ਹਰਿਆਣਾ ਦੇ ਕਾਲੇ ਰੇਤੇ ਨੇ ਪੰਜਾਬ ਦਾ ਚਿੱਟਾ ਰੇਤਾ ‘ਮਿੱਟੀ’ ਕੀਤਾ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ
ਇਥੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਰੇਤਾ ਕਾਰੋਬਾਰੀਆਂ ਅਤੇ ਟਰੈਕਟਰ-ਟਰਾਲਾ ਚਾਲਕਾਂ ਨੇ ਧਰਨਾ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਹਰਿਆਣਾ (ਕਰਨਾਲ) ਤੋਂ ਆ ਰਿਹਾ ਕਾਲਾ ਰੇਤਾ ‘ਸੋਨੇ ਦੇ ਭਾਅ’ ਵੇਚਿਆ ਜਾ ਰਿਹਾ ਹੈ ਅਤੇ ਪੰਜਾਬ ਦਾ ਚਿੱਟਾ ਰੇਤਾ ਮਾਰਕੀਟ ਵਿੱਚੋਂ ਗਾਇਬ ਹੋ ਗਿਆ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਰੇਤੇ ਦੀਆਂ ਖੱਡਾਂ ਚਾਲੂ ਨਹੀਂ ਕੀਤੀਆਂ ਗਈਆਂ। ਇਸ ਕਰ ਕੇ ਰੇਤੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਰੁਜ਼ਗਾਰ ਵੀ ਠੱਪ ਹੋ ਗਿਆ ਹੈ। ਇਸ ਮੌਕੇ ਰਾਜਿੰਦਰ ਸਿੰਘ ਬਿੰਦਾ, ਜੱਗਾ ਭੁੱਲਰ, ਜਸਵੰਤ ਸਿੰਘ ਤਲਵੰਡੀ, ਗੁਰਸੇਵਕ ਸਿੰਘ ਤੰਬੂਵਾਲ, ਬੱਬੂ ਸਿੰਘ ਜ਼ੀਰਾ, ਗੋਪੀ ਸੁਲਹਾਨੀ ਜ਼ੀਰਾ, ਰਾਜਪਾਲ ਫਾਜ਼ਿਲਕਾ ਅਤੇ ਸੋਨਾ ਬਰਾੜ ਨੇ ਦੱਸਿਆ ਕਿ ਪੰਜਾਬ ਵਿੱਚ ਸਿੱਧੇ ਜਾਂ ਅਸਿੱਧੇ ਤਰੀਕੇ ਰੇਤੇ ਦੇ ਕਾਰੋਬਾਰ ਨਾਲ ਜੁੜੇ ਤਕਰੀਬਨ 4-5 ਲੱਖ ਲੋਕ ਵਿਹਲੇ ਹੋ ਕੇ ਬੈਠੇ ਹਨ। ਦੁਕਾਨਦਾਰ ਮਜਬੂਰੀ ਵਿੱਚ ਹਰਿਆਣਾ ਤੋਂ ਕਾਲਾ ਰੇਤਾ ਮੰਗਵਾ ਰਹੇ ਹਨ। ਪੰਜਾਬ ਦਾ ਚਿੱਟਾ ਰੇਤਾ ਕਰੀਬ 80 ਰੁਪਏ ਕੁਇੰਟਲ ਪੈਂਦਾ ਹੈ, ਜਦੋਂ ਕਿ ਹਰਿਆਣਾ ਦਾ ਕਾਲਾ ਰੇਤਾ 150 ਰੁਪਏ ਕੁਇੰਟਲ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਰੇਤੇ ਦੀਆਂ ਖੱਡਾਂ ਚਾਲੂ ਕੀਤੀਆਂ ਜਾਣ। ਉਨ੍ਹਾਂ ਹਰਿਆਣਾ ਦੇ ਰੇਤੇ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਵਿਧਾਨ ਸਭਾ ਦੇ ਸਪੀਕਰ ਅਤੇ ਪ੍ਰਿੰਸੀਪਲ ਸਕੱਤਰ ਨੂੰ ਵੀ ਮੰਗ ਪੱਤਰ ਸੌਂਪ ਚੁੱਕੇ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਭੇਜਿਆ।