ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੱਕ ਫਾਸ਼ੀਵਾਦ ਵਿਰੋਧੀ ਦਾ ਜਨਮ

12:07 PM Oct 08, 2023 IST
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ।

ਪਿਛਲੀ ਸਦੀ ਵਿਚ ਫਾਸ਼ੀਵਾਦ ਵੱਡੀ ਦਮਨਕਾਰੀ ਵਿਚਾਰਧਾਰਾ ਵਜੋਂ ਉੱਭਰਿਆ। ਇਸ ਦੇ ਪੈਰੋਕਾਰਾਂ ਨੇ ਹਕੂਮਤਾਂ ਕਾਇਮ ਕੀਤੀਆਂ, ਦੁਨੀਆਂ ਨੂੰ ਦੂਜੀ ਆਲਮੀ ਜੰਗ ਵਿਚ ਧੱਕਿਆ ਅਤੇ ਲੱਖਾਂ ਲੋਕਾਂ ਨੂੰ ਕਤਲ ਕੀਤਾ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਫਾਸ਼ੀਵਾਦੀ ਰੁਝਾਨ ਮੌਜੂਦ ਹਨ।

Advertisement

ਖ਼ਵਾਜਾ ਅਹਿਮਦ ਅੱਬਾਸ

ਵਿਚਾਰਧਾਰਾ

Advertisement

ਮੈਂ ਜਿਸ ਦਨਿ ‘ਬਾਂਬੇ ਕਰੌਨੀਕਲ’ ਦੇ ਨਿਯਮਿਤ ਅਮਲੇ ਵਿਚ ਸ਼ਾਮਿਲ ਹੋਇਆ, ਉਸੇ ਦਨਿ ਮੁਸੋਲਨਿੀ ਨੇ ਫਾਸ਼ੀਵਾਦ ਦੀਆਂ ਲਗਾਮਾਂ ਢਿੱਲੀਆਂ ਕੀਤੀਆਂ ਸਨ। ਉਦੋਂ ਤੋਂ ਹੀ ਫਾਸ਼ੀਵਾਦ ਮੈਨੂੰ ਪਰੇਸ਼ਾਨ ਕਰਨ ਲੱਗਾ ਸੀ। ਇਹ ਫਾਸ਼ੀਵਾਦ ਹੋਵੇ ਜਾਂ ਉਸ ਦੀ ਵਰਨਾਮਾ ਹਉਮੈ, ਜਰਮਨੀ ਵਿਚ ਹਿਟਲਰ ਦਾ ਨਾਜ਼ੀਵਾਦ ਹੋਵੇ ਜਾਂ ਉਸ ਦੇ ਆਤੰਕਵਾਦ ਦੀ ਜਾਪਾਨੀ ਵੰਨਗੀ, ਅੱਗੇ ਚਲ ਕੇ ਦੁਨੀਆਂ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਕੋਣਾਂ ਨੂੰ ਫਾਸ਼ੀਵਾਦ ਦੇ ਨਾਂਅ ਨਾਲ ਜਾਣਿਆ। ਅਖ਼ਬਾਰ ਦੇ ਨਿਊਜ਼ ਐਡੀਟਰ ਦੇ ਕਮਰੇ ਵਿਚ ਮੈਨੂੰ ਬੈਠਣ ਲਈ ਉਹ ਥਾਂ ਦਿੱਤੀ ਗਈ ਜਿੱਥੋਂ ਮੈਂ ਪੰਛੀਝਾਤ ਪਾ ਸਕਦਾ ਸੀ।

ਇਟਲੀ ਦਾ ਫਾਸ਼ੀਵਾਦੀ ਹਾਕਮ ਮੁਸੋਲਨਿੀ।

ਚਾਰ ਸਤੰਬਰ ਨੂੰ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਜਵਾਹਰਲਾਲ ਨਹਿਰੂ ਕੁਝ ਸਮੇਂ ਲਈ ਯੂਰਪ ਵਿਚ ਸਨ ਕਿਉਂਕਿ ਸਵਿਟਜ਼ਰਲੈਂਡ ਦੇ ਟੀ.ਬੀ. ਸੈਨੀਟੋਰੀਅਮ ਵਿਚ ਕਮਲਾ ਦੀ ਸਿਹਤ ਨਿਰੰਤਰ ਨਿੱਘਰ ਰਹੀ ਸੀ। ਆਪਣੀ ਜੀਵਨ-ਸਾਥਣ ਦੀ ਟਹਿਲ-ਸੇਵਾ ਕਰਦਿਆਂ ਵੀ ਜਵਾਹਰਲਾਲ ਨਹਿਰੂ ਸੰਖੇਪ ਜਿਹੇ ਸਮੇਂ ਲਈ ਇੰਗਲੈਂਡ, ਫਰਾਂਸ ਅਤੇ ਜਰਮਨੀ ਗਏ ਅਤੇ ਫਾਸ਼ੀਵਾਦ ਵਿਰੋਧੀ ਆਗੂਆਂ ਦੀਆਂ ਰਾਜਨੀਤਕ ਕਾਨਫਰੰਸਾਂ ਵਿਚ ਭਾਗ ਲਿਆ। ਉਨ੍ਹਾਂ ਲੋਕਾਂ ਅਤੇ ਅਖ਼ਬਾਰਾਂ ਦੇ ਪ੍ਰਤੀਨਿਧਾਂ ਨੂੰ ਦੱਸਿਆ ਕਿ ਵਿਭਿੰਨ ਰਾਜਨੀਤਕ ਸਮੱਸਿਆਵਾਂ ਬਾਰੇ ਦੇਸ਼ ਭਗਤ ਭਾਰਤ ਦੀ ਕੀ ਸੋਚ ਹੈ।
ਫਿਰ ਕਮਲਾ ਦੇ ਦੇਹਾਂਤ ਦੀ ਖ਼ਬਰ ਆਈ। ਮੈਂ ਨਹਿਰੂ ਨੂੰ ਅਫ਼ਸੋਸ ਦੀ ਚਿੱਠੀ ਲਿਖੀ ਜਿਹੜੀ ਸ਼ਾਇਦ ਉਨ੍ਹਾਂ ਤੱਕ ਪੁੱਜੀ ਹੀ ਨਹੀਂ।
ਟੈਲੀਪ੍ਰਿੰਟਰ ਉੱਤੇ ਖ਼ਬਰ ਆਈ ਕਿ ਭਾਰਤ ਵਾਪਸ ਆਉਂਦਿਆਂ ਜਵਾਹਰਲਾਲ ਨਹਿਰੂ ਨੇ ਅਬਸੀਨੀਆ ਦੇ ਬੁੱਚੜ ਮੁਸੋਲਨਿੀ ਨਾਲ ਮੁਲਾਕਾਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ‘ਨਹਿਰੂ ਦਾ ਮੁਸੋਲਨਿੀ ਨੂੰ ਮਿਲਣ ਤੋਂ ਇਨਕਾਰ’ ਮੇਰੀ ਕਲਮ ਨੇ ਇਕ-ਕਾਲਮੀ ਡੱਬੀ ਖ਼ਬਰ ਦੀ ਸੁਰਖ਼ੀ ਲਿਖ ਮਾਰੀ। ਭਾਰਤ ਵਾਪਸ ਆ ਕੇ ਜਵਾਹਰਲਾਲ ਨੇ ਪਹਿਲਾ ਕੰਮ ਇਹ ਕੀਤਾ ਕਿ 5 ਮਈ 1936 ਨੂੰ ‘ਅਬਸੀਨੀਆ ਦਿਹਾੜਾ’ ਵਜੋਂ ਮਨਾਉਣ ਦੀ ਪੁਕਾਰ ਲਗਾ ਦਿੱਤੀ। ਮੈਂ ਕੁਦਰਤੀ ਤੌਰ ’ਤੇ ਹੀ ਫਾਸ਼ੀਵਾਦ ਵਿਰੋਧੀ ਘਟਨਾ ਵੱਲ ਰੁਚਿਤ ਸੀ। ਜਵਾਹਰਲਾਲ ਨਹਿਰੂ ਦੀ ਉਦਾਹਰਣ ਨੇ ਮੇਰਾ ਹੌਸਲਾ ਵਧਾ ਦਿੱਤਾ। ਮੈਂ ਪਹਿਲਾ ਰਾਜਨੀਤਕ ਕਿਤਾਬਚਾ ਲਿਖਿਆ- ਮੁਸੋਲਨਿੀ, ਫਾਸ਼ੀਵਾਦ ਅਤੇ ਅਬਸੀਨੀਆ ਯੁੱਧ। ਮੈਂ ‘ਅਬਸੀਨੀਆ ਦਿਹਾੜੇ’ ਵਿਚ ਵੀ ਸ਼ਾਮਿਲ ਹੋਇਆ ਅਤੇ ਨਾਗਪਾੜਾ ਨੇਬਰਹੁਡ ਹਾਊਸ ਵਿਚ ਇਕ ਜਲਸੇ ਨੂੰ ਸੰਬੋਧਨ ਕੀਤਾ। ਉੱਥੇ ਮੇਰਾ ਸਾਹਮਣਾ ਕੁਝ ਅਜਿਹੇ ਲੋਕਾਂ ਨਾਲ ਹੋਇਆ ਜਿਹੜੇ ਮੁਸੋਲਨਿੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਸਨ ਜਵਿੇਂ ਇਹ ਕਿ ਫਾਸ਼ੀਵਾਦ ਰਾਜ ਦੌਰਾਨ ਰੇਲਗੱਡੀਆਂ ਸਮੇਂ ਸਿਰ ਚੱਲ ਰਹੀਆਂ ਹਨ।
