ਕੜਾਕੇ ਦੀ ਠੰਢ ਨੇ ਮਲਵਈਆਂ ਦੇ ਹੱਡ ਠਾਰੇ
ਜੋਗਿੰਦਰ ਸਿੰਘ ਮਾਨ
ਮਾਨਸਾ, 7 ਜਨਵਰੀ
ਪੰਜਾਬ ਵਿੱਚ ਪਹਾੜਾਂ ਉੱਤੇ ਹੋਈ ਬਰਫ਼ਬਾਰੀ ਕਾਰਨ ਮੈਦਾਨਾਂ ਵਿਚ ਚੱਲ ਰਹੀ ਸੀਤ ਲਹਿਰ ਨਾਲ ਠੰਢ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਕੰਬਣੀ ਛਿੜੀ ਹੋਈ ਹੈ। ਇਸ ਠੰਢ ਨੇ ਲੋਕਾਂ ਦੀ ਜ਼ਿੰਦਗੀ ਨੂੰ ਫਿਲਹਾਲ ਬਰੇਕ ਲਾ ਰੱਖੀ ਹੈ ਅਤੇ ਧੁੰਦ ਨੇ ਹਰ ਕਿਸਮ ਦੇ ਕਾਰਜ ਨੂੰ ਖਿਲਾਰ ਧਰਿਆ ਹੈ। ਧੁੰਦ ਕਾਰਨ ਰੇਲ ਗੱਡੀਆਂ ਅਤੇ ਬੱਸਾਂ ਸਣੇ ਹਰ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਵਾਹਨ ਦਿਨ ਸਮੇਂ ਵੀ ਲਾਈਟਾਂ ਲਾ ਕੇ ਚੱਲਣ ਲਈ ਮਜਬੂਰ ਹਨ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਪੈਣ ਦੀ ਚਿਤਾਵਨੀ ਦਿੱਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦਿੱਤੀ ਗਈ ਇੱਕ ਰਿਪੋਰਟ ਮੁਤਾਬਕ ਮਾਨਸਾ, ਬਠਿੰਡਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਲੁਧਿਆਣਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਅਗਲੇ 72 ਘੰਟੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੌਸਮ ਦੇ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਗਲੇ 2-3 ਦਿਨ ਬੱਦਲਬਾਈ ਬਣੀ ਰਹੇਗੀ ਅਤੇ ਮੌਸਮ ਆਮ ਤੌਰ ’ਤੇ ਖੁਸ਼ਕ ਰਹੇਗਾ। ਵੱਧ ਤੋਂ ਵੱਧ ਤਾਪਮਾਨ 16.0 ਤੋਂ 18.0 ਅਤੇ ਘੱਟ ਤੋਂ ਘੱਟ ਤਾਪਮਾਨ 5.0 ਤੋਂ 7.0 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ, ਜਦੋਂਕਿ ਹਵਾ ਵਿੱਚ ਨਮੀ ਦੀ ਔਸਤ ਮਾਤਰਾ 96 ਤੋਂ 80 ਫ਼ੀਸਦ ਦੇ ਵਿਚਕਾਰ ਅਤੇ ਹਵਾਵਾਂ ਦੀ ਰਫ਼ਤਾਰ 5.2 ਤੋਂ 9.7 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।
ਖੇਤੀਬਾੜੀ ਮਹਿਕਮੇ ਦੇ ਮਾਨਸਾ ਸਥਿਤ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਦਾ ਕਹਿਣਾ ਹੈ ਕਿ ਬੇਸ਼ੱਕ ਠੰਢ ਨੇ ਇੱਕ ਵਾਰ ਫ਼ਸਲਾਂ ਦਾ ਵਾਧਾ ਰੋਕ ਦਿੱਤਾ ਹੈ ਪਰ ਅਗਲੇ ਦਿਨਾਂ ਵਿੱਚ ਮੌਸਮ ਖੁੱਲ੍ਹਣ ਤੋਂ ਬਾਅਦ ਫ਼ਸਲਾਂ ਮੁੜ ਚੰਗੀ ਹਾਲਤ ਵਿੱਚ ਟਹਿਕਣ ਲੱਗ ਪੈਣਗੀਆਂ।
ਸੰਘਣੀ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ
ਸਿਰਸਾ (ਪ੍ਰਭੂ ਦਿਆਲ): ਇਥੇ ਪੈ ਰਹੀ ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ। ਮਨੁੱਖਾਂ ਦੇ ਨਾਲ-ਨਾਲ ਪਸ਼ੂ ਵੀ ਇਸ ਤੋਂ ਪ੍ਰਭਾਵਿਤ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਨੂੰ ਧੁੰਦ ਤੇ ਠੰਢ ਵਿੱਚ ਅੰਦਰੋਂ ਬਾਹਰ ਨਾ ਕੱਢਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਤੇ ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਸਾਰਾ ਦਿਨ ਸੂਰਜ ਨਹੀਂ ਨਿਕਲਿਆ। ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਮੱਠੀ ਰਹੀ। ਪਸ਼ੂ ਪਾਲਣ ਵਿਭਾਗ ਦੇ ਡਾ. ਵਿਦਿਆ ਸਾਗਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਠੰਢ ਵਿੱਚ ਪਸ਼ੂਆਂ ਨੂੰ ਬਾਹਰ ਨਾ ਕੱਢਿਆ ਜਾਏ ਤੇ ਉਨ੍ਹਾਂ ਨੂੰ ਠੰਢ ਤੋਂ ਬਚਾਇਆ ਜਾਵੇ। ਧੁੰਦ ਕਾਰਨ ਕੌਮੀ ਹਾਈਵੇਅ ਨੌਂ ’ਤੇ ਵਾਹਨਾਂ ਦੀ ਰਫਤਾਰ ਮੱਠੀ ਰਹੀ।