For the best experience, open
https://m.punjabitribuneonline.com
on your mobile browser.
Advertisement

ਭੱਠਾ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਆਵਾਜਾਈ ਠੱਪ

07:01 AM May 03, 2024 IST
ਭੱਠਾ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਆਵਾਜਾਈ ਠੱਪ
ਸੰਗਰੂਰ ’ਚ ਡੀਸੀ ਦਫ਼ਤਰ ਅੱਗੇ ਭੱਠਾ ਮਜ਼ਦੂਰਾਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਆਗੂ ਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਮਈ
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਸੈਂਕੜੇ ਭੱਠਾ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਗਿਆ। ਧਰਨਾਕਾਰੀ ਮਾਰਚ-2024 ਦੀਆਂ ਘੱਟੋ ਘੱਟ ਉਜਰਤਾਂ ਲਾਗੂ ਕਰਾਉਣ ਅਤੇ ਮਸ਼ੀਨੀ ਗਾਰੇ ਦਾ ਰੇਟ ਘੱਟੋ ਘੱਟ ਉਜਰਤਾਂ ਵਿੱਚ ਦਰਜ ਕਰਾਉਣ ਸਮੇਤ ਮੰਗਾਂ ਪੂਰੀਆਂ ਨਾ ਕਰਨ ਤੋਂ ਖਫ਼ਾ ਸਨ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਭੱਠਾ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਦੀ ਆੜ ਹੇਠ ਮਾਰਚ-2024 ਦੀਆਂ ਘੱਟੋ-ਘੱਟ ਉਜਰਤਾਂ ਲਾਗੂ ਨਹੀਂ ਕੀਤੀਆਂ ਜਿਸ ਕਾਰਨ ਭੱਠਾ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਉਜਰਤਾਂ ਲਾਗੂ ਨਾ ਕਰਕੇ ਸਰਕਾਰ ਨੇ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਦਿਖਾ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਜਵੱਦੀ, ਸੂਬਾ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਅਤੇ ਜ਼ਿਲ੍ਹਾ ਇੰਚਾਰਜ ਸਤਪਾਲ ਸਿੰਘ ਬੈਹਿਣੀਵਾਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਮਜ਼ਦੂਰ ਜਮਾਤ ਨਾਲ ਧੋਖਾ ਹੀ ਕੀਤਾ ਹੈ ਅਤੇ ਮਜ਼ਦੂਰਾਂ ਨੂੰ ਸਿਰਫ਼ ਚੋਣਾਂ ਵਿੱਚ ਲਾਲਚ ਦੇ ਕੇ ਵੋਟਾਂ ਹੀ ਬਟੋਰੀਆਂ ਜਾਂਦੀਆਂ ਹਨ। ਆਗੂਆਂ ਨੇ ਦੱਸਿਆ ਕਿ ਅੱਜ ਪ੍ਰਸ਼ਾਸ਼ਨ ਵਲੋਂ ਮੰਗਾਂ ਦੇ ਹੱਲ ਲਈ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਭੱਠਾ ਮਾਲਕਾਂ ਦੀ ਐਸੋਸੀਏਸ਼ਨ ਨਹੀਂ ਪੁੱਜੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਭਲਕੇ 3 ਮਈ ਨੂੰ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਉਸ ਮਗਰੋਂ ਭਲਕੇ 3 ਮਈ ਤੋਂ ਹੀ ਡੀ.ਸੀ. ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ। ਧਰਨੇ ਨੂੰ ਯੂਨੀਅਨ ਆਗੂਆਂ ਪ੍ਰਕਾਸ਼ ਸਿੰਘ ਹਿੱਸੋਵਾਲ, ਅਮਰਜੀਤ ਸਿੰਘ ਹਿਮਾਂਯੂਪੁਰਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਤੋਲਾਵਾਲ, ਜ਼ਿਲ੍ਹਾ ਮੁਖਤਿਆਰ ਸਿੰਘ ਰਾਮਗੜ ਸਰਦਾਰਾਂ ਤੇ ਸਰਦਾਰ ਅਲੀ ਕੰਗਣਵਾਲ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×