For the best experience, open
https://m.punjabitribuneonline.com
on your mobile browser.
Advertisement

ਕੜਾਕੇ ਦੀ ਠੰਢ ਨੇ ਕੰਢੀ ਇਲਾਕੇ ’ਚ ਫ਼ਸਲਾਂ ਝੰਬੀਆਂ

08:00 AM Jan 23, 2024 IST
ਕੜਾਕੇ ਦੀ ਠੰਢ ਨੇ ਕੰਢੀ ਇਲਾਕੇ ’ਚ ਫ਼ਸਲਾਂ ਝੰਬੀਆਂ
ਕੰਢੀ ਦੇ ਪਿੰਡ ਬਹਿਫੱਤੋ ਵਿੱਚ ਠੰਢ ਅਤੇ ਸੋਕੇ ਕਾਰਨ ਪੀਲੀ ਪਈ ਕਣਕ ਦੀ ਫ਼ਸਲ।
Advertisement

ਜਗਜੀਤ ਸਿੰਘ
ਮੁਕੇਰੀਆਂ, 22 ਜਨਵਰੀ
ਇਲਾਕੇ ਵਿੱਚ ਲਗਾਤਾਰ ਪੈ ਰਹੀ ਕੜਾਕੇ ਦੀ ਠੰਢ ਅਤੇ ਮੀਂਹ ਨਾ ਪੈਣ ਕਾਰਨ ਕਣਕ ਦੀ ਫ਼ਸਲ ਤਬਾਹੀ ਦੇ ਕੰਢੇ ਪੁੱਜ ਗਈ ਹੈ। ਕਿਸਾਨਾਂ ਵੱਲੋਂ ਆਵਾਰਾ ਪਸ਼ੂਆਂ ਤੋਂ ਰਾਖੀ ਲਈ ਖੇਤਾਂ ਵਿੱਚ ਬਣਾਏ ਰੈਣ ਬਸੇਰਿਆਂ ’ਚ ਕੱਟੀਆਂ ਸਰਦ ਰਾਤਾਂ ਵੀ ਉਨ੍ਹਾਂ ਨੂੰ ਲਾਹਾ ਦਿੰਦੀਆਂ ਨਜ਼ਰ ਨਹੀਂ ਆ ਰਹੀਆਂ। ਕੰਢੀ ਦੇ ਕਰੀਬ ਦੋ ਦਰਜਨ ਪਿੰਡਾਂ ਵਿੱਚ ਤਾਂ ਪਹਿਲਾਂ ਹੀ ਕਿਸਾਨ ਆਵਾਰਾ ਪਸ਼ੂਆਂ ਕਾਰਨ ਆਪਣੇ ਖੇਤ ਖਾਲੀ ਰੱਖਣ ਲੱਗੇ ਹਨ ਅਤੇ ਰਹਿੰਦੇ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਕੰਢੀ ਦੇ ਗ਼ਰੀਬ ਕਿਸਾਨਾਂ ਲਈ ਮਾਰੂ ਸਾਬਤ ਹੋਵੇਗਾ।
ਜਾਣਕਾਰੀ ਅਨੁਸਾਰ ਕੰਢੀ ਦੇ ਦਾਤਾਰਪੁਰ, ਕਮਾਹੀ ਦੇਵੀ ਅਤੇ ਤਲਵਾੜਾ ਦੇ ਉੱਪਰੀ ਖੇਤਰ ਦੇ ਬਹੁਗਿਣਤੀ ਬਹਿ ਦੂਲੋ, ਬਹਿ ਮਾਵਾ, ਬਹਿਲੱਖਣ, ਨੱਥੂਵਾਲ, ਬਹਿ ਕੀਤੋ, ਬਹਿ ਚੂਹੜ, ਗਰੇ ਭਾਟੀ, ਬਾੜੀ, ਝੱਖੜ ਮੁਹੱਲਾ ਸਣੇ ਦਰਜਨਾਂ ਪਿੰਡਾਂ ਵਿੱਚ ਖੇਤੀ ਮੀਂਹ ’ਤੇ ਨਿਰਭਰ ਹੈ। ਇਨ੍ਹਾਂ ਪਿੰਡਾਂ ਵਿੱਚ ਬਿਜਾਈ ਪਹਿਲਾਂ ਹੋਣ ਕਾਰਨ ਕਣਕ ਦੀ ਫ਼ਸਲ ਚੰਗੀ ਹੋਈ ਸੀ ਤੇ ਕਿਸਾਨਾਂ ਨੂੰ ਮੁਨਾਫ਼ੇ ਦੀ ਆਸ ਸੀ ਪਰ ਲਗਾਤਾਰ ਪੈ ਹੀ ਠੰਢ ਅਤੇ ਦਸੰਬਰ-ਜਨਵਰੀ ਵਿੱਚ ਮੀਂਹ ਨਾ ਪੈਣ ਕਾਰਨ ਕਣਕ ਪੀਲੀ ਪੈ ਚੁੱਕੀ ਹੈ।
ਬਹਿਮਾਵਾ ਦੇ ਕਿਸਾਨ ਸੂਬੇਦਾਰ ਹੁਸ਼ਿਆਰ ਸਿੰਘ ਨੇ ਕਿਹਾ ਕਿ ਕੰਢੀ ਦੇ ਕਿਸਾਨਾਂ ਦੀਆਂ ਫ਼ਸਲਾਂ ਮੀਂਹ ’ਤੇ ਨਿਰਭਰ ਹਨ। ਕੰਢੀ ਵਿੱਚ ਸਰਕਾਰਾਂ ਵਲੋਂ ਲੋੜੀਂਦੇ ਸਰਕਾਰੀ ਟਿਊਬਵੈੱਲ ਨਹੀਂ ਲਗਾਏ ਗਏ। ਜਿਹੜੇ ਲੱਗੇ ਵੀ ਹਨ, ਉਹ ਵੀ ਇੱਕ ਸੀਮਤ ਰਕਬੇ ਨੂੰ ਸਿੰਜਦੇ ਹਨ ਅਤੇ ਕੁਝ ਬੰਦ ਪਏ ਹਨ। ਇਸ ਵਾਰ ਕੰਢੀ ਦੇ ਕਿਸਾਨਾਂ ਨੇ ਸੀਜਨ ਦੇ ਸ਼ੁਰੂ ਵਿਚ ਪਏ ਮੀਂਹ ਨਾਲ ਫਸਲ ਦੀ ਬਿਜਾਈ ਅਗੇਤੀ ਕਰ ਲਈ ਸੀ। ਕਿਸਾਨਾਂ ਨੂੰ ਆਸ ਸੀ ਕਿ ਦਸੰਬਰ ਦੇ ਅਖੀਰ ਅਤੇ ਜਨਵਰੀ ਦੇ ਸ਼ੁਰੂ ਵਿੱਚ ਮੀਂਹ ਪਵੇਗਾ ਜੋ ਫ਼ਸਲ ਲਈ ਲਾਹੇਵੰਦ ਹੋਵੇਗਾ। ਪਰ ਮੀਂਹ ਨਾ ਪੈਣ ਕਾਰਨ ਕਣਕ ਤੇ ਸਰ੍ਹੋਂ ਦੀ ਫ਼ਸਲ ਤਬਾਹ ਹੋਣ ਲੱਗੀ ਹੈ। ਪਸ਼ੂਆਂ ਦਾ ਚਾਰਾ ਵੀ ਸੁੱਕਣ ਤੇ ਹੇਠਾਂ ਤੋਂ ਸੜਨ ਲੱਗਾ ਹੈ।
ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਭਾਸ਼ ਕੁਮਾਰ ਨੱਥੂਵਾਲ ਨੇ ਕਿਹਾ ਕਿ ਕੰਢੀ ਦੀ ਖੇਤੀ ਸਿਰਫ਼ ਮੀਂਹ ’ਤੇ ਨਿਰਭਰ ਹੈ। ਕੰਢੀ ਦੇ ਲੋਕ ਖੇਤੀ ਦੇ ਸਹਾਰੇ ਹੀ ਆਪਣੇ ਘਰ ਚਲਾਉਂਦੇ ਹਨ। ਜ਼ਿਆਦਾਤਰ ਪਿੰਡਾਂ ਦੀਆਂ ਫ਼ਸਲਾਂ ਇਨ੍ਹਾਂ ਦਿਨਾਂ ’ਚ ਪੈਣ ਵਾਲੇ ਮੀਂਹ ’ਤੇ ਹੀ ਨਿਰਭਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁਲਕ ਦੀ ਆਜ਼ਾਦੀ ਦੇ ਪੌਣੀ ਸਦੀ ਬਾਅਦ ਵੀ ਸਰਕਾਰਾਂ ਕੰਢੀ ਇਲਾਕੇ ’ਚ ਸਿੰਜਾਈ ਦੇ ਸਾਧਨ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕੁਝ ਕੁ ਟਿਊਬਵੈੱਲ ਸੀਮਤ ਰਕਬੇ ਨੂੰ ਹੀ ਸਿੰਜ ਰਹੇ ਹਨ। ਸ੍ਰੀ ਨੱਥੂਵਾਲ ਨੇ ਇਲਾਕੇ ਵਿੱਚ ਲੱਖਾਂ ਰੁਪਏ ਖ਼ਰਚ ਕੇ ਕੀਤੇ ਬੋਰਾਂ ’ਤੇ ਸਵਾਲ ਖੜ੍ਹਾ ਕੀਤਾ ਕਿਉਂਕਿ ਉਹ ਪਾਣੀ ਨਹੀਂ ਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕੰਢੀ ਦੇ ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਦੇ ਮੁਆਵਜ਼ੇ ਦਾ ਪ੍ਰਬੰਧ ਕਰੇ ਤੇ ਲੋੜਵੰਦਾਂ ਨੂੰ ਸਸਤੀਆਂ ਦਰਾਂ ’ਤੇ ਅਨਾਜ ਮੁਹੱਈਆ ਕਰਵਾਏ।