ਲਖਨਊ ਇਜਲਾਸ ਵਿਚ ਦਿੱਤੇ ਨਹਿਰੂ ਦੇ ਪ੍ਰਧਾਨਗੀ ਭਾਸ਼ਣ ਨੇ ਸਾਡੇ ਅੰਦਰ (ਭਾਵੇਂ ਦੂਰੋਂ ਹੀ) ਬਿਜਲੀ ਦੀ ਲਹਿਰ ਜਿਹੀ ਦੌੜਾ ਦਿੱਤੀ ਸੀ। ਨਹਿਰੂ ਨੇ ਫਾਸ਼ੀਵਾਦ ਦੀ ਸਹੀ ਪਰਿਭਾਸ਼ਾ ਦਿੱਤੀ ਸੀ ਕਿ: ‘‘ਆਪਣੀਆਂ ਮੁਸ਼ਕਿਲਾਂ ਵਿਚਕਾਰ ਪੂੰਜੀਵਾਦ ਨੇ ਫਾਸ਼ੀਵਾਦ ਅਪਣਾ ਲਿਆ ਅਤੇ ਉਹ ਵੀ ਸੱਭਿਅਤਾ ਦੇ ਸਪੱਸ਼ਟ ਤਕਾਜ਼ਿਆਂ ਨੂੰ ਕੁਚਲਣ ਲਈ ਇਸ ਬੇਦਰਦੀ ਨਾਲ।’’ ਸਮਾਜਵਾਦ ਦੇ ਸੰਬੰਧ ਵਿਚ ਉਨ੍ਹਾਂ ਦਾ ਭਾਸ਼ਣ ਬਿਲਕੁਲ ਸਪੱਸ਼ਟ ਸੀ: ‘‘ਇਸ ਵਿਚ ਕੋਈ ਸੰਦੇਹ ਨਹੀਂ ਕਿ ਸੰਸਾਰ ਅਤੇ ਭਾਰਤ ਦੀਆਂ ਸਮੱਸਿਆਵਾਂ ਦਾ ਹੱਲ ਜੇ ਕਿਧਰੇ ਮੌਜੂਦ ਹੈ ਤਾਂ ਸਮਾਜਵਾਦ ਵਿਚ ਹੀ ਮੌਜੂਦ ਹੈ।’’ ਲਖਨਊ ਕਾਂਗਰਸ ਦੇ ਨਾਲ-ਨਾਲ ਕੁਝ ਹੋਰ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ। ਇਨ੍ਹਾਂ ਵਿਚ ਗੁਰੂਦੇਵ ਟੈਗੋਰ ਅਤੇ ਜਵਾਹਰਲਾਲ ਨਹਿਰੂ ਦੇ ਆਸ਼ੀਰਵਾਦ ਸਦਕਾ ਹੋਇਆ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਮੇਲਨ ਵੀ ਸੀ। ਇਸ ਦਾ ਆਯੋਜਨ ਕੁਝ ਅਜਿਹੇ ਤੀਖਣ ਬੁੱਧੀ ਨੌਜਵਾਨ ਸਾਹਿਤਕਾਰਾਂ ਨੇ ਕੀਤਾ ਸੀ ਜਨਿ੍ਹਾਂ ਵਿਚੋਂ ਕੁਝ ਲੋਕ ਸਿੱਧੇ ਜਵਾਹਰਲਾਲ ਨਹਿਰੂ ਅਧੀਨ ਅਲਾਹਾਬਾਦ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿਚ ਕਾਇਮ ਦਫ਼ਤਰਾਂ ਵਿਚ ਕੰਮ ਕਰਦੇ ਸਨ। ਇਨ੍ਹਾਂ ਵਿਚ ਸੱਜਾਦ ਜ਼ਹੀਰ, ਡਾ. ਕੇ. ਐਮ. ਅਸ਼ਰਫ਼, ਰਾਮ ਮਨੋਹਰ ਲੋਹੀਆ ਅਤੇ ਮੁਲਕ ਰਾਜ ਆਨੰਦ ਸ਼ਾਮਿਲ ਸਨ। ਮੁਲਕ ਰਾਜ ਆਨੰਦ ਆਪਣੀ ਪੜ੍ਹਾਈ ਪੂਰੀ ਕਰਕੇ ਅਤੇ ਆਪਣੇ ਨਾਵਲ ‘ਅਨਟਚੇਬਲ’ ਦੀ ਬਦੌਲਤ ਨਾਮਣਾ ਖੱਟ ਕੇ ਇੰਗਲੈਂਡ ਤੋਂ ਵਾਪਸ ਆ ਕੇ ਉਸ ਗਰੁੱਪ ਵਿਚ ਸ਼ਾਮਿਲ ਹੋ ਗਏ ਜਿਸ ਨੂੰ ਉਹ ਇੰਗਲੈਂਡ ਤੋਂ ਹੀ ਜਾਣਦੇ ਸਨ।
ਉਰਦੂ-ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਮੁਨਸ਼ੀ ਪ੍ਰੇਮਚੰਦ ਨੇ ਸੰਮੇਲਨ ਦੀ ਪ੍ਰਧਾਨਗੀ ਕਰਨਾ ਸਵੀਕਾਰ ਕਰ ਲਿਆ ਸੀ। ਮੈਨੂੰ ਲਖਨਊ ਤੋਂ ਪ੍ਰਗਤੀਸ਼ੀਲ ਲੇਖਕਾਂ ਵੱਲੋਂ ਭੇਜਿਆ ਚੰਗਾ ਵਾਹਵਾ ਛਪਿਆ ਮੈਟਰ ਭੇਜਿਆ ਗਿਆ ਜਿਸ ਨੇ ਤੁਰੰਤ ਮੇਰੀ ਸੰਵੇਦਨਸ਼ੀਲਤਾ ਨੂੰ ਛੋਹ ਲਿਆ। ਮੈਂ ਮੁਨਸ਼ੀ ਪ੍ਰੇਮਚੰਦ ਦੀਆਂ ਸਾਰੀਆਂ ਕਹਾਣੀਆਂ ਨਾਵਲ ਪੜ੍ਹ ਚੁੱਕਾ ਸੀ ਅਤੇ ਯੂ.ਪੀ. ਦੇ ਦਿਹਾਤੀ, ਖ਼ਾਸਕਰ ਦੱਬੇ-ਕੁਚਲੇ ਕਿਸਾਨਾਂ ਦੇ ਜੀਵਨ ਉੱਤੇ ਉਨ੍ਹਾਂ ਦੀ ਪਕੜ ਤੋਂ ਪ੍ਰਭਾਵਿਤ ਸੀ।
ਪ੍ਰਗਤੀਸ਼ੀਲ ਅੰਦੋਲਨ ਸੰਬੰਧੀ ਪ੍ਰਕਾਸ਼ਿਤ ਮੈਟਰ ਮਿਲਣ ’ਤੇ ਮੈਨੂੰ ਖ਼ੁਸ਼ੀ ਵੀ ਹੋਈ ਤੇ ਉਚੇਚੇ ਹੱਕ ਦਾ ਅਹਿਸਾਸ ਵੀ ਹੋਇਆ ਕਿਉਂਕਿ ਮੈਂ ਅਜੇ ਤਕ ‘ਅਬਾਬੀਲ’ ਨਾਂਅ ਦੀ ਉਰਦੂ ਕਹਾਣੀ ਤੋਂ ਇਲਾਵਾ ਕੋਈ ਰਚਨਾਤਮਕ ਕੰਮ ਨਹੀਂ ਕੀਤਾ ਸੀ ਜਿਸ ਵਿਚ ਮੈਂ ਅਜਿਹੇ ਕਿਸਾਨ ਦੇ ਮਨ ਦੀ ਗੁੱਝੀ ਮਾਨਵਤਾ ਉਜਾਗਰ ਕੀਤੀ ਸੀ ਜਿਹੜਾ ਪ੍ਰਗਟ ਰੂਪ ਵਿਚ ਨਿਰਾਸਤਾ ਦਾ ਸ਼ਿਕਾਰ ਹੋ ਰਿਹਾ ਸੀ। ਇਹ ਕਹਾਣੀ ਉਰਦੂ ਦੇ ਇਕ ਪ੍ਰਤਿਸ਼ਠਿਤ ਰਸਾਲੇ ਵਿਚ ਪ੍ਰਕਾਸ਼ਿਤ ਹੋਈ ਅਤੇ ਕਿਸੇ ਤਰ੍ਹਾਂ ਲੰਦਨ ਪੁੱਜ ਗਈ ਸੀ। ਉੱਥੇ ਡਾ. ਮੁਲਕ ਰਾਜ ਆਨੰਦ ਤੇ ਸੱਜਾਦ ਜ਼ਹੀਰ ਨੇ ਇਹ ਕਹਾਣੀ ਪੜ੍ਹੀ ਅਤੇ ਇਸਦਾ ਅੰਗਰੇਜ਼ੀ ਵਿਚ ਅਨੁਵਾਦ ਕਰਕੇ ‘ਨਿਊ ਇੰਡੀਅਨ ਲਿਟਰੇਚਰ’ ਨਾਂ ਦੇ ਰਸਾਲੇ ਵਿਚ ਛਪਵਾ ਦਿੱਤਾ। ਇਹ ਮੈਨੂੰ ਹੁਣ ਪਤਾ ਲੱਗਾ ਹੈ ਕਿ ‘ਅਬਾਬੀਲ’ ਕਰਕੇ ਹੀ ਮੈਨੂੰ ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਸੱਜਾਦ ਜ਼ਹੀਰ, ਮਹਿਮੂਦ-ਉਲ-ਜ਼ਫਰ, ਰਸ਼ੀਦ ਜਹਾਂ, ਅਹਿਮਦ ਅਲੀ ਅਤੇ ਮੁਲਕ ਰਾਜ ਆਨੰਦ ਜਿਹੇ ਨੌਜਵਾਨ ਲੇਖਕਾਂ ਵਾਂਗ ਪ੍ਰਗਤੀਸ਼ੀਲ ਸਾਹਿਤਕਾਰ ਦੇ ਰੂਪ ਵਿਚ ਪ੍ਰਸਿੱਧੀ ਪ੍ਰਾਪਤ ਹੋਈ ਸੀ।
ਵਰ੍ਹਿਆਂਬੱਧੀ ਇਸ ਅੰਦੋਲਨ ਨਾਲ ਜੁੜੇ ਰਹਿਣ ਦੇ ਸਿੱਟੇ ਵਜੋਂ ਮੈਨੂੰ ਇਸ ਅੰਦੋਲਨ ਵਿਚੋਂ ਆਪਣਾ ਘਰ, ਵਿਚਾਰ-ਦ੍ਰਿਸ਼ਟੀ, ਕਾਰਜ ਖੇਤਰ ਤੇ ਨਿੱਜੀ ਲਾਇਬਰੇਰੀ ਹੀ ਪ੍ਰਾਪਤ ਨਹੀਂ ਹੋਏ ਸਗੋਂ ਅੰਦੋਲਨ ਦੇ ਕਾਰਜਕਰਤਾਵਾਂ ਵਿਚੋਂ ਕਈ ਦੋਸਤ ਅਤੇ ਸਾਥੀ ਵੀ ਪ੍ਰਾਪਤ ਹੋਏ। ਜ਼ਿਆਦਾਤਰ ਦੋਸਤ ਕਮਿਊਨਿਸਟ ਸਨ ਜਿਹੜੇ ਵਿਚਾਰਧਾਰਾ ਪ੍ਰਤੀ ਬੇਹੱਦ ਸਮਰਪਿਤ ਸਨ। ਉਹ ਮੇਰੇ ਢਿੱਲੇ-ਮੱਠੇ ਬੁਰਜੂਆ ਰੁਝਾਨ, ਮੇਰੀ ਰੁਮਾਂਸਕਤਾ, ਨਹਿਰੂ ਲਈ ਸ਼ਰਧਾ ਨੂੰ ਸਹਿ ਲੈਂਦੇ ਸਨ। ਮੈਂ ਵੀ ਉਨ੍ਹਾਂ ਦੀਆਂ ਹਾਕਮਾਨਾ ਸਗੋਂ ਕਈ ਬਚਗਾਨਾ, ਹਦਾਇਤਾਂ ਨਾਲ ਡੰਗ ਟਪਾ ਲੈਂਦਾ ਸਾਂ। ਫਿਰ ਅਜਿਹਾ ਸਮਾਂ ਆਇਆ ਜਦੋਂ ਉਨ੍ਹਾਂ ਵਿਚਾਰਧਾਰਕ ਮਤਭੇਦਾਂ ਕਾਰਨ ਮੈਨੂੰ ਪ੍ਰੋਗਰੈਸਵਿ ਰਾਈਟਰਜ਼ ਐਸੋਸੀਏਸ਼ਨ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਪਰ ਤਾਂ ਵੀ ਮੈਨੂੰ ਜਾਪਿਆ ਕਿ ਉਹ ਆਪਣੇ ਦਿਲ ਦਿਮਾਗ਼ ਦੇ ਬੂਹੇ ਬੰਦ ਨਹੀਂ ਕਰ ਸਕਣਗੇ।
ਖ਼ੈਰ, ਛੇਤੀ ਹੀ ਆਰਥਿਕ ਸਮੱਸਿਆਵਾਂ ਨਾਲ ਮੇਰਾ ਵਾਹ ਪਿਆ। ਅਜੇ ਤਕ ਅਸੀਂ ਪੁਰਾਣੇ ਪਰੰਪਰਾਤਮਕ ਜ਼ਮਾਨੇ ਵਿਚ ਹੀ ਰਹਿ ਰਹੇ ਸੀ। ਮੈਂ ਬਿਨਾ ਸੋਚੇ-ਸਮਝੇ ਆਖ ਤਾਂ ਦਿੱਤਾ ਕਿ ਬੰਬਈ ਵਿਚ ਮੇਰੇ ਗੁਜ਼ਾਰੇ ਲਈ ਪੰਜਾਹ ਰੁਪਏ ਕਾਫ਼ੀ ਹੋਣਗੇ ਪਰ ਉਹ ਸਨ ਤਾਂ ਪੰਜਾਹ ਰੁਪਏ ਹੀ। ਉਨ੍ਹਾਂ ਨੂੰ ਖਿੱਚ ਕੇ ਵਧਾ ਤਾਂ ਨਹੀਂ ਸਕਦੇ ਸੀ। ਬਿਨਾ ਖਰਚੇ ਤੋਂ ਮਹਿਮਾਨ ਦੇ ਰੂਪ ਵਿਚ ਹੀ ਸਹੀ ਬੰਬਈ ਰਹਿੰਦਿਆਂ ਮੇਰੇ ਪੁਰਾਣੇ ਕੱਪੜੇ ਘਸਣ-ਪਾਟਣ ਲੱਗੇ ਸਨ। ਲਿਹਾਜ਼ਾ, ਮੈਂ ਸੰਭਾਵੀ ਪ੍ਰੋਡਿਊਸਰਾਂ ਕੋਲ ਗੇੜੇ ਮਾਰਨ ਲੱਗਾ। ਪਰੇਲ ਅਤੇ ਦਾਦਰ ਵਿਚ ਮੈਂ ਦੋ-ਤਿੰਨ ਪ੍ਰੋਡਿਊਸਰਾਂ ਨੂੰ ਮਿਲਿਆ ਪਰ ਹੱਥ-ਪੱਲੇ ਕੁਝ ਨਾ ਪਿਆ। ਉਨ੍ਹਾਂ ਵਿਚੋਂ ਇਕ ਨੇ ਮੈਥੋਂ ਪੁੱਛਿਆ, ‘‘ਮਿਹਨਤਾਨਾ ਕੀ ਹੋਵੇਗਾ?’’ ਮੈਂ ਕਿਹਾ, ‘‘ਚਾਰ ਐਤਵਾਰਾਂ ਦੇ ਵੀਹ ਰੁਪਏ।’’
‘‘ਸ਼ੁਕਰੀਆ, ਸਾਡਾ ਵਰਤਮਾਨ ਪ੍ਰਬੰਧ ਤਸੱਲੀਬਖ਼ਸ਼ ਹੈ।’’ ਆਖ ਉਸ ਨੇ ਮੈਨੂੰ ਵਿਦਾ ਕਰ ਦਿੱਤਾ। ਫਿਰ ਮੈਂ ਹੋਰ ਉੱਚੀ ਛਲਾਂਗ ਮਾਰਨ ਦੀ ਸੋਚੀ। ਭਾਈ ਜਾਨ ਦੇ ਘਰ ਮੇਰੇ ਨਾਲ ਰਹਿ ਚੁੱਕਾ ਮੇਰਾ ਪੁਰਾਣਾ ਦੋਸਤ ਨਜ਼ਮ ਨਕਵੀ ਬੰਬਈ ਆ ਕੇ ਜਰਮਨ ਡਾਇਰੈਕਟਰ ਫਰੈਂਚ ਔਸਟਨ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਪ੍ਰਸਿੱਧ ਹਿਮਾਂਸ਼ੂ ਰਾਏ ਅਧੀਨ ਕੰਮ ਕਰ ਰਿਹਾ ਸੀ। ਦੇਵਿਕਾ ਰਾਣੀ ਬੰਬਈ ਦੀ ਸਟਾਰ ਸੀ। ਮੈਂ ਉਸਦੀ ‘ਕਰਮਾ’ ਵੇਖੀ ਸੀ ਅਤੇ ਉਸਦੀ ਅਦਾਕਾਰੀ ਦਾ ਪ੍ਰਸ਼ੰਸਕ ਸੀ। ਉਹ ਮੇਮਾਂ ਵਰਗੀ ਅੰਗਰੇਜ਼ੀ ਬੋਲਦੀ ਸੀ। ਉਹ ਹਿੰਦੀ ਵੀ ਮੇਮਾਂ ਜਿਹੀ ਬੋਲਦੀ ਹੈ। ਮੈਂ ਦੇਵਿਕਾ ਰਾਣੀ ਦਾ ਪ੍ਰਸ਼ੰਸਾਤਮਕ ਰੇਖਾਚਿੱਤਰ ਅਤੇ ਉਸ ਦੀ ਸੱਜਰੀ ਫਿਲਮ (ਸ਼ਾਇਦ) ‘ਅਛੂਤ ਕੰਨਿਆ’ ’ਤੇ ਪ੍ਰਸ਼ੰਸਾਤਮਕ ਟਿੱਪਣੀ ਲਿਖੀ ਅਤੇ ਨਜ਼ਮ ਕੋਲ ਲੈ ਗਿਆ। ਉਸ ਨੇ ਵਾਅਦਾ ਕੀਤਾ ਕਿ ਉਹ ਹਿਮਾਂਸ਼ੂ ਰਾਏ ਨੂੰ ਵਿਖਾ ਦੇਵੇਗਾ। ਤਿੰਨ ਦਿਨਾਂ ਮਗਰੋਂ ਮੈਨੂੰ ਨਜ਼ਮ ਦਾ ਫੋਨ ਆਇਆ ਕਿ ‘ਆਕਾ’ ਅਗਲੇ ਐਤਵਾਰ ਤੜਕੇ ਛੇ ਵਜੇ ਮੈਨੂੰ ਮਿਲਣਾ ਚਾਹੁੰਦੇ ਹਨ। ਸਮੇਂ ਬਾਰੇ ਸੋਚ ਕੇ ਮੈਨੂੰ ਜਾਪਿਆ ਕਿ ਉਹ ਮਖੌਲ ਕਰ ਰਿਹਾ ਹੈ ਪਰ ਉਹ ਗੰਭੀਰ ਸੀ।
ਮੈਂ ਤੜਕੇ ਪੰਜ ਵਜੇ ਦੀ ਗੱਡੀ ਫੜ ਲਈ। 5.45 ਵਜੇ ਮੈਂ ਮੁਲਾਡ ਸਟੇਸ਼ਨ ’ਤੇ ਸੀ ਅਤੇ 5.50 ’ਤੇ ਸਟੂਡੀਓ ਵਿਚ। ਮੇਰਾ ਦੋਸਤ ਮੈਨੂੰ ਦਰਵਾਜ਼ੇ ’ਤੇ ਹੀ ਮਿਲ ਗਿਆ। ਉਸ ਨੇ ਦੱਸਿਆ ਕਿ ‘ਆਕਾ’ ਆਪਣੇ ਕਮਰੇ ਵਿਚ ਮੈਨੂੰ ਉਡੀਕ ਰਹੇ ਹਨ।
ਹਿਮਾਂਸ਼ੂ ਰਾਏ ਅੱਧਖੜ ਉਮਰ ਦੇ ਵਿਦਵਾਨ ਨਜ਼ਰ ਆਉਂਦੇ ਖ਼ੂਬਸੂਰਤ ਬੰਗਾਲੀ ਸਨ। ਉਨ੍ਹਾਂ ਆਖਿਆ: ਮੈਨੂੰ ਤੇਰਾ ਲਿਖਿਆ ਪਸੰਦ ਆਇਆ ਹੈ, ਤੂੰ ਸਾਡਾ ਪਬਲੀਸਿਟੀ ਮੈਨੇਜਰ ਬਣ ਸਕਦਾ ਏਂ। ਮੈਂ ਬੇਨਤੀ ਕੀਤੀ ਕਿ ਮੈਂ ਪੱਤਰਕਾਰ ਹਾਂ, ਫਿਲਮ ਪਬਲੀਸਿਟੀ ਨੂੰ ਆਪਣਾ ਪੇਸ਼ਾ ਨਹੀਂ ਬਣਾਉਣਾ ਚਾਹੁੰਦਾ।
ਉਨ੍ਹਾਂ ਮੈਨੂੰ ਤਿੰਨ ਸੌ ਰੁਪਏ ਮਹੀਨਾ ਦੇਣ ਦੀ ਪੇਸ਼ਕਸ਼ ਕੀਤੀ। ਮੈਂ ਅਜੇ ਵੀ ਇਸ ਵੱਲ ਰੁਚਿਤ ਨਹੀਂ ਸਾਂ। ਉਨ੍ਹਾਂ ਨਿਰਾਸ਼ ਹੋ ਕੇ ਪੁੱਛਿਆ, ‘‘ਤਾਂ ਤੂੰ ਕੀ ਚਾਹੁੰਦਾ ਏਂ?’’
ਮੈਂ ਆਖਿਆ, ‘‘ਮੈਂ ਪਾਰਟ ਟਾਈਮ ਕੰਮ ਕਰਨਾ ਚਾਹੁੰਦਾ ਹਾਂ, ਹਫ਼ਤੇ ਵਿਚ ਇਕ ਦਨਿ। ਇਹ ਦਨਿ ਐਤਵਾਰ ਹੋ ਸਕਦਾ ਏ ਜਾਂ ਕੋਈ ਮੇਰੀ ਛੁੱਟੀ ਦਾ ਦਨਿ। ਮੈਂ ਇਕ ਦਨਿ ਵਿਚ ਤੁਹਾਡੇ ਲਈ ਛੇ ਲੇਖ ਲਿਖ ਦਿਆ ਕਰਾਂਗਾ।’’
‘‘ਚੱਲ ਠੀਕ ਹੈ ਪਰ ਇਸ ਲਈ ਤੈਨੂੰ 75 ਰੁਪਏ ਤੋਂ ਵੱਧ ਨਹੀਂ ਦੇ ਸਕਦਾ।’’
ਪਹਿਲਾਂ ਤਾਂ ਉਨ੍ਹਾਂ ਦੀ ਗੱਲ ਮੇਰੇ ਪੱਲੇ ਨਹੀਂ ਪਈ। ਜਦੋਂ ਪੱਲੇ ਪਈ ਮੈਂ ਗੁੰਮ ਜਿਹਾ ਹੋ ਗਿਆ। ਛੱਬੀ ਦਨਿ ਲੱਕ-ਤੋੜ ਮਿਹਨਤ ਦੇ ਪੰਜਾਹ ਰੁਪਏ ਅਤੇ ਕੇਵਲ ਚਾਰ ਦਨਿ ਕੰਮ ਕਰਨ ਦੇ 75 ਰੁਪਏ। ਇਹ ਤਾਂ ਇਕ ਤਰ੍ਹਾਂ ਦਾ ਐਤਵਾਰੀ ਮਨੋਰੰਜਨ ਦਾ ਕੰਮ ਸੀ।
ਮੈਂ ਸ਼ਰਤਾਂ ਪ੍ਰਵਾਨ ਕਰ ਲਈਆਂ। ਇਹ ਹਿਮਾਂਸ਼ੂ ਰਾਏ, ਦੇਵਿਕਾ ਰਾਣੀ, ਅਮਲੇ ਦੇ ਹੋਰ ਮੈਂਬਰਾਂ, ਸ਼ਸ਼ਧਰ ਮੁਖਰਜੀ ਅਤੇ ਅਸ਼ੋਕ ਕੁਮਾਰ ਨਾਲ ਲੰਮੀ ਦੋਸਤੀ ਦਾ ਆਰੰਭ ਸੀ।
ਮੈਨੂੰ ਉਹ ਵੇਲਾ ਯਾਦ ਹੈ ਜਦੋਂ ਦੇਵਿਕਾ ਰਾਣੀ ਆਪਣੇ ਸਾਂਝੇ ਸਟੂਡੀਓ ਅਤੇ ਬੰਗਲੇ ਵਿਚ ਦਰਬਾਰ ਲਾਈ ਬੈਠੀ ਸੀ। ਦੇਵਿਕਾ ਨਾਜ਼ੁਕ, ਖ਼ੂਬਸੂਰਤ, ਪਿਆਰੀ ਜਿਹੀ, ਜਾਦੂ ਕਰ ਦੇਣ ਵਾਲੀ ਔਰਤ ਸੀ। ਉਸ ਸਮੇਂ ਉਸ ਨੇ ਸਾਦੀ ਸ਼ਫੂਨ ਦੀ ਸਾੜ੍ਹੀ ਪਹਨਿੀ ਹੋਈ ਸੀ। ਉਸਦੇ ਵਾਲਾਂ ਵਿਚ ਸੂਹਾ ਗੁਲਾਬ ਮਹਿਕ ਰਿਹਾ ਸੀ। ਮੈਨੂੰ ਉਹ ਦਨਿ ਵੀ ਯਾਦ ਹੈ ਜਦੋਂ ਉਸਨੂੰ ਕਿਸੇ ਹੋਰ ਦੀ ਨਹੀਂ ਜਵਾਹਰ ਲਾਲ ਨਹਿਰੂ ਦੀ ਪ੍ਰਸ਼ੰਸਾਤਮਕ ਚਿੱਠੀ ਆਈ ਸੀ। ਉਨ੍ਹਾਂ ਕਿਧਰੇ ਦੋ ਕੈਦਾਂ ਵਿਚਕਾਰਲੇ ਵਕਫ਼ੇ ਦੌਰਾਨ ਉਸਦੀ ‘ਅਛੂਤ ਕੰਨਿਆ’ ਵੇਖੀ ਸੀ ਤੇ ਉਸਦੀ ਅਦਾਕਾਰੀ ਵੇਖ ਕੇ ਦੰਗ ਰਹਿ ਗਏ ਸਨ। ਉਸ ਨੇ ਉਹ ਚਿੱਠੀ ਸਾਨੂੰ ਪੜ੍ਹ ਕੇ ਸੁਣਾਈ।
