For the best experience, open
https://m.punjabitribuneonline.com
on your mobile browser.
Advertisement

ਭੱਠਾ ਮਜ਼ਦੂਰਾਂ ਵੱਲੋਂ ਥਾਣਾ ਜੋਗਾ ਦਾ ਘਿਰਾਓ

08:22 AM Mar 31, 2024 IST
ਭੱਠਾ ਮਜ਼ਦੂਰਾਂ ਵੱਲੋਂ ਥਾਣਾ ਜੋਗਾ ਦਾ ਘਿਰਾਓ
ਥਾਣਾ ਜੋਗਾ ਅੱਗੇ ਧਰਨਾ ਦਿੰਦੇ ਹੋਏ ਭੱਠਾ ਮਜ਼ਦੂਰ।
Advertisement

ਸ਼ੰਗਾਰਾ ਸਿੰਘ ਅਕਲੀਆ
ਜੋਗਾ, 30 ਮਾਰਚ
ਸ਼ਹਿਰ ਜੋਗਾ ਦੇ ਖੇਤਾਂ ਵਿਚਲੇ ਮਦਨ ਲਾਲ ਦੇ ਭੱਠੇ ’ਤੇ ਕੰਮ ਕਰਦੇ ਭੱਠਾ ਮਜ਼ਦੂਰਾਂ ਉੱਪਰ ਕੁਝ ਨੌਜਵਾਨਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਦੇ ਮਾਮਲੇ ’ਚ ਮੁਲਜ਼ਮਾਂ ’ਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਸਵੇਰੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਏਟਕ ਦੀ ਅਗਵਾਈ ਹੇਠ ਸੈਂਕੜੇ ਭੱਠਾ ਮਜ਼ਦੂਰਾਂ ਵੱਲੋਂ ਥਾਣਾ ਜੋਗਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਜੀਤ ਸਿੰਘ ਬੋਹਾ ਨੇ ਕਿਹਾ ਕਿ ਪਿਛਲੇ ਦਿਨੀਂ ਲੰਘੀ ਹੋਲੀ ਵਾਲੇ ਦਿਨ ਸ਼ਹਿਰ ਜੋਗਾ ਦੇ ਕੁਝ ਗੁੰਡਿਆਂ ਦੇ ਟੋਲੇ ਨੇ ਸ਼ਹਿਰ ਜੋਗਾ ਦੇ ਖੇਤਾਂ ਵਿਚਲੇ ਮਦਨ ਲਾਲ ਦੇ ਭੱਠੇ ਉੱਪਰ ਅਚਨਚੇਤ ਜਾ ਕੇ ਕੰਮ ਕਰਨ ਵਾਲੇ ਭੱਠਾ ਮਜ਼ਦੂਰਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਇਸ ਦੌਰਾਨ ਗੰਭੀਰ ਜ਼ਖ਼ਮੀ ਹੋਏ ਭੱਠਾ ਮਜ਼ਦੂਰਾਂ ਦੇ ਪਰਿਵਾਰਾਂ ਵੱਲੋਂ ਥਾਣਾ ਜੋਗਾ ਪੁਲੀਸ ਨੂੰ ਵਾਰ-ਵਾਰ ਸੂਚਿਤ ਕਰਨ ’ਤੇ ਵੀ ਪੁਲੀਸ ਦੇ ਕੰਨਾਂ ਦੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਕੁਝ ਮਜ਼ਦੂਰਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ, ਇੱਥੋਂ ਤੱਕ ਕਿ ਛੋਟੇ-ਛੋਟੇ ਬੱਚਿਆਂ ਅਤੇ ਮਜ਼ਦੂਰਾਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਕਾਮਰੇਡ ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਜੇਕਰ ਥਾਣਾ ਜੋਗਾ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸਖਤ ਧਾਰਾਵਾਂ ਲਾ ਕੇ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੌਰਾਨ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਮਾਨਸਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਥਾਣਾ ਜੋਗਾ ਦੇ ਮੁਖੀ ਬੇਅੰਤ ਕੌਰ ਨੇ ਧਰਨੇ ਵਿੱਚ ਆ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਉੱਪਰ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਦਰਸ਼ਨ ਸਿੰਘ ਦਾਨੇਵਾਲੀਆ, ਗੁਰਜੰਟ ਸਿੰਘ, ਮੋਹਨਾ ਸਿੰਘ ਉੱਭਾ, ਕੇਵਲ ਸਿੰਘ ਅਕਲੀਆ, ਦੇਵਿੰਦਰ ਸਿੰਘ, ਭਾਨੂੰ, ਰਾਮ, ਹਰੀ ਓਮ, ਛੋਟੇਲਾਲ ਤੇ ਦੀਵਾਨ ਸਿੰਘ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

sanam grng

View all posts

Advertisement
Advertisement
×