ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਾਂ ਵਿਚ ਵਸਦਾ ਚੱਕ 484

05:50 AM Dec 17, 2024 IST

 

Advertisement

ਇਕਬਾਲ ਸਿੰਘ ਹਮਜਾਪੁਰ

ਹਰ ਸਾਲ ਚੜ੍ਹਦੇ ਪੰਜਾਬ ਵਿੱਚੋਂ ਲਹਿੰਦੇ ਪੰਜਾਬ ਨੂੰ ਪੰਥ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਜੱਥੇ ਜਾਂਦੇ ਹਨ। ਇਸ ਵਾਰ ਤਾਂ ਲਾਹੌਰ ਵਿਖੇ ਦੂਜੀ ਪੰਜਾਬੀ ਕਾਨਫਰੰਸ ਲਈ ਵੀ ਜੱਥਾ ਗਿਆ। ਜਦੋਂ ਵੀ ਲਹਿੰਦੇ ਪੰਜਾਬ ਨੂੰ ਕੋਈ ਜੱਥਾ ਜਾਂਦਾ ਹੈ ਜਾਂ ਮੈਂ ਲਹਿੰਦੇ ਪੰਜਾਬ ਬਾਰੇ ਕੁਝ ਪੜ੍ਹਦਾ-ਸੁਣਦਾ ਹਾਂ, ਮੈਨੂੰ ਬਾਪੂ ਯਾਦ ਆ ਜਾਂਦਾ ਹੈ। ਬਾਪੂ ਲਾਇਲਪੁਰ ਜ਼ਿਲ੍ਹੇ ਤੇ ਤਹਿਸੀਲ ਸਮੁੰਦਰੀ ਦੇ ਪਿੰਡ ਚੱਕ 484 ਗ਼ਾਫ ਬੇ ਨੂੰ ਰੋਜ਼ਾਨਾ ਚੇਤੇ ਕਰਦਾ ਹੁੰਦਾ ਸੀ। ਕੋਈ ਦਿਨ ਇਹੋ ਜਿਹਾ ਨਹੀਂ ਸੀ, ਜਿੱਦਣ ਬਾਪੂ ਨੇ ਚੱਕ 484 ਦਾ ਜ਼ਿਕਰ ਨਾ ਕੀਤਾ ਹੋਵੇ। ਬਾਪੂ ਦੀ ਗੱਲ ਦਾ ਵਿਸ਼ਾ ਕੋਈ ਵੀ ਹੋਵੇ, ਉਸ ਵਿਚ ਚੱਕ 484 ਦਾ ਜ਼ਿਕਰ ਆ ਹੀ ਜਾਂਦਾ ਸੀ।
ਪਿੰਡ ਚੱਕ 484 ਗ਼ਾਫ ਬੇ ਸਾਡੇ ਬਾਪੂ ਦੇ ਸਾਹਾਂ ਵਿਚ ਵਸਿਆ ਹੋਇਆ ਸੀ। ਬਾਪੂ ਦਾ ਜਨਮ ਇਸੇ ਪਿੰਡ ਵਿਚ ਹੋਇਆ ਸੀ। ਬਾਪੂ 12 ਕੁ ਸਾਲ ਦਾ ਸੀ, ਜਦੋਂ ਵੰਡ ਹੋਈ ਸੀ ਤੇ ਸਾਡਾ ਪਰਿਵਾਰ ਪਾਕਿਸਤਾਨੋਂ ਉੱਜੜ ਕੇ ਇਧਰ ਆ ਗਿਆ ਸੀ। ਬਾਪੂ ਨੇ ਕਾਗਜ਼ ਉੱਪਰ ਪਿੰਡ ਚੱਕ 484 ਦਾ ਨਕਸ਼ਾ ਬਣਾਇਆ ਹੋਇਆ ਸੀ। ਉਹ ਇਸ ਨਕਸ਼ੇ ਨੂੰ ਦੇਖਦਾ ਰਹਿੰਦਾ ਸੀ ਤੇ ਮਨ ਹੀ ਮਨ ਚੱਕ 484 ਦੀਆਂ ਗਲ਼ੀਆਂ ਵਿਚ ਦੌੜ ਲਾਉਂਦਾ ਰਹਿੰਦਾ ਸੀ। ਬਾਪੂ ਨੂੰ ਵੰਡ ਤੋਂ ਸੱਤਰ ਸਾਲਾਂ ਬਾਅਦ ਵੀ ਚੱਕ 484 ਦੀ ਇਕ ਇਕ ਸ਼ੈਅ ਯਾਦ ਸੀ। ਬਾਪੂ ਦੱਸਦਾ ਹੁੰਦਾ ਸੀ ਕਿ ਚੱਕ 484 ਵਿਚ ਇਕ ਖੂਹ ਤੇ ਚਾਰ ਖੂਹੀਆਂ ਸਨ। ਉਦੋਂ ਪਿੰਡ ਵਿਚ ਦੋ ਨਲਕੇ ਸਨ। ਚੱਕ 484 ਚਾਰ ਰਾਹਵਾਂ ਨਾਲ ਆਲੇ-ਦੁਆਲੇ ਦੇ ਪਿੰਡਾਂ ਨਾਲ ਜੁੜਿਆ ਹੋਇਆ ਸੀ। ਪਿੰਡ ਵਿਚ ਦੋ ਨੰਬਰਦਾਰ, ਦੋ ਤਰਖਾਣ ਤੇ ਮਾਮਦੀਨ ਅਤੇ ਲਾਲਦੀਨ ਨਾਂ ਦੇ ਦੋ ਲੁਹਾਰ ਸਨ। ਪਿੰਡ ਵਿਚ ਇਕ ਮਸਜਿਦ, ਇਕ ਗੁਰਦੁਆਰਾ ਤੇ ਇਕ ਚਾਰ ਜਮਾਤਾਂ ਤਕ ਦਾ ਸਕੂਲ ਸੀ। ਬਾਪੂ ਆਪਣੇ ਚੱਕ 484 ਦੇ ਜਮਾਤੀਆਂ ਨੂੰ ਚੇਤੇ ਕਰਦਾ ਰਹਿੰਦਾ ਸੀ।
ਬਾਪੂ ਦੱਸਦਾ ਹੁੰਦਾ ਸੀ,‘‘ਅਸੀਂ ਆਪਣੀਆਂ ਕਿਤਾਬਾਂ ਸਕੂਲ ਵਿਚ ਹੀ ਰੱਖਦੇ ਹੁੰਦੇ ਸਨ। ਉੱਜੜ ਕੇ ਤੁਰਨ ਤੋਂ ਇਕ ਦਿਨ ਪਹਿਲਾਂ ਅਸੀਂ ਦੋਵੇਂ ਭਰਾ ਸਕੂਲ ਦੀ ਅੱਧੀ ਛੁੱਟੀ ਵੇਲੇ ਆਪਣੀ ਕਿਤਾਬਾਂ ਵਾਲੀ ਟਰੰਕੀ ਹੋਰ ਬੱਚਿਆਂ ਤੋਂ ਚੋਰੀ ਘਰ ਚੁੱਕ ਲਿਆਏ ਸਾਂ। ਅਗਲੇ ਦਿਨ ਸਾਨੂੰ ਗੱਡੇ ਨਾਲ ਤੁਰੇ ਆਉਂਦਿਆਂ ਨੂੰ ਸਾਡੇ ਮਾਸਟਰ ਜੀ ਮਿਲੇ ਸਨ। ਉਹ ਸਕੂਲ ਨੂੰ ਜਾ ਰਹੇ ਸਨ। ਅਸੀਂ ਮਾਸਟਰ ਜੀ ਨੂੰ ਸਲਾਮ ਕੀਤੀ। ਇਹ ਸਾਡੀ ਆਪਣੇ ਮਾਸਟਰ ਜੀ ਨੂੰ ਆਖਰੀ ਵਾਰ ਦੀ ਸਲਾਮ ਸੀ। ਮਾਸਟਰ ਜੀ ਨੇ ਸਲਾਮ ਦਾ ਜਵਾਬ ਦੇ ਦਿੱਤਾ ਸੀ। ਪਰ ਮਾਸਟਰ ਜੀ ਦੇ ਚਿਹਰੇ ’ਤੇ ਉਦਾਸੀ ਛਾਈ ਹੋਈ ਸੀ। ਅਸੀਂ ਪਹਿਲਾਂ ਕਦੇ ਵੀ ਆਪਣੇ ਮਾਸਟਰ ਜੀ ਨੂੰ ਏਨਾ ਉਦਾਸ ਨਹੀਂ ਵੇਖਿਆ ਸੀ। ਬਾਪੂ ਚੱਕ 484 ਤੋਂ ਨਾਲ ਆਈਆਂ ਨਿਗੂਣੀਆਂ ਜਿਹੀਆਂ ਚੀਜ਼ਾਂ ਨੂੰ ਵੀ ਸਾਂਭ-ਸਾਂਭ ਰੱਖਦਾ ਹੁੰਦਾ ਸੀ। ਉਹ ਇਨ੍ਹਾਂ ਚੀਜ਼ਾਂ ਨੂੰ ਕਿਸੇ ਨੂੰ ਹੱਥ ਨਹੀਂ ਸੀ ਲਾਉਣ ਦਿੰਦਾ ਹੁੰਦਾ। ਚੱਕ 484 ਤੋਂ ਲਿਆਂਦੀ ਇਕ ਕਿਤਾਬਾਂ ਵਾਲੀ ਟਰੰਕੀ, ਇਕ ਜੁਮੈਟਰੀ ਬਾਕਸ ਤੇ ਦੋ ਕੁ ਕਿਤਾਬਾਂ ਅੱਜ ਵੀ ਸਾਡੇ ਘਰ ਸਾਂਭੀਆਂ ਪਈਆਂ ਹਨ। ਬਾਪੂ ਇਹ ਵੀ ਦੱਸਦਾ ਹੁੰਦਾ ਸੀ,‘‘ਜਿਸ ਦਿਨ ਹਿੰਦੁਸਤਾਨ ਨੂੰ ਤੁਰਨਾ ਸੀ, ਉਸ ਦਿਨ ਸਾਰਾ ਪਿੰਡ ਖਾਲੀ ਹੋ ਗਿਆ ਸੀ। ਪਰ ਸਾਡਾ ਗੱਡਾ ਨਹੀਂ ਤੁਰਿਆ ਸੀ। ਸਾਡਾ ਇਕ ਬਜ਼ੁਰਗ ਨਰਮੇ ਨੂੰ ਪਾਣੀ ਲਾਉਣ ਗਿਆ ਹੋਇਆ ਸੀ। ਉਸ ਦੇ ਆਉਣ ’ਤੇ ਸਾਡੇ ਪਰਿਵਾਰ ਨੇ ਤੁਰਨਾ ਸੀ। ਅਸੀਂ ਨਿਆਣੇ ਆਪਣੇ ਦਾਦੇ ਨੂੰ ਖੇਤ ਬੁਲਾਉਣ ਗਏ ਸਾਂ। ਪਰ ਦਾਦਾ ਆਇਆ ਨਹੀਂ ਸੀ। ਉਸ ਨੇ ਰਹਿੰਦਾ ਕਿਆਰਾ ਭਰ ਕੇ ਆਉਣ ਬਾਰੇ ਆਖਿਆ ਸੀ। ਦਾਦਾ ਸਾਡਾ ਬੇਹਦ ਭੋਲ਼ਾ ਸੀ। ਉਸ ਲਈ 47 ਦੀ ਵੰਡ ਦੋ-ਚਾਰ ਦਿਨਾਂ ਦਾ ਰੌਲ਼ਾ ਸੀ। ਦਾਦਾ ਕਹਿੰਦਾ ਹੁੰਦਾ ਸੀ- ਕੁਝ ਦਿਨਾਂ ਦੀ ਗੱਲ ਹੈ। ਇਹ ਰੌਲ਼ਾ ਠੰਢਾ ਹੋ ਜਾਣਾ ਤੇ ਅਸੀਂ ਫਿਰ ਆਪਣਾ ਚੱਕ 484 ਵਾਲਾ ਘਰ ਤੇ ਜ਼ਮੀਨ ਸਾਂਭ ਲੈਣੀ ਆ। ਪਰ ਚੱਕ 484 ਵਾਲੇ ਘਰ ਤੇ ਜ਼ਮੀਨ ਦੇ ਦਰਸ਼ਨ ਦੁਬਾਰਾ ਨਸੀਬ ਨਾ ਹੋਏ। ਬਾਪੂ ਅੰਤ ਵੇਲੇ ਤਕ ਕਿਸੇ ਮੱਕੇ ਵਾਂਗ ਚੱਕ 484 ਦੇ ਦਰਸ਼ਨਾਂ ਨੂੰ ਤਰਸਦਾ ਰਿਹਾ। ਉਹ ਚੱਕ 484 ਛੱਡਣ ਦੇ ਸਾਲ, ਮਹੀਨੇ ਤੇ ਦਿਨ ਗਿਣਦਾ ਰਹਿੰਦਾ ਸੀ। ਬਾਪੂ ਡਾਇਰੀ ਲਿਖਦਾ ਹੁੰਦਾ ਸੀ। ਚੱਕ 484 ਛੱਡਣ ਦੇ ਦਿਨ ਮਹੀਨੇ ਤੇ ਸਾਲ ਗਿਣ ਕੇ ਉਹ ਹਰ ਸਾਲ ਡਾਇਰੀ ਵਿਚ ਲਿਖਦਾ ਸੀ।