Advertisement

ਘਬਰਾਉਣ ਦੀ ਲੋੜ ਨਹੀਂ: ਮਾਹਿਰ

ਖੇਤੀਬਾੜੀ ਵਿਕਾਸ ਅਫ਼ਸਰ ਤਲਵਾੜਾ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਵਿਚ ਪੀਲਾਪਣ ਠੰਢ ਕਾਰਨ ਪੈ ਰਹੇ ਕੋਰੇ ਅਤੇ ਮੀਂਹ ਨਾ ਪੈਣ ਕਾਰਨ ਆਇਆ ਹੈ। ਪੀਲੀ ਕੁੰਗੀ ਦੀ ਹਾਲੇ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਨਾ ਤਾਂ ਹਾਲੇ ਤਾਪਮਾਨ ਹੀ ਅਜਿਹਾ ਹੈ ਅਤੇ ਨਾ ਹੀ ਨਮੀ ਹੋਈ ਹੈ। ਕੁਝ ਥਾਵੇਂ ਨਦੀਨਨਾਸ਼ਕ ਦਵਾਈਆਂ ਦੇ ਛਿੜਕਾਅ ਕਾਰਨ ਵੀ ਅਜਿਹੀ ਸਮੱਸਿਆ ਆਈ ਹੈ। ਧੁੱਪ ਚੜ੍ਹਨ ਅਤੇ ਹਲਕੀ ਬਾਰਸ਼ ਨਾਲ ਹੀ ਫ਼ਸਲਾਂ ਦਾ ਰੰਗ ਬਦਲ ਜਾਵੇਗਾ, ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

Advertisement
Author Image

Advertisement
Advertisement
×