਰੇ ਪਤਾ ਲੱਗਦਾ ਹੈ ਅਤੇ ਇਹ ਭਾਵ ਉਨ੍ਹਾਂ ਦੇ ਗਿਆਨ ਦੀ ਗਵਾਹੀ ਭਰਦੇ ਹਨ। ਬਠਿੰਡੇ ਇੱਕ ਪ੍ਰਾਚੀਨ ਅਤੇ ਇਤਿਹਾਸਕ ਸ਼ਹਿਰ ਹੈ। ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਜੰਕਸ਼ਨ ਹੈ, ਜਿੱਥੇ ਸੱਤ ਲਾਈਨਾਂ ਪੈਂਦੀਆਂ ਹਨ। ਮਾਤਾ ਸੀਤਾ ਦੇ ਬਣਵਾਸ ਵਿੱਚ ਭੋਗੇ ਸੰਕਟ ਦਾ ਵੀ ਸੰਕੇਤ ਮਿਲਦਾ ਹੈ। ਸੋ ਬੱਕਰੀਆਂ ਵਾਲਿਆਂ ਪ੍ਰਤੀ ਗਿਆਨ ਤੋਂ ਕੋਰੇ ਹੋਣ ਦੀ ਗੱਲ ਵੀ ਠੀਕ ਨਹੀਂ ਹੈ। ਮੱਝਾਂ ਗਾਵਾਂ ਦੀ ਕੀਮਤ ਦੇ ਬਰਾਬਰ ਬੱਕਰੀਆਂ ਭੇਡਾਂ ਦੀ ਕੀਮਤ ਘੱਟ ਹੋਣਾ ਸੁਭਾਵਿਕ ਹੀ ਹੈ, ਪ੍ਰੰਤੂ ਗ਼ਰੀਬ ਵਰਗ ਲਈ ਇਹ ਬਹੁਮੁੱਲਾ ਧਨ ਹੈ ਜੋ ਉਨ੍ਹਾਂ ਦੇ ਪੇਟ ਭਰਨ ਅਤੇ ਹੋਰ ਲੋੜਾਂ ਪੂਰੀਆਂ ਕਰਦਾ ਹੈ। ਮਹਿੰਗਾਈ ਵਧਣ ਕਾਰਨ ਸਾਰੀਆਂ ਵਸਤਾਂ ਦੇ ਭਾਅ ਵਧ ਗਏ ਹਨ। ਪਸ਼ੂਆਂ ਦੀ ਕੀਮਤ ਵਧਣ ਕਾਰਨ ਲੋਕ ਇਹ ਕਹਿਣ ਲੱਗੇ:
­­ਬੱਕਰੀ ਚੜ੍ਹਾ ਦਿੱਤੀ ਬਹਿੜਕੇ ਦੇ ਮੁੱਲ ਨੂੰ
ਚਾਹ ਦਾ ਸਵਾਦ ਪੈ ਗਿਆ ਕੁੱਲ ਨੂੰ
ਬੱਕਰੀ ਦੀ ਕੀਮਤ ਦੇ ਨਾਲ ਹੀ ਚਾਹ ਦੀ ਆਦਤ ਦਾ ਵੀ ਜ਼ਿਕਰ ਨਾਲ ਹੀ ਆਉਂਦਾ ਹੈ ਕਿ ਸਮੇਂ ਦੇ ਬਦਲਣ ਨਾਲ ਦੁੱਧ ਦੀ ਥਾਂ ਚਾਹ ਨੇ ਲੈ ਲਈ ਹੈ। ਬੱਕਰੀ ਦੇ ਮੁਕਾਬਲੇ ਬੱਕਰਾ ਜਾਂ ਬੋਕ ਜ਼ਿਆਦਾ ਤਾਕਤਵਰ ਹੁੰਦਾ ਹੈ। ਉਸ ਤੋਂ ਰਾਹਗੀਰ ਵੀ ਡਰਦੇ ਹਨ ਕਿ ਕਿਤੇ ਪਿੱਛੇ ਪੈ ਕੇ ਮਾਰੇ ਹੀ ਨਾ। ਘਰਾਂ ਵਿੱਚ ਮਸਤੇ ਹੋਏ ਮੁੰਡੇ ਨੂੰ ਡਾਂਟਣ ਲਈ ਜਾਂ ਛੇੜਨ ਲਈ ਬੱਕਰਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਸਾਰਾ ਦਿਨ ਖਾਣ ਪੀਣ ਵਾਲੀ ਔਰਤ ਨੂੰ ਬੱਕਰੀ ਕਿਹਾ ਜਾਂਦਾ ਹੈ। ਬੱਕਰੀਆਂ ਭੇਡਾਂ ਪਾਲਣ ਵਾਲੇ ਉਨ੍ਹਾਂ ਦੇ ਗਲ਼ ਵਿੱਚ ਗਾਨੀਆਂ ਅਤੇ ਘੁੰਗਰੂ ਵੀ ਪਾਉਂਦੇ ਹਨ ਅਤੇ ਟੱਲੀਆਂ ਵੀ। ਸ਼ਾਮ ਨੂੰ ਟੱਲੀਆਂ ਦੀ ਟਣ ਟਣ ਅਤੇ ਘੁੰਗਰੂਆਂ ਦੀ ਛਣ ਛਣ ਕੰਨਾਂ ਵਿੱਚ ਰਸ ਘੋਲਦੀ ਹੈ। ਇੰਜ ਲੱਗਦਾ ਹੈ ਜਿਵੇਂ ਕਿਤੇ ਕਿਸੇ ਧਾਰਮਿਕ ਅਸਥਾਨ ’ਤੇ ਸੰਧਿਆ ਸਮੇਂ ਆਰਤੀ ਹੋ ਰਹੀ ਹੋਵੇ। ਅਜਿਹੇ ਨਾਦ ਕੁਦਰਤੀ ਵਾਤਾਵਰਨ ਨੂੰ ਸੋਹਣਾ ਅਤੇ ਸਵਾਦਲਾ ਬਣਾਉਂਦੇ ਹਨ।
ਸੰਪਰਕ: 94178-40323

Advertisement

Advertisement