ਇਸ ਮਗਰੋਂ ਜਦੋਂ ਹਿਮਾਂਸ਼ੂ ਰਾਏ ਅਕਾਲ ਚਲਾਣਾ ਕਰ ਚੁੱਕੇ ਸਨ ਅਤੇ ਉਹ ਮਿਸਿਜ਼ ਰੋਰਿਚ ਬਣ ਚੁੱਕੀ ਸੀ। ਉਸ ਨੇ ਦਿੱਲੀ ਵਿਚ ਸੰਗੀਤ ਨਾਟਕ ਅਕਾਦਮੀ ਲਈ ਫਿਲਮ ਸੈਮੀਨਾਰ ਕਰਵਾਇਆ। ਪੰਡਤ ਨਹਿਰੂ ਨੇ ਸੈਮੀਨਾਰ ਵਿਚ ਭਾਗ ਲੈਣ ਵਾਲਿਆਂ ਦੀ ਰੋਟੀ ਕੀਤੀ। ਉੱਥੇ ਮੈਂ ਉਨ੍ਹਾਂ ਦੋਵਾਂ ਨੂੰ ਚਿੱਠੀ ਦੀ ਯਾਦ ਕਰਾਈ ਤਾਂ ਜਵਾਹਰਲਾਲ ਨਹਿਰੂ ਜੀਅ ਖੋਲ੍ਹ ਕੇ ਹੱਸੇ। ਦੇਵਿਕਾ ਰਾਣੀ ਨੇ ਆਖਿਆ, ‘‘ਹੁਣ ਸਾਰੀਆਂ ਪ੍ਰਸ਼ੰਸਾਤਮਕ ਚਿੱਠੀਆਂ ਪੰਡਤ ਜੀ ਨੂੰ ਆਉਂਦੀਆਂ ਹਨ।’’
1936 ਵੱਲ ਮੁੜਦੇ ਹਾਂ। ਸਾਲ ਦੇ ਅਖੀਰ ਵਿਚ ਦੋ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਘਟਨਾਵਾਂ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ।
25 ਨਵੰਬਰ 1936 ਨੂੰ ਯੂ.ਐਸ.ਐਸ.ਆਰ. ਦਾ ਨਵਾਂ ਸੰਵਿਧਾਨ ਪ੍ਰਵਾਨ ਕਰਨ ਲਈ 2040 ਡੈਲੀਗੇਟ ਸ਼ਾਨਦਾਰ ਕ੍ਰੈਮਲਨਿ ਪੈਲੇਸ ਵਿਚ ਇਕੱਤਰ ਹੋਏ। ਇਹ ਸੰਵਿਧਾਨ ਮਗਰੋਂ ‘ਸਟਾਲਨਿ ਸੰਵਿਧਾਨ’ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਇਸ ਤੋਂ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਆਰਥਿਕ ਹਲਕਿਆਂ ਵਿਚ ਸੋਵੀਅਤ ਯੂਨੀਅਨ ਦੇ ਵਿਕਾਸ ਦੀ ਪ੍ਰਤੱਖ ਨਿਸ਼ਾਨਦੇਹੀ ਹੋਈ।
ਉਸ ਸਮੇਂ ਇਕ ਹੋਰ ਘਟਨਾ ਵਾਪਰੀ ਜਿਸ ਨੇ ਪ੍ਰਗਤੀਵਾਦੀਆਂ ਅਤੇ ਨੌਜਵਾਨਾਂ ਦੇ ਦਿਮਾਗ਼ਾਂ ਵਿਚ ਤਰਥੱਲੀ ਮਚਾ ਦਿੱਤੀ। ਇਤਿਹਾਸ ਵਿਚ ਪਹਿਲੀ ਵਾਰੀ ਇਹ ਹੋਇਆ ਕਿ ਬਰਤਾਨੀਆ ਦੇ ਸ਼ਾਹ ਐਡਵਰਡ-ਅੱਠਵਾਂ ਇਕ ਖ਼ੂਬਸੂਰਤ ਤਲਾਕਸ਼ੁਦਾ ਔਰਤ ਵੈਲੀ ਸਿੰਪਸਨ ਦੇ ਇਸ਼ਕ ਵਿਚ ਆਪਣੀ ਮਰਜ਼ੀ ਨਾਲ ਤਖ਼ਤ ਤੋਂ ਲਾਂਭੇ ਹੋ ਗਏ। ਇਹ ਕਹਾਣੀ ਕਿਸੇ ਵੀ ਗਰਮ ਸੁਭਾਉ ਨੌਜਵਾਨ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਕਾਫ਼ੀ ਸੀ। ਇਸ ਪ੍ਰੇਮ ਪ੍ਰਸੰਗ ਦੇ ਨਾਲ ਇਹ ਅਫ਼ਵਾਹਾਂ ਵੀ ਚੱਲ ਰਹੀਆਂ ਸਨ ਕਿ ਸ਼ਾਹ ਐਡਵਰਡ ਨੇ ਪ੍ਰਿੰਸ ਆਫ ਵੇਲਜ਼ ਹੁੰਦਿਆਂ ਕਈ ਅਸਾਧਾਰਨ ਪ੍ਰਵਿਰਤੀਆਂ ਦਾ ਪ੍ਰਗਟਾਅ ਕੀਤਾ ਸੀ, ਉਸ ਦਾ ਝੁਕਾਉ ਸਮਾਜਵਾਦ ਵੱਲ ਸੀ ਅਤੇ ਉਸ ਨੂੰ ਸਮਾਜ ਤੇ ਬਾਦਸ਼ਾਹਤ ਦੀਆਂ ਬੇਹੱਦ ਸਖ਼ਤ ਪਰੰਪਰਾਵਾਂ ਤੋਂ ਨਫ਼ਰਤ ਸੀ। ਉਸ ਬਾਰੇ ਆਖਿਆ ਜਾਂਦਾ ਸੀ ਕਿ ਉਸ ਨੇ ਬਰਤਾਨੀਆ ਦੇ ਅਤਿਅੰਤ ਪੱਛੜੇ, ਵੇਲਜ਼ ਦੇ ਖਾਣ ਮਜ਼ਦੂਰਾਂ ਪ੍ਰਤੀ ਵਾਸਤਵਿਕ ਹਮਦਰਦੀ ਵਿਖਾਈ ਸੀ। ਸਾਨੂੰ ਇਸ ਗੱਲ ਉੱਪਰ ਵਿਸ਼ਵਾਸ ਕਰਨਾ ਚੰਗਾ ਲੱਗਾ ਕਿ ਐਡਵਰਡ ਨੇ ਸਿਰਫ਼ ਵੈਲੀ ਸਿੰਪਸਨ ਲਈ ਹੀ ਨਹੀਂ ਸਗੋਂ ਮਜ਼ਦੂਰਾਂ ਕਾਮਿਆਂ ਪ੍ਰਤੀ ਆਪਣੀ ਹਮਦਰਦੀ ਕਾਰਨ ਰਾਜ ਭਾਗ ਨੂੰ ਤਿਲਾਂਜਲੀ ਦਿੱਤੀ।
ਦੋ ਹਫ਼ਤਿਆਂ ਮਗਰੋਂ ਕਾਂਗਰਸ ਦਾ ਫੈਜ਼ਪੁਰ ਸੰਮੇਲਨ ਹੋਇਆ। ਕਿੰਨੇ ਹੀ ਨਾਮਾਨਿਗਾਰ ਅਤੇ ਸਬ-ਐਡੀਟਰ ਫੈਜ਼ਪੁਰ ਜਾ ਰਹੇ ਸਨ। ਮੈਂ ਵੀ ਛੁੱਟੀ ਲਈ ਅਤੇ ਉਨ੍ਹਾਂ ਦੇ ਨਾਲ ਹੋ ਲਿਆ। ਅਖ਼ਬਾਰ ਲਈ ਸੰਮੇਲਨ ਦੀਆਂ ਖ਼ਬਰਾਂ ਭੇਜਣ ਦਾ ਕੰਮ ਮੈਨੂੰ ਨਹੀਂ ਦਿੱਤਾ ਗਿਆ ਸੀ। ਇਹ ਕੰਮ ਸੀਨੀਅਰ ਰਿਪੋਰਟਰ ਨੇ ਕਰਨਾ ਸੀ, ਪਰ ਸੰਪਾਦਕ ਨੇ ਮੈਨੂੰ ਆਖਿਆ ਕਿ ਕਾਰਵਾਈ ਵਿਚੋਂ ਇਨਸਾਨੀ ਦਿਲਚਸਪੀ ਦੀਆਂ ਕੁਝ ਕਹਾਣੀਆਂ ਜ਼ਰੂਰ ਭੇਜਾਂ। ਮੈਨੂੰ ਰੇਲ ਦੇ ਤੀਸਰੇ ਡੱਬੇ ਵਿਚ ਕੀਤੀ ਫੈਜ਼ਪੁਰ (ਖ਼ਾਨਦੇਸ਼) ਦੀ ਉਹ ਯਾਤਰਾ ਯਾਦ ਹੈ ਜਿਸ ਵਿਚ ਸਵਾਰੀਆਂ ਇੰਝ ਤੁੰਨ ਕੇ ਭਰੀਆਂ ਹੋਈਆਂ ਸਨ ਕਿ ਮੈਨੂੰ ਭੁੰਜੇ ਸੌਣਾ ਪਿਆ। ਮੈਂ ਨੀਂਦਰ ਵਿਚ ਵੀ ਬੈਂਚਾਂ ਉੱਪਰ ਭਰੇ ਮੁਸਾਫ਼ਿਰਾਂ ਦੇ ਪੈਰਾਂ ਅਤੇ ਚੱਪਲਾਂ ਦੀ ਬਦਬੂ ਸੁੰਘ ਸਕਦਾ ਸੀ, ਪਰ 22 ਵਰ੍ਹਿਆਂ ਦੇ ਨੌਜਵਾਨ, ਦੇਸ਼ ਭਗਤ, ਸਿਰ ਤੋਂ ਪੈਰ ਤੱਕ ਸਮਾਜਵਾਦ ਪ੍ਰੇਮੀ ਨੂੰ ਇਸ ਦੀ ਕੀ ਪਰਵਾਹ ਸੀ।
