For the best experience, open
https://m.punjabitribuneonline.com
on your mobile browser.
Advertisement

ਕੈਨੇਡਾ ’ਚ ਸਮੋਸਿਆਂ ਦਾ ਨਵਾਂ ਜਨਮ

10:16 AM Jul 29, 2020 IST
ਕੈਨੇਡਾ ’ਚ ਸਮੋਸਿਆਂ ਦਾ ਨਵਾਂ ਜਨਮ
Advertisement

ਸ਼ਮੀਲ

Advertisement

ਜੇ ਕਿਸੇ ਇੰਡੀਅਨ ਫੂਡ ਆਈਟਮ ਦੀ ਕੈਨੇਡਾ ਵਿਚ ਪੂਰੀ ਤਰ੍ਹਾਂ ਜੂਨ ਬਦਲੀ ਹੈ, ਉਨ੍ਹਾਂ ਵਿਚ ਸਮੋਸੇ ਸਭ ਤੋਂ ਉੱਤੇ ਹਨ। ਭਾਰਤ ਵਿਚ ਸਮੋਸੇ ਰਵਾਇਤੀ ਤੌਰ ’ਤੇ ਰੇਹੜੀਆਂ ’ਤੇ ਮਿਲਣ ਵਾਲੀ ਚੀਜ਼ ਸੀ ਅਤੇ ਰੇਹੜੀ-ਫੂਡ ਦੀ ਇਕ ਆਈਟਮ ਸਨ। ਕੈਨੇਡਾ ਵਿਚ ਸਮੋਸਾ ਪਾਰਟੀ ਸਨੈਕ ਬਣ ਗਿਆ ਹੈ; ਨਾ ਸਿਰਫ਼ ਪੰਜਾਬੀਆਂ ਲਈ ਬਲਕਿ ਦੂਜੀਆਂ ਨਸਲਾਂ ਦੇ ਲੋਕ ਵੀ ਇਸਦੇ ਸ਼ੌਕੀਨ ਹਨ। ਮੈਂ ਕੁਝ ਸਾਲ ਟੋਰਾਂਟੋ ਦੇ ਇਕ ਮਲਟੀਕਲਚਰਲ ਦਫ਼ਤਰ ਵਿਚ ਕੰਮ ਕਰਦਾ ਰਿਹਾ ਹਾਂ, ਜਿਸ ਵਿਚ ਅਲੱਗ ਅਲੱਗ ਭਾਈਚਾਰਿਆਂ ਦੇ ਲੋਕ ਕੰਮ ਕਰਦੇ ਹਨ। ਦੀਵਾਲੀ ਜਾਂ ਵਿਸਾਖੀ ਦੇ ਮੌਕੇ ’ਤੇ ਅਸੀਂ ਦਫ਼ਤਰ ਵਿਚ ਸਮੋਸੇ ਮੰਗਵਾਉਂਦੇ ਸਾਂ ਅਤੇ ਇਹ ਪੂਰੀ ਬਿਲਡਿੰਗ ਲਈ ਖਿੱਚ ਦਾ ਕੇਂਦਰ ਬਣਦੇ ਸਨ। ਇਸ ਵਿਚ ਯੂਰੋਪੀਅਨ, ਬਲੈਕ ਅਤੇ ਚਾਈਨੀਜ਼ ਸਾਰੇ ਭਾਈਚਾਰਿਆਂ ਦੇ ਲੋਕ ਸਨ। ਇੰਡੀਅਨ ਫੂਡ ਦੀ ਜਿਸ ਆਈਟਮ ਦਾ ਨਾਂ ਸਾਰੇ ਜਾਣਦੇ ਹਨ, ਉਹ ਸਮੋਸੇ ਹਨ। ਸਮੋਸਿਆਂ ਨੂੰ ਇਸ ਤਰ੍ਹਾਂ ਹਰਮਨ ਪਿਆਰਾ ਬਣਾਉਣ ਵਿਚ ਕੈਨੇਡਾ ਦੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ।

Advertisement

ਸਮੋਸਾ ਤਿਆਰ ਕਰਨ ਦੇ ਤਰੀਕੇ ਜਾਂ ਟੈਕਨੋਲੋਜੀ ਵਿਚ ਜੋ ਤਜਰਬੇ ਕੈਨੇਡਾ ਵਿਚ ਕੀਤੇ ਗਏ ਹਨ, ਉਹ ਸ਼ਾਇਦ ਦੁਨੀਆਂ ਦੇ ਹੋਰ ਕਿਸੇ ਹਿੱਸੇ ਵਿਚ ਨਹੀਂ। ਟੋਰਾਂਟੋ ਵਿਚ ਸੰਧੂ ਭਰਾਵਾਂ ਹਰਪਾਲ ਸੰਧੂ ਅਤੇ ਹਰਮਿੰਦਰ ਸੰਧੂ ਦੀ ਸਮੋਸਾ ਫੈਕਟਰੀ ਹੈ, ਜਿੱਥੇ ਉੱਤਰੀ ਅਮਰੀਕਾ ਵਿਚ ਸਮੋਸਿਆਂ ਦਾ ਸਭ ਤੋਂ ਵੱਧ ਉਤਪਾਦਨ ਹੁੰਦਾ ਹੈ। ਉਨ੍ਹਾਂ ਨੇ ਅੱਸੀਵਿਆਂ ਵਿਚ ਜਦੋਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਤਾਂ ਸਮੋਸੇ ਰਵਾਇਤੀ ਤਰੀਕੇ ਨਾਲ ਹੀ ਬਣਦੇ ਸਨ, ਪਰ ਬਿਜ਼ਨਸ ਜਦੋਂ ਫੈਲ ਗਿਆ ਤਾਂ ਉਨ੍ਹਾਂ ਨੇ ਸਮੋਸੇ ਬਣਾਉਣ ਵਾਲੀ ਇਕ ਮਸ਼ੀਨ ਯੂਰੋਪ ਤੋਂ ਤਿਆਰ ਕਰਵਾਈ। ਇਹ ਸੈਮੀਆਟੋਮੈਟਿਕ ਮਸ਼ੀਨ ਹੈ। ਇਸ ਵਿਚ ਇਕ ਪਾਸੇ ਤਿਆਰ ਸਮੱਗਰੀ ਪਾ ਦਿੱਤੀ ਜਾਂਦੀ ਹੈ ਅਤੇ ਦੂਜੇ ਪਾਸੇ ਤਿਆਰ ਹੋ ਕੇ ਸਮੋਸੇ ਬਾਹਰ ਨਿਕਲਦੇ ਹਨ। ਇਸ ਦੀ ਸਮਰੱਥਾ ਦਨਿ ਵਿਚ ਕਰੀਬ 20 ਹਜ਼ਾਰ ਸਮੋਸੇ ਤਿਆਰ ਕਰਨ ਦੀ ਹੈ। ਇਹ ਤਿੰਨ ਵੱਖ ਵੱਖ ਸਾਈਜ਼ ਦੇ ਤਿੰਨ ਤਰ੍ਹਾਂ ਦੇ ਸਮੋਸੇ ਤਿਆਰ ਕਰਦੇ ਹਨ, ਜਨਿ੍ਹਾਂ ਵਿਚ ਆਲੂ ਵਾਲੇ ਰਵਾਇਤੀ ਸਮੋਸੇ, ਪਨੀਰ ਵਾਲੇ ਸਮੋਸੇ ਅਤੇ ਪਾਲਕ ਵਾਲੇ ਸਮੋਸੇ ਸ਼ਾਮਲ ਹਨ। ਇਸ ਵਿਚ ਤੇਲ ਦੀ ਮਾਤਰਾ ਵੀ ਇਕ ਸੀਮਤ ਤਰੀਕੇ ਨਾਲ ਵਰਤੀ ਜਾਂਦੀ ਹੈ। ਇਨ੍ਹਾਂ ਦੇ ਟੋਰਾਂਟੋ ਵਿਚਲੇ ਮੁੱਖ ਸਟੋਰ ’ਤੇ ਸਮੋਸਾ ਲੈਣ ਆਉਣ ਵਾਲੇ ਲੋਕਾਂ ਵਿਚ ਜਿੰਨੇ ਕੁ ਭਾਰਤੀ ਲੋਕ ਹੁੰਦੇ ਹਨ, ਓਨੇ ਕੁ ਹੀ ਗ਼ੈਰ-ਭਾਰਤੀ ਹੁੰਦੇ ਹਨ।

ਸਮੋਸੇ ਹੁਣ ਹਰ ਕਲਚਰ ਦੇ ਲੋਕਾਂ ਦੀਆਂ ਪਾਰਟੀਆਂ ਵਿਚ ਚੱਲਦੇ ਹਨ। ਹਰਪਾਲ ਸੰਧੂ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਅਕਸਰ ਕਾਰਪੋਰੇਟ ਅਦਾਰਿਆਂ ਅਤੇ ਬੈਂਕਾਂ ਆਦਿ ਦੀਆਂ ਦਫ਼ਤਰੀ ਪਾਰਟੀਆਂ ਲਈ ਵੀ ਆਰਡਰ ਆਉਂਦੇ ਹਨ। ਜਨਿ੍ਹਾਂ ਵੱਡੇ ਸ਼ਹਿਰਾਂ ਵਿਚ ਪੰਜਾਬੀ ਜਾਂ ਭਾਰਤੀ ਲੋਕ ਰਹਿੰਦੇ ਹਨ, ਉਨ੍ਹਾਂ ਵਿਚ ਸਮੋਸੇ ਨੂੰ ਹੁਣ ਕਿਸੇ ਜਾਣ ਪਛਾਣ ਦੀ ਲੋੜ ਨਹੀਂ। ਇਹ ਗੱਲ ਸਿਰਫ਼ ਕੈਨੇਡਾ ਦੀ ਨਹੀਂ ਹੈ, ਦੁਨੀਆਂ ਦੇ ਹੋਰ ਸ਼ਹਿਰਾਂ ਵਿਚ ਵੀ ਇਸ ਤਰ੍ਹਾਂ ਹੋਵੇਗਾ, ਜਿੱਥੇ ਭਾਰਤ ਦੀ ਆਬਾਦੀ ਹੈ। ਬਣਦੇ ਸਮੋਸੇ ਭਾਵੇਂ ਅਜੇ ਵੀ ਇੰਡੀਅਨ ਰੈਸਟੋਰੈਂਟਸ ਵਿਚ ਹੀ ਹਨ, ਪਰ ਇਹ ਕੈਨੇਡਾ ਵਿਚ ਇਕ ਲਿਹਾਜ਼ ਨਾਲ ਮੇਨਸਟਰੀਮ ਆਈਟਮ ਬਣ ਚੁੱਕਾ ਹੈ। ਗ਼ੈਰ-ਭਾਰਤੀ ਲੋਕਾਂ ਦਾ ਸਮੋਸੇ ਖਾਣ ਦਾ ਤਰੀਕਾ ਜ਼ਰੂਰ ਸਾਡੇ ਨਾਲੋਂ ਵੱਖਰਾ ਹੋਵੇਗਾ। ਅਸੀਂ ਇਕ ਜਾਂ ਦੋ ਸਮੋਸੇ ਖਾਂਦੇ ਹਾਂ ਅਤੇ ਉਹ ਵੀ ਚਾਹ ਨਾਲ, ਪਰ ਮੈਂ ਦੇਖਿਆ ਹੈ ਕਿ ਦੂਜੇ ਭਾਈਚਾਰਿਆਂ ਦੇ ਲੋਕ ਅਕਸਰ ਸਾਡੇ ਨਾਲੋਂ ਵੱਧ ਸਮੋਸੇ ਖਾ ਜਾਂਦੇ ਹਨ। ਸ਼ੁਰੂ ਸ਼ੁਰੂ ਦੇ ਦਨਿਾਂ ਵਿਚ ਜਦੋਂ ਅਸੀਂ ਦਫ਼ਤਰ ਵਿਚ ਸਮੋਸੇ ਲੈ ਕੇ ਜਾਂਦੇ ਤਾਂ ਸਾਡਾ ਇਕ ਚਾਈਨੀਜ਼ ਸਹਿਕਰਮੀ ਸਮੋਸੇ ਨਹੀਂ ਸੀ ਖਾਂਦਾ। ਉਸ ਨੇ ਕਦੇ ਖਾਧੇ ਨਹੀਂ ਸਨ ਅਤੇ ਉਸ ਦੇ ਮਨ ਵਿਚ ਝਾਕਾ ਸੀ ਕਿ ਪਤਾ ਨਹੀਂ ਇਹ ਕੀ ਚੀਜ਼ ਹੈ? ਇਕ ਦਨਿ ਸਾਡੇ ਕਹਿਣ ’ਤੇ ਉਸਨੇ ਸਮੋਸਾ ਖਾ ਲਿਆ ਅਤੇ ਉਸਨੂੰ ਐਨਾ ਸੁਆਦ ਲੱਗਿਆ ਕਿ ਫੇਰ ਕਈ ਖਾ ਗਿਆ। ਫੇਰ ਉਸਨੇ ਮੈਥੋਂ ਇਕ ਦਨਿ ਆਪਣੇ ਇਕੱਲੇ ਵਾਸਤੇ ਪੱਚੀ ਸਮੋਸਿਆਂ ਦਾ ਡੱਬਾ ਮੰਗਵਾਇਆ। ਅਗਲੇ ਦਨਿ ਜਦੋਂ ਦਫ਼ਤਰ ਆਇਆ ਤਾਂ ਉਸਨੇ ਦੱਸਿਆ ਕਿ ਉਹ ਪੂਰਾ ਡੱਬਾ ਤਾਂ ਉਹ ਅਤੇ ਉਸਦੀ ਪਤਨੀ ਨੇ ਕੱਲ੍ਹ ਹੀ ਸ਼ਾਮ ਤਕ ਮੁਕਾ ਦਿੱਤਾ ਸੀ। ਸ਼ਾਇਦ ਉਨ੍ਹਾਂ ਡਨਿਰ ਹੀ ਸਮੋਸਿਆਂ ਨਾਲ ਕਰ ਲਿਆ।

ਅਜੇ ਵੀ ਕਾਫ਼ੀ ਵੱਡੀ ਗਿਣਤੀ ਵਿਚ ਸਮੋਸੇ ਹੱਥ ਨਾਲ ਅਤੇ ਫਰਾਈ ਕਰਕੇ ਹੀ ਬਣਾਏ ਜਾਂਦੇ ਹਨ, ਪਰ ਮਸ਼ੀਨ ਵਾਲੇ ਸਮੋਸਿਆਂ ਦਾ ਰੁਝਾਨ ਵੀ ਵਧ ਰਿਹਾ ਹੈ। ਹੋਰ ਲੋਕਾਂ ਨੇ ਵੀ ਮਸ਼ੀਨ ਨਾਲ ਸਮੋਸੇ ਬਣਾਉਣੇ ਸ਼ੁਰੂ ਕੀਤੇ ਹਨ। ਕਈ ਲੋਕਾਂ ਨੇ ਨੌਨ-ਵੈਜ ਸਮੋਸੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਟੋਰਾਂਟੋ ਖੇਤਰ ਵਿਚ ਹੀ ‘ਏ-ਵੰਨ ਸਮੋਸਾ’ ਨਾਂ ਦੀ ਇਕ ਕੰਪਨੀ ਦੇ ਮੀਟ ਵਾਲੇ ਸਮੋਸੇ ਵੀ ਪ੍ਰਸਿੱਧ ਹਨ। ਗ਼ੈਰ-ਭਾਰਤੀ ਲੋਕਾਂ ਵਿਚ ਮੀਟ ਵਾਲੇ ਸਮੋਸੇ ਵੀ ਪਸੰਦ ਕੀਤੇ ਜਾਂਦੇ ਹਨ।

ਡੱਬਾਬੰਦ ਸਮੋਸੇ ਹੁਣ ਕੁੱਝ ਵੱਡੇ ਸਟੋਰਾਂ ਵਿਚ ਵੀ ਮਿਲਣ ਲੱਗੇ ਹਨ, ਪਰ ਅਜੇ ਵੀ ਇਨ੍ਹਾਂ ਦਾ ਉਤਪਾਦਨ ਭਾਰਤੀ ਕੰਪਨੀਆਂ ਵੱਲੋਂ ਹੀ ਕੀਤਾ ਜਾਂਦਾ ਹੈ, ਪਰ ਹੌਲੀ ਹੌਲੀ ਸ਼ਾਇਦ ਹੋਰ ਕੰਪਨੀਆਂ ਵੀ ਸਮੋਸੇ ਬਣਾਉਣ ਲੱਗ ਜਾਣਗੀਆਂ। ਜਿਵੇਂ ਵੈਸਟਰਨ ਖਾਣਾ ਜਾਂ ਚਾਈਨੀਜ਼ ਖਾਣਾ ਹੁਣ ਹਰ ਕਲਚਰ ਵਿਚ ਲੋਕ ਬਣਾਉਣ ਲੱਗੇ ਹਨ, ਉਸੇ ਤਰ੍ਹਾਂ ਸਮੋਸੇ ਵੀ ਸ਼ਾਇਦ ਦੂਜੇ ਭਾਈਚਾਰਿਆਂ ਦੇ ਬਿਜ਼ਨਸ ਅਦਾਰੇ ਵੀ ਬਣਾਉਣ ਲੱਗ ਜਾਣ। ਅਜੇ ਤਕ ਭਾਰਤੀ ਲੋਕਾਂ ਤਕ ਹੀ ਇਸ ਦਾ ਉਤਪਾਦਨ ਸੀਮਤ ਰਹਿਣ ਦਾ ਕਾਰਨ ਇਹ ਹੈ ਕਿ ਦੂਸਰੇ ਲੋਕਾਂ ਤੋਂ ਸਹੀ ਤਰੀਕੇ ਨਾਲ ਭਾਰਤੀ ਸਟਾਈਲ ਵਾਲਾ ਸਮੋਸਾ ਨਹੀਂ ਬਣਦਾ, ਪਰ ਸਮੇਂ ਨਾਲ ਇਹ ਗੱਲ ਵੀ ਬਦਲ ਜਾਵੇਗੀ।

ਇੰਡੀਅਨ ਫੂਡ ਦੀਆਂ ਹੋਰ ਆਈਟਮਾਂ ਵੀ ਸਾਰੀ ਦੁਨੀਆਂ ਵਿਚ ਲੋਕ ਪਸੰਦ ਕਰਦੇ ਹਨ। ਇੰਡੀਅਨ ਰੈਸਟੋਰੈਂਟਸ ’ਤੇ ਹਰ ਤਰ੍ਹਾਂ ਦੇ ਲੋਕ ਜਾਂਦੇ ਹਨ। ਮੀਟ ਦੀਆਂ ਇੰਡੀਅਨ ਸਟਾਈਲ ਆਈਟਮਾਂ ਹਰ ਕਲਚਰ ਦੇ ਲੋਕ ਖਾਂਦੇ ਹਨ। ਜਿਸ ਵਿਚ ਚਿਕਨ ਦੀਆਂ ਕਈ ਆਈਟਮਾਂ ਸ਼ਾਮਲ ਹਨ, ਪਰ ਜੇ ਕੋਈ ਇਕ ਆਈਟਮ ਚੁੱਕਣੀ ਹੋਵੇ ਤਾਂ ਉਹ ਬਨਿਾਂ ਸ਼ੱਕ ਸਮੋਸੇ ਹਨ। ਗ਼ਰੀਬ ਸਮੋਸਿਆਂ ਨੂੰ ਜੋ ਮਾਣ ਪੱਛਮੀ ਦੁਨੀਆਂ ਵਿਚ ਮਿਲਿਆ ਹੈ, ਉਹ ਇੰਡੀਅਨ ਫੂਡ ਦੀ ਹੋਰ ਕਿਸੇ ਵੀ ਆਈਟਮ ਦੇ ਹਿੱਸੇ ਨਹੀਂ ਆਇਆ। ਇਸ ਵਕਤ ਕੋਈ ਸਹੀ ਅੰਕੜੇ ਤਾਂ ਨਹੀਂ ਮਿਲਦੇ, ਪਰ ਮੋਟੇ ਅਨੁਮਾਨਾਂ ਮੁਤਾਬਕ ਇਕੱਲੇ ਉੱਤਰੀ ਅਮਰੀਕਾ ਵਿਚ ਹੀ ਸਮੋਸਿਆਂ ਦਾ ਕਾਰੋਬਾਰ ਕਈ ਮਿਲੀਅਨ ਦਾ ਹੈ।

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement