ਕੜਾਕੇ ਦੀ ਠੰਢ ਨੇ ਲੋਕਾਂ ਨੂੰ ਕਾਂਬਾ ਛੇੜਿਆ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 2 ਜਨਵਰੀ
ਪੰਜਾਬ ਭਰ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਅੱਜ ਕਈ ਦਿਨਾਂ ਮਗਰੋਂ ਭਾਵੇਂ ਸੂਰਜ ਦੇਵਤਾ ਨੇ ਬਾਅਦ ਦੁਪਹਿਰ ਦਰਸ਼ਨ ਦਿੱਤੇ ਪਰ ਸੀਤ ਲਹਿਰ ਜਾਰੀ ਰਹੀ। ਲੋਕ ਠੁਰ-ਠਰ ਕਰਦੇ ਦੇਖੇ ਗਏ। ਦੁਪਹਿਰੇ ਮੌਸਮ ਸਾਫ਼ ਹੋਣ ਕਰ ਕੇ ਕਿਸਾਨ ਫ਼ਸਲਾਂ ਦੀ ਦੇਖ -ਰੇਖ ਤੇ ਸੰਭਾਲ ਲਈ ਖੇਤਾਂ ’ਚ ਪਹੁੰਚੇ। ਕਿਸਾਨਾਂ ਅਤੇ ਪਸ਼ੂ ਪਾਲਕਾਂ ਨੇ ਪਸ਼ੂਆਂ ਨੂੰ ਸ਼ੈੱਡਾਂ ਤੋਂ ਬਾਹਰ ਕੱਢਿਆ। ਖੇਤਾਂ ’ਚ ਕੰਮ ਕਰਦਿਆਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਠੰਢ ਤੋਂ ਬਚਣ ਲਈ ਧੂਣੀਆਂ ਦਾ ਸਹਾਰਾ ਲਿਆ। ਸ਼ਹਿਰ ਦੇ ਬਾਜ਼ਾਰਾਂ ’ਚ ਵੀ ਕਈ ਥਾਂ ਲੋਕ ਧੂਣੀਆਂ ’ਤੇ ਅੱਗ ਸੇਕਦੇ ਰਹੇ। ਲੋਕਾਂ ਨੇ ਆਪਣੇ ਘਰਾਂ ਦੇ ਬਾਹਰ, ਛੱਤਾਂ ’ਤੇ ਅਤੇ ਖੁੱਲ੍ਹੇ ’ਚ ਬੈਠ ਕੇ ਧੁੱਪ ਸੇਕਣ ਦਾ ਆਨੰਦ ਮਾਣਿਆ। ਕਿਸਾਨ ਬੇਅੰਤ ਸਿੰਘ ਰਾਣਵਾਂ, ਚਮਕੌਰ ਸਿੰਘ ਬੂਲਾਪੁਰ , ਗੁਰਵਰਿੰਦਰ ਕੰਵਰ ਖ਼ਾਨਪੁਰ ਨੇ ਕਿਹਾ ਕਿ ਦੋ ਦਿਨ ਪਹਿਲਾਂ ਪਿਆ ਮੀਂਹ ਬੜੇ ਢੁਕਵੇਂ ਮੌਕੇ ਪਿਆ ਹੈ। ਬਹੁਤ ਸਾਰੇ ਕਿਸਾਨਾਂ ਦੀ ਕਣਕ ਅਜੇ ਕੋਹਰ ਸੀ, ਜਿਸ ਨੂੰ ਪਹਿਲਾ ਪਾਣੀ ਲਾਉਣ ਦੀ ਜ਼ਰੂਰਤ ਸੀ। ਇਹ ਮੀਂਹ ਹਾੜ੍ਹੀ ਦੀਆਂ ਫ਼ਸਲਾਂ ਲਈ ਖਾਦ ਦਾ ਕੰਮ ਕਰੇਗਾ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਠੰਢ ਤੋਂ ਬਚਾਅ ਲਈ ਸਲਾਹ ਦਿੱਤੀ ਕਿ ਦਿਲ ਦੇ ਮਰੀਜ਼ਾਂ, ਛੋਟੇ ਬੱਚਿਆਂ, ਬਜ਼ੁਰਗਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ, ਬਜ਼ੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਤੜਕੇ-ਆਥਣ ਜ਼ਿਆਦਾ ਠੰਢ ਹੋਣ ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ, ਦੋ-ਪਹੀਆ ਵਾਹਨ ਦੀ ਵਰਤੋ ਘੱਟ ਕੀਤੀ ਜਾਵੇ, ਘਰਾਂ ਵਿੱਚ ਬੰਦ ਕਮਰੇ ਵਿੱਚ ਅੰਗੀਠੀ ਜਾਂ ਹੀਟਰ ਦੀ ਵਰਤੋਂ ਮੌਕੇ ਹਵਾ ਦੇ ਰਸਤੇ ਬੰਦ ਨਾ ਕੀਤੇ ਜਾਣ, ਸੂਪ, ਚਾਹ, ਕਾਫ਼ੀ, ਸੰਤੁਲਿਤ ਖ਼ੁਰਾਕ ਦਾ ਸੇਵਨ ਕੀਤਾ ਜਾਵੇ, ਗਰਮ ਕੱਪੜੇ ਦੋ ਜਾਂ ਤਿੰਨ ਪਰਤਾਂ ਵਿੱਚ ਪਾਏ ਜਾਣ।