ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ
ਹਤਿੰਦਰ ਮਹਿਤਾ
ਜਲੰਧਰ, 27 ਨਵੰਬਰ
ਇਥੇ ਇਲਾਕੇ ਵਿੱਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਜਲੰਧਰ ਸ਼ਹਿਰ ਵਿਚ ਸਿੰਘ ਸਭਾ ਗੁਰਦੁਆਰਾ ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਸੈਂਟਰਲ ਟਾਊਨ, ਆਦਰਸ਼ ਨਗਰ, ਲੰਬਾ ਪਿੰਡ, ਪ੍ਰੀਤ ਨਗਰ, ਅਮਨ ਨਗਰ ਤੇ ਹੋਰ ਥਾਵਾਂ ’ਤੇ ਗੁਰਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਲਈ ਲੰਗਰ ਲਗਾਏ ਗਏ। ਇਸੇ ਤਰ੍ਹਾਂ ਆਦਮਪੁਰ, ਜਮਸ਼ੇਰ, ਰਹੀਮਪੁਰ, ਨਕੋਦਰ, ਹਰੀਪੁਰ, ਪੰਡੋਰੀ ਨਿੱਜਰਾਂ, ਡਰੋਲੀ ਕਲਾਂ, ਕੰਦੋਲਾ, ਕਠਾਰ, ਜੰਡੂਸਿੰਘਾ, ਅਰਜਣਵਾਲ, ਅਲਾਵਲਪੁਰ, ਮਹਿਮਦਪੁਰ, ਖਿੱਚੀਪੁਰ, ਜੋਹਲਾਂ, ਹਜਾਰਾ ਪਿੰਡ, ਬਿਆਸ ਪਿੰਡ ਤੇ ਹੋਰ ਥਾਵਾਂ ’ਤੇ ਵੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਗੁਰੂਘਰਾਂ ਵਿੱਚ ਨਤਮਸਤਕ ਹੋਈ। ਇਸ ਮੌਕੇ ਸੰਗਤਾਂ ਵੱਲੋਂ ਨਗਰ ਕੀਰਤਨ ਵੀ ਸਜਾਏ ਗਏ। ਰਾਗੀ ਸਿੰਘਾਂ ਵਲੋਂ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਜੋੜਿਆ ਗਿਆ ਤੇ ਗੁਰੂ ਨਾਨਕ ਦੇਵ ਜੀ ਵਲੋਂ ਦੱਸੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਗੁਰਦੁਆਰਿਆਂ ਵਿਚ ਦੀਪਮਾਲਾ ਵੀ ਕੀਤੀ ਗਈ ਤੇ ਕਈ ਥਾਵਾਂ ’ਤੇ ਅਤਿਸ਼ਬਾਜੀ ਹੋਈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਗਤਾਂ ਹੁੰਮ ਹੁਮਾ ਕੇ ਗੁਰੂਘਰਾਂ ਵਿੱਚ ਪੁੱਜੀਆਂ ਅਤੇ ਕੀਰਤਨ ਸਰਵਣ ਕੀਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸੇ ਤਰ੍ਹਾਂ ਗੁਰਦੁਆਰਾ ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਵਿਖੇ ਵੀ ਸਮਾਗਮ ਹੋਇਆ। ਸੀਮਾ ਸੁਰੱਖਿਆ ਬਲ ਦੇ ਸਹਾਇਕ ਸਿੱਖਿਆ ਕੇਂਦਰ ਖੜਕਾਂ ਕੈਂਪ ’ਚ ਸਥਿਤ ਗੁਰੂਘਰ ’ਚ ਪ੍ਰਕਾਸ਼ ਪੁਰਬ ਮਨਾਇਆ।
ਤਰਨ ਤਾਰਨ (ਗੁਰਬਖਸ਼ਪੁਰੀ): ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਅੱਜ ਤਰਨ ਤਾਰਨ ਦੇ ਦਰਬਾਰ ਸਾਹਿਬ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ| ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਭਾਈ ਰਣਜੀਤ ਸਿੰਘ ਚੰਡੀਗੜ੍ਹ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਗੁਰੂਘਰਾਂ ਵਿੱਚ ਹੋਏ ਨਤਮਸਤਕ
ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਦੇ ਵੱਖ-ਵੱਖ ਗੁਰੂਘਰਾਂ ਵਿੱਚ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਨ੍ਹਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ ਸਣੇ ਵੱਖ-ਵੱਖ ਥਾਵਾਂ ’ਤੇ ਗੁਰਪੁਰਬ ਸਬੰਧੀ ਕਰਵਾਏ ਗਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ। ਸ੍ਰੀ ਰਿੰਕੂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਪਵਿੱਤਰ ਹੈ, ਜਿਸ ਨੂੰ ਸਿਰਫ਼ ਪੰਜਾਬ ਵਿੱਚ ਨਹੀਂ ਬਲਕਿ ਦੇਸ਼-ਵਿਦੇਸ਼ਾਂ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਇਸ ਪਵਿੱਤਰ ਦਿਵਸ ’ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਹਿਲੀ ਮੁਫ਼ਤ ਰੇਲ ਗੱਡੀ ਸਚਖੰਚ ਸ੍ਰੀ ਹਜ਼ੂਰ ਸਾਹਿਬ ਲਈ ਚਲਾਈ ਗਈ ਹੈ।