ਬਾਪੂ ਨੂੰ ਚੱਕ 484 ਦੇ ਇਕ ਇਕ ਘਰ ਦਾ ਪਤਾ ਸੀ। ਬਾਪੂ ਦੱਸਦਾ ਹੁੰਦਾ ਸੀ, ‘‘ਪਿੰਡ ਦੀ ਉੱਤਰ ਵਾਲੀ ਬਾਹੀ ਵਿਚ ਠਾਕਰ ਸਿੰਘ, ਹਜ਼ਾਰਾ ਸਿੰਘ, ਪੂਰਨ ਸਿੰਘ ਤੇ ਗੰਗਾ ਸਿੰਘ ਦੇ ਘਰ ਸਨ। ਸਾਡਾ ਘਰ ਦੱਖਣ ਦੀ ਬਾਹੀ ਵਿਚ ਸੀ। ਅਸੀਂ 47 ਵਿਚ ਚੱਕ 484 ਤੋਂ ਚੱਲ ਕੇ ਦੋ ਮਹੀਨਿਆਂ ਬਾਅਦ ਅਕਤੂਬਰ ਮਹੀਨੇ ਦੀ 17 ਤਰੀਕ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਨਾਵਾਲਾ ਪਿੰਡ ਵਿਚ ਪਹੁੰਚੇ ਸਾਂ। ਤੁਰੇ ਆਉਂਦਿਆਂ ਰਾਹ ਵਿਚ ਇਕ ਹੋਰ ਕੁਦਰਤ ਦੀ ਕਰੋਪੀ ਆ ਗਈ ਸੀ। ਹੜ੍ਹ ਆ ਗਿਆ ਸੀ ਤੇ ਅਸੀਂ 17 ਦਿਨ ਪਾਕਿਸਤਾਨ ਵਿਚ ਬੱਲੋਕੀ ਹੈੱਡ ‘ਤੇ ਬੈਠੇੇ ਰਹੇ ਸਾਂ। ਉਹ 17 ਦਿਨ ਸਾਡੇ ਲਈ ਬੇਹਦ ਮੁਸੀਬਤ ਭਰੇ ਸਨ। ਚਾਰ-ਚੁਫੇਰੇ ਪਾਣੀ ਸੀ। ਖਾਣ-ਪੀਣ ਲਈ ਕੋਲ ਕੁਝ ਵੀ ਨਹੀਂ ਸੀ।’’ ਬਾਪੂ ਨੇ ਚੱਕ 484 ‘ਚੋਂ ਪੈਰ ਪੁੱਟਣ ਤੋਂ ਬਾਅਦ ਬੇਹੱਦ ਮਾੜਾ ਸਮਾਂ ਵੇਖਿਆ ਸੀ, ਉਹ ਫਿਰ ਵੀ ਚੱਕ 484 ਨੂੰ ਵੇਖਣ ਲਈ ਤਰਸਦਾ ਸੀ। ਬਾਪੂ ਹਿੱਕ ਠੋਕ ਕੇ ਕਹਿੰਦਾ ਹੁੰਦਾ ਸੀ ਕਿ ਮੇਰੇ ਇਕ ਵਾਰ ਲਕੀਰ ਪਾਰ ਕਰਨ ਦੀ ਦੇਰ ਹੈ, ਮੇਰੇ ਪਿੰਡ ਨੇ ਸਰੱਹਦ ‘ਤੇ ਆ ਕੇ ਮੈਨੂੰ ਮਿਲ ਪੈਣੈਂ। ਬਾਪੂ ਦੀ ਲਕੀਰ ਪਾਰ ਕਰਨ ਦੀ ਰੀਝ ਪੂਰੀ ਨਹੀਂ ਸੀ ਹੋਈ। ਬਾਪੂ 26 ਜੂਨ 2019 ਨੂੰ ਆਪ ਹੀ ਪੂਰਾ ਹੋ ਗਿਆ ਸੀ।
ਸੰਪਰਕ : 9416592149

Advertisement

Advertisement