ਫੈਜ਼ਪੁਰ ਵਿਚ ਦਿੱਤੇ ਗਏ ਭਾਸ਼ਣ, ਖ਼ਾਸਕਰ ਮੁੜ ਪ੍ਰਧਾਨ ਚੁਣੇ ਗਏ ਜਵਾਹਰਲਾਲ ਨਹਿਰੂ ਦਾ ਪ੍ਰਧਾਨਗੀ ਭਾਸ਼ਣ ਸੁਣਿਆ ਅਤੇ ਤਾੜੀਆਂ ਵਜਾਈਆਂ। ਯੁੱਧ ਉਨ੍ਹਾਂ ਦੇ ਦਿਮਾਗ਼ ’ਤੇ ਭਾਰੂ ਸੀ। ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀ ਸਥਾਪਿਤ ਕਰਨ ਦੀ ਸਮੱਸਿਆ ਨੂੰ ਯੁੱਧ ਵਿਰੋਧ ਤੋਂ ਵੱਖ ਨਹੀਂ ਵੇਖ ਸਕਦੇ... ਅਸੀਂ ਕਿਸੇ ਸਾਮਰਾਜੀ ਯੁੱਧ ਦਾ ਹਿੱਸਾ ਨਹੀਂ ਬਣਾਂਗੇ ਅਤੇ ਨਾ ਹੀ ਇਸ ਯੁੱਧ ਲਈ ਕਿਸੇ ਨੂੰ ਭਾਰਤ ਦੇ ਮਨੁੱਖੀ ਬਲ ਅਤੇ ਇਸਦੇ ਸਾਧਨਾਂ ਦੀ ਵਰਤੋਂ ਕਰਨ ਦੇਵਾਂਗੇ। ਅਜਿਹੀ ਕਿਸੇ ਵੀ ਕੋਸ਼ਿਸ਼ ਦੀ ਅਸੀਂ ਨਿਖੇਧੀ ਕਰਾਂਗੇ।’’
ਕਾਰਵਾਈ ਦੇ ਲਗਭਗ ਅੰਤ ਵਿਚ ਜਵਾਹਰਲਾਲ ਨਹਿਰੂ ਦੁਆਰਾ ਤਿਆਰ ਕੀਤਾ ਸਪੇਨ ਅਤੇ ਯੁੱਧ ਬਾਰੇ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ ਅਤੇ ਮੇਰੇ ਅੰਦਰ ਵਿਦੇਸ਼ੀ ਦੌਰੇ ਦੀ ਰੀਝ ਪੈਦਾ ਕਰ ਦਿੱਤੀ।
ਜਵਾਹਰ ਲਾਲ ਦਾ ਭਾਸ਼ਣ ਸੁਣਦਿਆਂ ਮੈਂ ਫ਼ੈਸਲਾ ਕਰ ਲਿਆ ਕਿ ਭਾਵੇਂ ਕਿੰਨੀਆਂ ਵੀ ਔਕੜਾਂ ਕਿਉਂ ਨਾ ਆਉਣ, ਇਸ ਤੋਂ ਪਹਿਲਾਂ ਕਿ ਯੁੱਧ ਦੇ ਬੱਦਲ ਸਾਰੀ ਦੁਨੀਆ ਨੂੰ ਘੇਰ ਲੈਣ, ਮੈਂ ਵਿਦੇਸ਼ ਦੌਰੇ ਲਈ ਯਤਨ ਕਰਨਾ ਹੈ।
ਬੰਬਈ ਵਾਪਸ ਆ ਕੇ ਸਭ ਤੋਂ ਪਹਿਲਾਂ ਮੈਂ ਬਾਂਬੇ ਟਾਕੀਜ਼ ਤੋਂ ਹੋਈ ਕਮਾਈ ਦੀ ਬੱਚਤ ਤੋਂ ਇਕ ਟਾਈਪ-ਰਾਈਟਰ ਖਰੀਦਿਆ। 75 ਰੁਪਏ ਨਕਦ ਅਤੇ ਬਾਕੀ 130 ਰੁਪਏ ਦਸ ਮਹੀਨੇ ਦੀਆਂ ਕਿਸ਼ਤਾਂ ’ਤੇ ਤੇਰ੍ਹਾਂ ਮਹੀਨਿਆਂ ਵਿਚ ਅਦਾ ਕਰਨੇ ਸਨ। ਫਿਰ ਮੈਂ ਉਹ ਸਾਰੇ ਰੋਜ਼ਾਨਾ, ਹਫ਼ਤਾਵਾਰੀ, ਮਾਸਿਕ ਅਖ਼ਬਾਰ ਰਸਾਲੇ ਖ਼ਰੀਦੇ ਜਿਹੜੇ ਆਪਣੇ ਲੇਖਕਾਂ ਨੂੰ ਸੇਵਾਫਲ ਦਿੰਦੇ ਸਨ। ਉਨ੍ਹਾਂ ਦੀਆਂ ਲੋੜਾਂ ਸਮਝੀਆਂ। ਮੈਂ ਚੁੱਪ-ਚੁਪੀਤੇ ਫ਼ੈਸਲਾ ਕੀਤਾ ਕਿ ਹਰ ਰੋਜ਼ ਨਾਸ਼ਤੇ ਤੋਂ ਪਹਿਲਾਂ ਇਕ ਸੰਖੇਪ ਲੇਖ ਟਾਈਪ ਕਰ ਕੇ ਕਿਸੇ ਨਾ ਕਿਸੇ ਅਖ਼ਬਾਰ ਨੂੰ ਭੇਜਿਆ ਕਰਾਂਗਾ। ਜਦੋਂ ਤਕ ਇਹ ਨਹੀਂ ਕਰ ਲੈਂਦਾ, ਨਾਸ਼ਤੇ ਨੂੰ ਛੂਹਾਂਗਾ ਨਹੀਂ। ਮੇਰਾ ਇਹ ਫ਼ੈਸਲਾ ਸਾਲ ਭਰ ਕਾਇਮ ਰਿਹਾ। ਸਿੱਟਾ ਇਹ ਨਿਕਲਿਆ ਕਿ ਮੇਰੇ ਕਿਉਲਨਿ ਬੈਂਕ ਖਾਤੇ ਵਿਚ ਲਗਭਗ ਚਾਰ ਹਜ਼ਾਰ ਰੁਪਏ ਜਮ੍ਹਾਂ ਹੋ ਗਏ।
ਪੈਸੇ ਬਚਾਉਂਦਿਆਂ ਅਤੇ ਸੰਸਾਰ ਭ੍ਰਮਣ ਦੀ ਯੋਜਨਾ ਬਣਾਉਂਦਿਆਂ ਵੀ ਮੈਂ ਨਾ ਕਦੀ ਆਪਣਾ ਕੰਮ ਅੱਖੋਂ ਪਰੋਖੇ ਕੀਤਾ, ਨਾ ਰਾਜਨੀਤੀ ਦਾ ਅਧਿਐਨ। ਅਸਲ ਵਿਚ ਇਹ ਸਾਰੀਆਂ ਚੀਜ਼ਾਂ ਇਕ ਦੂਜੀ ਨਾਲ ਜੁੜੀਆਂ ਹੋਈਆਂ ਸਨ ਕਿਉਂਕਿ ਮੈਂ ਵਿਸ਼ਵ ਯੁੱਧ ਤੋਂ ਪਹਿਲਾਂ ਸੰਸਾਰ ਦਾ ਵਿਦਿਅਕ ਸਫ਼ਰ ਕਰਨ ਬਾਰੇ ਸੋਚ ਰਿਹਾ ਸੀ। ਮੈਂ ਪ੍ਰਗਤੀਸ਼ੀਲ ਲੇਖਕ ਸਭਾ ਦਾ ਮੈਂਬਰ ਸੀ ਜਿੱਥੇ ਮੇਰੀ ਮੁਲਾਕਾਤ ਮਰਾਠੀ ਲੇਖਕ ਅਨੰਤ ਕੇਰਕਰ ਅਤੇ ਗੁਜਰਾਤੀ ਲੇਖਕਾਂ ਜੇਠੂ ਭਾਈ ਅਤੇ ਬਕੁਲੇਸ਼ ਨਾਲ ਹੋਈ ਸੀ।
ਕਨ੍ਹਈਆ ਲਾਲ ਵਕੀਲ ਦਾ ਦੇਹਾਂਤ ਹੋਇਆ ਤਾਂ ਮੈਨੂੰ ਤਰੱਕੀ ਦੇ ਕੇ ਫਿਲਮ ਆਲੋਚਕ ਬਣਾ ਦਿੱਤਾ ਗਿਆ। ਭਾਰਤ ਵਿਚ ਆਮ ਹੋ ਰਹੀ ਹਾਲੀਵੁੱਡ ਦੀ ਭੰਡੀ ਵਿਰੁੱਧ ਮੇਰਾ ਰੋਹ ਸ਼ਾਂਤ ਕਰਨ ਲਈ, ਉੱਥੋਂ ਦੇ ਸਥਾਨਕ ਪ੍ਰਤੀਨਿਧਾਂ ਨੇ ਮੈਨੂੰ ਹਾਲੀਵੁੱਡ ਸਟੂਡੀਓਜ਼ ਦਾ ਦੌਰਾ ਕਰਨ ਦਾ ਨਿਮੰਤ੍ਰਣ ਦਿੱਤਾ। ਮੇਰੇ ਵਿਦੇਸ਼ ਯਾਤਰਾ ਦੇ ਸ਼ੌਕ ਨੂੰ ਹੁਲਾਰਾ ਦੇਣ ਵਿਚ ਜਨਿ੍ਹਾਂ ਦੋ ਸੱਜਣਾਂ ਦਾ ਯੋਗਦਾਨ ਸੀ, ਉਨ੍ਹਾਂ ਨੂੰ ਮੈਂ ਇੰਟਰਵਿਊ ਕਰ ਚੁੱਕਾ ਸੀ। ਇਹ ਦੋਵੇਂ ਸੱਜਣ ਇਕੋ ਸਮੇਂ ਬੰਬਈ ਆਏ ਹੋਏ ਸਨ। ਤਾਜ ਮਹਿਲ ਹੋਟਲ ਵਿਚ ਠਹਿਰੇ ਹੋਏ ਸਨ। ਇਨ੍ਹਾਂ ਵਿਚ ਇਕ ਸੀ ਸਮਰਸੈੱਟ ਮੌਂਮ ਜਿਸ ਦੀਆਂ ਕਹਾਣੀਆਂ ਨਾਲ ਮੈਂ ਬੜੇ ਚਿਰ ਤੋਂ ਚਾਅ ਨਾਲ ਪੜ੍ਹਦਾ ਆ ਰਿਹਾ ਸੀ। ਸਮਰਸੈੱਟ ਅੱਧਖੜ ਉਮਰ ਦਾ ਸ਼ਰਮਾਕਲ ਆਦਮੀ ਸੀ। ਬੋਲਦਾ ਘੱਟ। ਦੂਜਾ ਸੀ ਜੌਨ ਗੇਥਰ, ਬੇਤਕੱਲੁਫ, ਸ਼ੇਖਚਿੱਲੀ ਜਿਹਾ। ਮੈਂ ਉਸ ਦਾ ਨਾਂਅ ਨਹੀਂ ਸੁਣਿਆ ਸੀ। ਉਸ ਦੀ ਰਚਨਾ ‘ਇਨਸਾਈਡ ਯੂਰਪ’ ਉਨ੍ਹਾਂ ਦੀ ‘ਇਨਸਾਈਡ’ ਪੁਸਤਕ ਲੜੀ ਦੀ ਪਹਿਲੀ ਪੁਸਤਕ ਸੀ ਜਿਸ ਵਿਚ ਵਿਭਿੰਨ ਦੇਸ਼ਾਂ ਅਤੇ ਉੱਥੋਂ ਦੀਆਂ ਜ਼ਿਕਰਯੋਗ ਸ਼ਖ਼ਸੀਅਤਾਂ ਬਾਰੇ ਅੰਤਰਝਾਤ ਪਾਈ ਗਈ ਸੀ। ਦੋਵਾਂ ਇੰਟਰਵਿਊਜ਼ ਨੂੰ ਇਕੱਠੇ ਪ੍ਰਕਾਸ਼ਿਤ ਕਰਨ ਲਈ ਮੈਂ ਸਿਰਲੇਖ ਦਿੱਤਾ- ‘ਸਾਹਿਤ ਦਾ ਸ਼ੇਰ ਅਤੇ ਸਾਹਿਤ ਦਾ ਮੇਮਣਾ’।
ਮੈਂ ਸਮਰਸੈੱਟ ਦੀ ਪੁਸਤਕ ‘ਆਲ ਟੁਗੈਦਰ’ ’ਤੇ ਉਸ ਦੇ ਹਸਤਾਖ਼ਰ ਮੰਗੇ ਤਾਂ ਉਸ ਪੁਸਤਕ ਦੇ ਪਹਿਲੇ ਪੰਨੇ ’ਤੇ ਨਸੀਹਤ ਭਰਿਆ ਵਾਕ ਲਿਖ ਦਿੱਤਾ। ਵਾਕ ਸੀ- ‘‘ਉਨ੍ਹਾਂ ਚੀਜ਼ਾਂ ਬਾਰੇ ਲਿਖੋ ਜਨਿ੍ਹਾਂ ਦਾ ਤੁਹਾਨੂੰ ਗਿਆਨ ਹੈ ਅਤੇ ਓਨੀ ਸਾਦਗੀ ਨਾਲ ਲਿਖੋ ਜਿੰਨੀ ਸੰਭਵ ਹੋਵੇ।’’
ਬਕੁਲੇਸ਼ ਰਾਹੀਂ ਮੈਂ ਅਮਰੀਕੀ ਨਾਵਲਕਾਰ ਅਪਟਨ ਸਿੰਕਲੇਅਰ ਨੂੰ ਤਲਾਸ਼ ਕਰ ਲਿਆ। ਉਹ ਨਿਸ਼ਚੇ ਹੀ ਪ੍ਰਗਤੀਵਾਦੀਆਂ ਦਾ ਮਠਾਧੀਸ਼ ਸੀ। ਮੇਰੀ ਰੀਝ ਸੀ ਕਿ ਮੈਂ ਉਸ ਨੂੰ ਨਿੱਜੀ ਤੌਰ ’ਤੇ ਮਿਲ ਕੇ ਸਾਂਝੇ ਸਰੋਕਾਰਾਂ ’ਤੇ ਗੱਲਬਾਤ ਕਰਾਂ। ਉਨ੍ਹੀਂ ਦਨਿੀਂ ਪਰਲ ਬੱਕ ਅਮਰੀਕਾ ਦੀ ਇਕ ਲੋਕਪ੍ਰਿਯ ਲੇਖਿਕਾ ਸੀ। ਉਸ ਦੇ ‘ਗੁਡ ਅਰਥ’ ਅਤੇ ‘ਸਨਜ਼’ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ। ਅਤੇ ਫਿਰ ਸਿੰਕਲੀਅਰ ਲੁਈਸ, ਸਟੇਨਬੈਕ, ਅਰਨੈਸਟ ਹੈਮਿੰਗਵੇ ਸੀ। ਬਰਨਾਰਡ ਸ਼ਾਅ ਅਤੇ ਸਮਰਸੈੱਟ ਮੌਮ ਜਿਹੇ ਬਰਤਾਨਵੀ ਸਾਹਿਤਕਾਰਾਂ ਦਾ ਸਨਮਾਨ ਆਪਣੀ ਥਾਂ ਪਰ ਕਮਾਲ ਦੀ ਗੱਲ ਇਹ ਸੀ ਕਿ ਮੇਰੀ ਨੌਜਵਾਨ ਪੀੜ੍ਹੀ ਦੇ ਜ਼ਿਆਦਾਤਰ ਲੋਕਾਂ ਦੀ ਪਸੰਦ ਅਮਰੀਕੀ ਸਾਹਿਤਕਾਰ ਸਨ।
ਰਾਜਨੀਤਕ ਮੋਰਚੇ ’ਤੇ ਵੱਡੀ ਖ਼ਬਰ ਇਹ ਸੀ ਕਿ ਕਾਂਗਰਸ ਨੇ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਸੀ। ਜਵਾਹਰਲਾਲ ਨੇ ਪੰਜਾਹ ਹਜ਼ਾਰ ਮੀਲ ਦਾ ਅਨੋਖਾ ਚੋਣ ਪ੍ਰਚਾਰ ਦੌਰਾ ਕਰਨਾ ਸੀ। ਇਸ ਦੌਰੇ ਵਿਚ ਜ਼ਿਆਦਾਤਰ ਸਮੇਂ ਲਈ ਉਨ੍ਹਾਂ ਦਾ ਇਕ ਸਕੱਤਰ ਮਹਿਮੂਦ-ਉਲ-ਜ਼ਫਰ ਉਨ੍ਹਾਂ ਦੇ ਨਾਲ ਸਨ। ਮਗਰੋਂ ਮਹਿਮੂਦ ਕਮਿਊਨਿਸਟ ਕਾਰਜਕਰਤਾ ਬਣ ਗਏ ਸਨ। ਉਨ੍ਹਾਂ ਮੈਨੂੰ ਪੰਡਤ ਜੀ ਦੀਆਂ ਆਦਤਾਂ ਅਤੇ ਤੌਰ-ਤਰੀਕਿਆਂ ਬਾਰੇ ਕਈ ਹੈਰਾਨੀਜਨਕ ਕਹਾਣੀਆਂ ਅਤੇ ਉਨ੍ਹਾਂ ਦੀ ਸੈਕੁਲਰ ਸੋਚ ਨਾਲ ਮੇਰਾ ਪਰੀਚੈ ਕਰਾਇਆ, ਜਿਸਦੀ ਬਦੌਲਤ ਉਨ੍ਹਾਂ ਉਸ ਥਾਂ ’ਤੇ ਖਾਣਾ ਖਾਣ ਤੋਂ ਨਾਂਹ ਕਰ ਦਿੱਤੀ ਸੀ ਜਿੱਥੇ ਉਨ੍ਹਾਂ ਦੇ ਮੁਸਲਮਾਨ ਸਕੱਤਰ ਨੂੰ ਭ੍ਰਿਸ਼ਟ ਸਮਝ ਕੇ ਹੋਰ ਥਾਂ ’ਤੇ ਬੈਠ ਕੇ ਰੋਟੀ ਖਾਣ ਲਈ ਆਖਿਆ ਗਿਆ ਸੀ।
ਕਾਂਗਰਸ ਦੇ ਕਾਨੂੰਨਸਾਜ਼ ਸੰਸਥਾਵਾਂ ਵਿਚ ਜਾਣ ਦੇ ਫ਼ੈਸਲੇ ਦਾ ਮੇਰੇ ਵਿਦੇਸ਼ ਯਾਤਰਾ ਦੇ ਸੁਪਨੇ ਨਾਲ ਸਿੱਧਾ ਸੰਬੰਧ ਸੀ ਕਿਉਂਕਿ ਮੇਰਾ ਨਾਂਅ ਉਨ੍ਹਾਂ ਲੋਕਾਂ ਦੀ ਸੂਚੀ ਵਿਚ ਸ਼ਾਮਿਲ ਸੀ ਜਨਿ੍ਹਾਂ ਦੇ ਵੀਜ਼ੇ ਉੱਤੇ ਪਾਬੰਦੀ ਲੱਗੀ ਹੋਈ ਸੀ। ਮੇਰੇ ਸੰਪਾਦਕ ਨੇ ਮੇਰੇ ਨਾਲ ਇਹ ਵਾਅਦਾ ਕਰ ਛੱਡਿਆ ਸੀ ਕਿ ਜੇ ਕਾਂਗਰਸ ਬੰਬਈ ਦੀਆਂ ਚੋਣਾਂ ਜਿੱਤਦੀ ਹੈ ਅਤੇ ਕੋਈ ਦਰਦਮੰਦ ਵਿਅਕਤੀ ਗ੍ਰਹਿ ਮੰਤਰੀ ਬਣਦਾ ਹੈ ਤਾਂ ਉਹ ਮੈਨੂੰ ਵੀਜ਼ਾ ਲੈ ਦੇਣਗੇ।
ਕਾਂਗਰਸ ਨੂੰ ਜਿੱਤ ਪ੍ਰਾਪਤ ਹੋਈ ਅਤੇ ਬੰਬਈ ਵਿਚ ਕਾਂਗਰਸ ਵਜ਼ਾਰਤ ਨੇ ਸਹੁੰ ਚੁੱਕ ਲਈ। ਮੈਂ ਸੰਪਾਦਕ ਹੋਰਾਂ ਨੂੰ ਯਾਦ ਕਰਾਈ। ਬਰੇਲਵੀ ਸਾਹਿਬ ਨੇ ਗ੍ਰਹਿ ਮੰਤਰੀ ਦੇ ਨਾਂਅ ਇਕ ਲੰਮੀ ਚਿੱਠੀ ਲਿਖ ਕੇ ਮੇਰੇ ਬਨਿੈ ਪੱਤਰ ਦੀ ਸਿਫ਼ਾਰਿਸ਼ ਕੀਤੀ। 1938 ਦੇ ਸ਼ੁਰੂ ਵਿਚ ਮੈਨੂੰ ਪਾਸਪੋਰਟ ਮਿਲ ਗਿਆ ਜਿਸ ਰਾਹੀਂ ਮੈਂ ਯੂ.ਐੱਸ.ਐੱਸ.ਆਰ. ਤੋਂ ਛੁੱਟ ਸਾਰੇ ਦੇਸ਼ਾਂ ਦੀ ਯਾਤਰਾ ਕਰ ਸਕਦਾ ਸੀ। ਮੈਂ ਇਕੱਲਾ ਹੀ ਨਹੀਂ ਹੋਰ ਲੋਕ ਵੀ ਵਿਦੇਸ਼ ਜਾਣ ਦੀ ਮੋਹਲਤ ਮੰਗ ਰਹੇ ਸਨ, ਮੇਰੇ ਵਾਂਗ ਹੀ ਸੋਚ ਰਹੇ ਸਨ। ਕਾਂਗਰਸ ਦਾ ਸੋਸ਼ਲਿਸਟ ਨੇਤਾ ਯੂਸਫ਼ ਮਹਿਰਾਲੀ ਵੀ ਉਨ੍ਹਾਂ ਵਿਚ ਸ਼ਾਮਲ ਸੀ। ਉਸ ਨੇ ਮੈਨੂੰ ਅਗਸਤ ਵਿਚ ਨਿਊਯਾਰਕ ਵਿਚ ਹੋਣ ਵਾਲੀ ਫਾਸ਼ੀਵਾਦ ਵਿਰੋਧੀ ਯੂਥ ਕਾਂਗਰਸ ਵਿਚ ਭਾਗ ਲੈਣ ਦਾ ਸੱਦਾ ਦਿੱਤਾ। ਮੈਂ ਖ਼ੁਸ਼ੀ-ਖ਼ੁਸ਼ੀ ਉਸ ਦੇ ਨਾਲ ਜਾਣਾ ਪ੍ਰਵਾਨ ਕਰ ਲਿਆ। ਮੈਨੂੰ ਕਿਸੇ ਅਜਿਹੇ ਅਵਸਰ ਦੀ ਤਲਾਸ਼ ਸੀ ਜਿਸ ਤੋਂ ਮੇਰੀ ਅਜੇ ਤਕ ਦੀ ਯਾਤਰਾ ਨੂੰ ਕੋਈ ਉਦੇਸ਼, ਕੋਈ ਦਿਸ਼ਾ ਪ੍ਰਾਪਤ ਹੋ ਗਈ।
ਇਸ ਦੌਰਾਨ ਮੈਂ ਸ਼ਿਪਿੰਗ ਲਾਈਨਜ਼ ਬਾਰੇ ਮੁਹਾਰਤ ਹਾਸਲ ਕਰ ਲਈ ਸੀ। ਕੰਪਨੀਆਂ ਵਿਚ ਜ਼ਬਰਦਸਤ ਮੁਕਾਬਲੇਬਾਜ਼ੀ ਚੱਲ ਰਹੀ ਸੀ। ਇਕ ਕੰਪਨੀ ਨੇ ਮੈਨੂੰ 120 ਪੌਂਡ ਵਿਚ ਦੁਨੀਆਂ ਘੁੰਮਣ ਦੀ ਟਿਕਟ ਦੇਣ ਦੀ ਪੇਸ਼ਕਸ਼ ਕੀਤੀ। ਉਦੋਂ ਪੌਂਡ ਚੌਦ੍ਹਾਂ ਰੁਪਏ ਦਾ ਹੁੰਦਾ ਸੀ ਅਤੇ ਡਾਲਰ ਦੀ ਕੀਮਤ ਤਿੰਨ ਰੁਪਏ ਤੋਂ ਵੀ ਘੱਟ ਸੀ। ਯਾਤਰਾ ਕਿਫ਼ਾਇਤੀ ਦਰਜੇ ਵਿਚ ਕਰਨੀ ਸੀ। ਇਸ ਵਿਚ ਵੈਨਕੂਵਰ ਤੋਂ ਨਿਊਯਾਰਕ ਤੱਕ ਜ਼ਮੀਨ ਦੇ ਰਸਤੇ ਪਹਿਲੇ ਦਰਜੇ ਦੀ ਯਾਤਰਾ ਵੀ ਸ਼ਾਮਲ ਸੀ। ਇਸ ਦੇ ਨਾਲ ਇਕ ਦਿੱਕਤ ਵੀ ਸੀ। ਜਹਾਜ਼ ਨੇ ਪੂਰਬਵਰਤੀ ਯਾਤਰਾ ਕਰਨੀ ਸੀ ਅਤੇ ਮੈਂ ਨਿਊਯਾਰਕ ਵਿਚ ਯੂਥ ਕਾਂਗਰਸ ਤੋਂ ਪਹਿਲਾਂ ਯੂਰਪ ਨਹੀਂ ਜਾ ਸਕਦਾ ਸੀ ਜਦੋਂਕਿ ਬਾਕੀ ਦੇ ਡੈਲੀਗੇਟ ਯੂਰਪ ਹੁੰਦੇ ਹੋਇਆਂ ਅਮਰੀਕਾ ਜਾ ਰਹੇ ਸਨ।

ਇਕੱਲੇ ਸਫ਼ਰ ਕਰਨ ਤੋਂ ਮੈਨੂੰ ਰਤਾ ਡਰ ਨਹੀਂ ਲੱਗ ਰਿਹਾ ਸੀ ਪਰ ਇਹ ਸਫ਼ਰ ਉਤਸ਼ਾਹਜਨਕ ਨਜ਼ਰ ਆ ਰਿਹਾ ਸੀ ਅਤੇ ਮੈਂ ਜਾਂਬਾਜ਼ੀ ਦੇ ਰੌਂਅ ਵਿਚ ਸੀ। ਮੈਂ ਆਪਣੀ ਕੁੱਲ ਬਚਤ ਵਿਚੋਂ 170 ਰੁਪਏ ਖਰਚ ਕਰਕੇ ‘ਰਾਉਂਡ ਦਿ ਵਰਲਡ’ ਟਿਕਟ ਖ਼ਰੀਦ ਲਈ। ਹੁਣ ਬੈਂਕ ਵਿਚ ਲਗਭਗ ਦੋ ਹਜ਼ਾਰ ਰੁਪਏ ਬਚੇ ਸਨ।
ਫਿਰ ਮੇਰੀ ਰਵਾਨਗੀ ਤੋਂ ਦੋ ਹਫ਼ਤੇ ਪਹਿਲਾਂ, ਠੀਕ ਉਸੇ ਦਨਿ, ਜਿਸ ਦਨਿ ਮੈਂ ਆਪਣੇ ਮਾਤਾ-ਪਿਤਾ ਅਤੇ ਭੈਣਾਂ ਨੂੰ ਅਲਵਿਦਾ ਆਖਣ ਲਈ ਆਪਣੇ ਜੱਦੀ ਸ਼ਹਿਰ ਪਾਨੀਪਤ ਜਾ ਰਿਹਾ ਸੀ, ਟ੍ਰਾਵਨਕੋਰ ਅਤੇ ਕੋਲੀਅਨ ਬੈਂਕ ਡੁੱਬ ਗਏ। ਇਕ ਉਤੇਜਨਾਪੂਰਨ ਪਲ ਵਿਚ ਮੇਰੀ ਸਾਰੀ ਬੱਚਤ ਡੁੱਬ ਗਈ।
ਹੁਣ ਮੇਰੇ ਕੋਲ ਕੇਵਲ ਸਟੀਮਰ ਦਾ ‘ਰਾਉਂਡ ਦਿ ਵਰਲਡ’ ਟਿਕਟ ਸੀ...!
- ਖ਼ਵਾਜਾ ਅਹਿਮਦ ਅੱਬਾਸ ਦੀ ਲਿਖੀ ਪੁਸਤਕ ‘ਟਾਪੂ ਨਹੀਂ ਹਾਂ ਮੈਂ’ (ਅਨੁਵਾਦਕ: ਡਾ. ਨਰੇਸ਼; ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ) ਵਿਚੋਂ

Advertisement