ਭਾਜਪਾ ਵਿਧਾਇਕਾਂ ਨੇ ਉਪ-ਰਾਜਪਾਲ ਕੋਲ ਦੁੱਖੜੇ ਰੋਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਦਿੱਲੀ ਭਾਜਪਾ ਆਗੂਆਂ ਨੇ ਦੋਸ਼ ਲਾਇਆ ਹੈ ਕਿ ਦਿੱਲੀ ਵਿਧਾਨ ਸਭਾ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਗੈਰ-ਸੰਵਿਧਾਨਕ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਦਿੱਲੀ ਦੇ ਮਸਲਿਆਂ ਅਤੇ ਸਮੱਸਿਆਵਾਂ ਦੀ ਵਿਧਾਨ ਸਭਾ ਵਿੱਚ ਚਰਚਾ ਨਹੀਂ ਹੁੰਦੀ ਅਤੇ ਇਸ ਦੀ ਵਰਤੋਂ ਕੇਂਦਰ ਸਰਕਾਰ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਲੈਫਟੀਨੈਂਟ ਗਵਰਨਰ ਅਤੇ ਅਫਸਰਾਂ ਨੂੰ ਗਾਲ਼ਾਂ ਕੱਢਣ ਲਈ ਹੀ ਕੀਤੀ ਜਾਂਦੀ ਹੈ। ਸਵਾਲ-ਜਵਾਬ ਦਾ ਦੌਰ ਖਤਮ ਕਰਕੇ ਵਿਧਾਇਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਦੀ ਅਗਵਾਈ ਹੇਠ ਭਾਜਪਾ ਵਿਧਾਇਕਾਂ ਨੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੇ ਸਰਪ੍ਰਸਤ ਹੋਣ ਦੇ ਨਾਤੇ ਵਿਧਾਨ ਸਭਾ ਦੀ ਮਰਿਆਦਾ ਅਤੇ ਵਿਧਾਇਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਕਦਮ ਚੁੱਕਣ। ਵਫ਼ਦ ਵਿੱਚ ਭਾਜਪਾ ਦੇ ਸਾਰੇ ਵਿਧਾਇਕ ਮੋਹਨ ਸਿੰਘ ਬਿਸ਼ਟ, ਵਿਜੇਂਦਰ ਗੁਪਤਾ, ਓਮਪ੍ਰਕਾਸ਼ ਸ਼ਰਮਾ, ਜਤਿੰਦਰ ਮਹਾਜਨ, ਅਨਿਲ ਵਾਜਪਾਈ, ਅਭੈ ਵਰਮਾ ਅਤੇ ਅਜੇ ਮਹਾਵਰ ਸ਼ਾਮਲ ਸਨ।
ਭਾਜਪਾ ਆਗੂਆਂ ਨੇ ਉਪ ਰਾਜਪਾਲ ਨੂੰ ਕਿਹਾ ਕਿ ਰਾਜਧਾਨੀ ਦੀਆਂ ਸਮੱਸਿਆਵਾਂ ਜਿਵੇਂ ਭ੍ਰਿਸ਼ਟਾਚਾਰ, ਬਿਜਲੀ, ਪਾਣੀ, ਟਰਾਂਸਪੋਰਟ, ਸਿਹਤ, ਪ੍ਰਦੂਸ਼ਣ ਅਤੇ ਖਸਤਾਹਾਲ ਸੜਕਾਂ ਦੀ ਦਿੱਲੀ ਵਿਧਾਨ ਸਭਾ ਵਿੱਚ ਕਦੇ ਵੀ ਚਰਚਾ ਨਹੀਂ ਹੁੰਦੀ। ਇਹ ਮੰਦਭਾਗੀ ਸਥਿਤੀ ਹੈ ਕਿ ਵਿਰੋਧੀ ਧਿਰ ਵੱਲੋਂ ਵਿਚਾਰ-ਵਟਾਂਦਰੇ ਲਈ ਭੇਜੇ ਗਏ ਪ੍ਰਸਤਾਵਾਂ ਵਿੱਚੋਂ ਅੱਜ ਤੱਕ ਕੋਈ ਵੀ ਪ੍ਰਵਾਨ ਨਹੀਂ ਕੀਤਾ ਗਿਆ।
ਬਜਟ, ਮੌਨਸੂਨ ਅਤੇ ਪਤਝੜ ਸੈਸ਼ਨ ਇੱਕ ਸਾਲ ਵਿੱਚ ਜ਼ਰੂਰ ਬੁਲਾਇਆ ਜਾਣਾ ਚਾਹੀਦਾ ਹੈ ਪਰ ਇਸ ਨਿਯਮ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਵਿਧਾਨ ਸਭਾ ਸੈਸ਼ਨ ਬੁਲਾਉਣ ਤੋਂ ਪਹਿਲਾਂ 15 ਦਿਨਾਂ ਦਾ ਨੋਟਿਸ ਵੀ ਨਹੀਂ ਦਿੱਤਾ ਜਾਂਦਾ। ਇੱਥੋਂ ਤੱਕ ਕਿ ਬਜਟ ਸੈਸ਼ਨ ਵਰਗੇ ਨਿਯਮਤ ਸੈਸ਼ਨਾਂ ਵਿੱਚ ਵੀ ਪ੍ਰਸ਼ਨ ਕਾਲ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ 16, 17 ਅਗਸਤ ਨੂੰ ਬੁਲਾਇਆ ਗਿਆ ਸੈਸ਼ਨ ਵੀ ਐਮਰਜੈਂਸੀ ਸੈਸ਼ਨ ਹੈ ਅਤੇ ਉਸ ਵਿੱਚ ਵੀ ਸਵਾਲ-ਜਵਾਬ ਦਾ ਸਮਾਂ ਨਹੀਂ ਹੈ। ਭਾਜਪਾ ਵਿਧਾਇਕਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ।